ਚੰਡੀਗੜ੍ਹ, 23ਅਕਤੂਬਰ ( ਰਾਖਾ ਪ੍ਰਭ ਬਿਉਰੋ ) ਧੂਰੀ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਦਲਬੀਰ ਗੋਲਡੀ ਨੇ ਸਿਆਸੀ ਪਾਰਟੀਆਂ ਤੋਂ ਦੂਰੀ ਬਣਾ ਲਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਹੁਣ ਕਿਸੇ ਪਾਰਟੀ ਦਾ ਹਿੱਸਾ ਨਹੀਂ ਹਨ। ਦਲਬੀਰ ਗੋਲਡੀ ਨੇ ਇੱਕ ਨਿੱਜੀ ਚੈੱਨਲ ਨੂੰ ਦਿੱਤੇ ਆਪਣੇ ਇੰਟਰਵਿਊ ਵਿੱਚ ਕਿਹਾ ਕਿ ਉਹਨਾਂ ਨੇ ਆਪ ਨੂੰ ਛੱਡ ਦਿੱਤਾ ਹੈ, ਤੇ ਉਹ ਕਈ ਮਹੀਨਿਆਂ ਤੋਂ ਪਾਰਟੀ ਦੀ ਕਿਸੇ ਵੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਹੋ ਰਹੇ ਹਨ। ਫਿਲਹਾਲ ਮੈਂ ਸਾਰੀਆਂ ਪਾਰਟੀਆਂ ਤੋਂ ਦੂਰੀ ਬਣਾਈ ਹੋਈ ਹੈ। ਉਹਨਾਂ ਨੇ ਕਿਹਾ ਕਿ ਮੈਂ ਆਪਣਾ ਹਲਕਾ ਧੂਰੀ ਛੱਡ ਕਿਸੇ ਹੋਰ ਥਾਂ ਉਤੇ ਨਹੀਂ ਜਾਵਾਂਗਾ। ਉਹਨਾਂ ਨੇ ਕਿਹਾ ਕਿ ਜੇਕਰ 2027 ਵਿੱਚ ਮੈਨੂੰ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਚੋਣ ਲੜਨੀ ਪਈ ਤਾਂ ਮੈਂ ਜ਼ਰੂਰ ਲੜਾਂਗਾ। ਜ਼ਿਕਰਯੋਗ ਹੈ ਕਿ ਇਸ ਸਾਲ ਮਈ ਵਿੱਚ ਦਲਵੀਰ ਸਿੰਘ ਗੋਲਡੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਗੋਲਡੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਸੀ। ਦਲਵੀਰ ਗੋਲਡੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਚੋਣ ਲੜੀ ਸੀ। ਉਸ ਸਮੇਂ ਉਹ ਧੂਰੀ ਤੋਂ ਵਿਧਾਇਕ ਸਨ ਅਤੇ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦਿੱਤੀ ਸੀ।