ਦਲਜੀਤ ਕੌਰ
ਸੰਗਰੂਰ, 13 ਮਾਰਚ, :
ਸੰਗਰੂਰ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਸੀਵਰੇਜ ਦੀ ਸਮੱਸਿਆ ਦੇ ਸਥਾਈ ਹੱਲ ਲਈ ਅੱਜ ਐਮ.ਐਲ.ਏ ਸੰਗਰੂਰ ਨਰਿੰਦਰ ਕੌਰ ਭਰਾਜ ਨੇ 8.41 ਲੱਖ ਰੁਪਏ ਦੇ ਡੀ-ਸਿਲਟਿੰਗ ਆਫ ਸੀਵਰ ਅਤੇ ਸੀਵਰ ਲਾਈਨਾਂ ਦੀ ਮੁਰੰਮਤ ਦੇ ਪ੍ਰੋਜੈਕਟ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਉਨ੍ਹਾਂ ਕਿਹਾ ਕਿ ਅਸੀਂ ਵਿਕਾਸ ਕਾਰਜਾਂ ਦੀ ਲੜੀ ਨੂੰ ਲਗਾਤਾਰ ਜਾਰੀ ਰੱਖ ਰਹੇ ਹਾਂ ਅਤੇ ਸਾਡਾ ਮਕਸਦ ਸਿਰਫ਼ ਲੋਕ ਸੇਵਾ ਹੈ। ਉਹਨਾ ਕਿਹਾ ਕਿ ਸਿਵਲ ਹਸਪਤਾਲ ਦੇ ਨਾਲ ਹੀ ਹੋਮੀ ਭਾਬਾ ਕੈਂਸਰ ਹਸਪਤਾਲ ਹੈ ਅਤੇ ਰੋਜ਼ਾਨਾ ਵੱਡੀ ਗਿਣਤੀ ਮਰੀਜਾਂ ਤੇ ਹੋਰ ਲੋੜਵੰਦਾਂ ਦੇ ਆਉਣ ਕਾਰਨ ਏਥੇ ਸੀਵਰੇਜ ਸਿਸਟਮ ਵਿਚ ਸੁਧਾਰ ਕਰਨਾ ਸਮੇਂ ਦੀ ਲੋੜ ਬਣ ਗਿਆ ਸੀ। ਉਨ੍ਹਾਂ ਕਿਹਾ ਕਿ ਸੀਵਰੇਜ ਅਕਸਰ ਓਵਰ ਫਲੋ ਹੋ ਜਾਂਦਾ ਸੀ ਜਿਸ ਕਾਰਨ ਇਨ੍ਹਾਂ ਦੋਵਾਂ ਹਸਪਤਾਲਾਂ ਵਿੱਚ ਸਮੱਸਿਆ ਪੈਦਾ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਇਸ ਜਗ੍ਹਾ ਉੱਤੇ ਸੀਵਰ ਦੀ ਲਾਈਨ ਬਹੁਤ ਪੁਰਾਣੀ ਪਈ ਹੋਈ ਹੈ ਅਤੇ ਸੀਵਰ ਦੀ ਨਿਯਮਤ ਤੌਰ ਉੱਤੇ ਸਫਾਈ ਨਾ ਹੋਣ ਕਾਰਨ ਇਹ ਸਮੱਸਿਆ ਗੰਭੀਰ ਰੂਪ ਧਾਰਨ ਕਰ ਰਹੀ ਸੀ।
ਉਨ੍ਹਾਂ ਕਿਹਾ ਕਿ ਇਸ ਸੀਵਰ ਲਾਈਨ ਦੀ ਡੀ ਸਿਲਟਿੰਗ ਤੇ ਮੁਰੰਮਤ ਅੱਜ ਤੋਂ ਆਰੰਭ ਹੋ ਗਈ ਹੈ ਜੋ ਕਿ ਇਕ ਮਹੀਨੇ ਅੰਦਰ ਮੁੰਕਮਲ ਹੋ ਜਾਵੇਗੀ। ਵਿਧਾਇਕ ਨੇ ਇਹ ਵੀ ਦਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਜਲਦੀ ਹੀ ਸਿਵਲ ਹਸਪਤਾਲ ਸੰਗਰੂਰ ਨੂੰ ਅਪਗਰੇਡ ਕੀਤਾ ਜਾਵੇਗਾ ਅਤੇ ਇਸ ਦੌਰਾਨ ਏਥੇ ਨਵੀਂ ਸੀਵਰ ਲਾਈਨ ਪਾਈ ਜਾਵੇਗੀ।
ਇਸ ਮੌਕੇ ਸਿਵਲ ਸਰਜਨ ਡਾਕਟਰ ਕਿਰਪਾਲ ਸਿੰਘ ਸਮੇਤ ਹੋਰ ਅਧਿਕਾਰੀ ਤੇ ਪਾਰਟੀ ਵਰਕਰ ਹਾਜ਼ਰ ਸਨ।