ਵੱਡੀ ਖ਼ਬਰ : ਹਾਈ ਕੋਰਟ ਵੱਲੋਂ ਕੁਮਾਰ ਵਿਸ਼ਵਾਸ ਅਤੇ ਤਜਿੰਦਰ ਸਿੰਘ ਬੱਗਾ ਖਿਲਾਫ਼ ਦਰਜ਼ ਮਾਮਲੇ ਰੱਦ ਕਰਨ ਦੇ ਹੁਕਮ
ਚੰਡੀਗੜ੍ਹ, 12 ਅਕਤੂਬਰ : ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਮ ਆਦਮੀ ਪਾਰਟੀ ਖਿਲਾਫ ਕੀਤੀਆਂ ਟਿੱਪਣੀਆਂ ਮਾਮਲੇ ’ਚ ਕਵੀ ਕੁਮਾਰ ਵਿਸਵਾਸ ਅਤੇ ਦਿੱਲੀ ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਖਿਲਾਫ ਦਰਜ ਐਫਆਈਆਰ ਰੱਦ ਕਰ ਦਿੱਤੀ ਹੈ।
ਦਰਅਸਲ ਦੋਵਾਂ ਨੇ ਹੀ ਪਰਚੇ ਰੱਦ ਕਰਨ ਦੀ ਮੰਗ ਕੀਤੀ ਸੀ। ਇਹ ਜਾਣਕਾਰੀ ਕੁਮਾਰ ਵਿਸ਼ਵਾਸ ਦੇ ਵਕੀਲ ਨੇ ਦਿੱਤੀ ਹੈ। ਹਾਈ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਨੇ ਕਿਹਾ- ਸੱਚਾਈ ਦੀ ਜਿੱਤ ਹੋਈ ਹੈ।
ਵਰਣਨਯੋਗ ਹੈ ਕਿ ਕੁਮਾਰ ਵਿਸ਼ਵਾਸ ’ਤੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਇਸੇ ਸਾਲ 12 ਅਪ੍ਰੈਲ ਨੂੰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਖਿਲਾਫ ਕਥਿਤ ਤੌਰ ’ਤੇ ਭੜਕਾਊ ਬਿਆਨ ਦੇਣ ਲਈ ਰੂਪਨਗਰ ’ਚ ਮਾਮਲਾ ਦਰਜ ਕੀਤਾ ਸੀ। ਉਨ੍ਹਾਂ ’ਤੇ ਧਰਮ ਅਤੇ ਨਸਲ ਦੇ ਆਧਾਰ ’ਤੇ ਦੁਸ਼ਮਣੀ ਪੈਦਾ ਕਰਨ ਦਾ ਦੋਸ਼ ਲਗਾਇਆ ਗਿਆ ਸੀ।
ਕੁਮਾਰ ਵਿਸਵਾਸ ਨੇ ਇਸ ਕਾਰਵਾਈ ਖਿਲਾਫ਼ ਹਾਈ ਕੋਰਟ ਦਾ ਰੁਖ ਕੀਤਾ ਸੀ। ਉਨ੍ਹਾਂ ਅਪਰਾਧਿਕ ਕਾਰਵਾਈ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਜਸਟਿਸ ਅਨੂਪ ਚਿਤਕਾਰਾ ਦੀ ਬੈਂਚ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਸੀ। ਪਟੀਸਨ ’ਚ ਕਾਨੂੰਨੀ ਪ੍ਰਕਿਰਿਆ ਦੀ ਦੁਰਵਰਤੋਂ ਦਾ ਆਰੋਪ ਲਗਾਇਆ ਗਿਆ ਅਤੇ ਇਸ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਗਿਆ ਸੀ।