ਵਿਸ਼ਵ ਕੱਪ ਤੋਂ ਪਹਿਲਾਂ ਟੀਮ ਇੰਡੀਆ ਨੂੰ ਲੱਗਿਆ ਇਕ ਹੋਰ ਝਟਕਾ, ਇਹ ਖਿਡਾਰੀ ਹੋਇਆ ਬਾਹਰ
ਨਵੀਂ ਦਿੱਲੀ, 12 ਅਕਤੂਬਰ : ਵਿਸ਼ਵ ਕੱਪ ਤੋਂ ਪਹਿਲਾਂ ਟੀਮ ਇੰਡੀਆ ਨੂੰ ਇਕ ਹੋਰ ਝਟਕਾ ਲੱਗਿਆ ਹੈ। ਦਰਅਸਲ ਦੀਪਕ ਚਾਹਰ ਦੀ ਸੱਟ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ, ਜੋ ਦੱਖਣੀ ਅਫ਼ਰੀਕਾ ਖ਼ਿਲਾਫ਼ ਸੀਰੀਜ਼ ’ਚ ਸੱਟ ਕਾਰਨ ਬਾਹਰ ਹੋ ਗਿਆ ਸੀ। ਸਪੋਰਟਸ ਟਾਕ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਦੀਪਕ ਚਾਹਰ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਹੈ। ਉਸ ਨੂੰ ਵਿਸ਼ਵ ਕੱਪ ਟੀਮ ’ਚ ਸਟੈਂਡ ਬਾਏ ਵਜੋਂ ਸ਼ਾਮਲ ਕੀਤਾ ਗਿਆ ਸੀ।
ਰਵਿੰਦਰ ਜਡੇਜਾ ਅਤੇ ਜਸਪ੍ਰੀਤ ਬੁਮਰਾਹ ਦੇ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਣ ਤੋਂ ਬਾਅਦ ਦੀਪਕ ਚਾਹਰ ਸੱਟ ਕਾਰਨ ਵਿਸ਼ਵ ਕੱਪ ਤੋਂ ਬਾਹਰ ਹੋਣ ਵਾਲੇ ਤੀਜੇ ਖਿਡਾਰੀ ਹਨ। ਹਾਲ ਹੀ ਦੇ ਕੁਝ ਮੈਚਾਂ ’ਚ ਜਿਸ ਤਰ੍ਹਾਂ ਨਾਲ ਉਸ ਨੇ ਨਵੀਂ ਗੇਂਦ ਨਾਲ ਗੇਂਦਬਾਜ਼ੀ ਕੀਤੀ ਸੀ, ਉਸ ਤੋਂ ਅਜਿਹੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਉਹ ਬੁਮਰਾਹ ਦੀ ਜਗ੍ਹਾ ਲੈ ਸਕਦਾ ਹੈ ਪਰ ਹੁਣ ਖ਼ਬਰਾਂ ਮੁਤਾਬਕ ਮੁਹੰਮਦ ਸ਼ਮੀ ਨੇ ਐਨਸੀਏ ਦਾ ਫਿਟਨੈਸ ਟੈਸਟ ਪਾਸ ਕਰ ਲਿਆ ਹੈ ਅਤੇ ਉਹ ਆਸਟ੍ਰੇਲੀਆ ਲਈ ਉਡਾਣ ਭਰਨ ਲਈ ਤਿਆਰ ਹੈ। ਜਲਦੀ ਹੀ ਬੁਮਰਾਹ ਦੀ ਜਗ੍ਹਾ ਉਨ੍ਹਾਂ ਦੇ ਨਾਂ ਦਾ ਅਧਿਕਾਰਤ ਐਲਾਨ ਕੀਤਾ ਜਾਵੇਗਾ। ਉਸ ਨਾਲ ਮੁਹੰਮਦ ਸਿਰਾਜ ਅਤੇ ਸ਼ਾਰਦੂਲ ਠਾਕੁਰ ਵੀ ਆਸਟ੍ਰੇਲੀਆ ਲਈ ਰਵਾਨਾ ਹੋਣਗੇ।
ਦੀਪਕ ਚਾਹਰ ਦੇ ਬਾਹਰ ਹੋਣ ਤੋਂ ਬਾਅਦ ਦੱਖਣੀ ਅਫਰੀਕਾ ਖਿਲਾਫ ਸ਼ਾਨਦਾਰ ਗੇਂਦਬਾਜ਼ੀ ਕਰਨ ਵਾਲੇ ਗੇਂਦਬਾਜ਼ ਸ਼ਾਰਦੂਲ ਠਾਕੁਰ ਨੂੰ ਉਨ੍ਹਾਂ ਦੀ ਜਗ੍ਹਾ ਰਿਜ਼ਰਵ ਖਿਡਾਰੀ ਦੇ ਰੂਪ ’ਚ ਸ਼ਾਮਲ ਕੀਤਾ ਗਿਆ ਹੈ। ਹਾਲ ਹੀ ’ਚ ਉਸ ਨੇ ਵਿਸ਼ਵ ਕੱਪ ਟੀਮ ’ਚ ਖ਼ੁਦ ਨੂੰ ਮੌਕਾ ਨਾ ਮਿਲਣ ’ਤੇ ਨਿਰਾਸ਼ਾ ਜ਼ਾਹਿਰ ਕੀਤੀ ਸੀ। ਸ਼ਾਰਦੂਲ ਤੋਂ ਇਲਾਵਾ ਮੁਹੰਮਦ ਸਿਰਾਜ ਵੀ ਪਹਿਲੀ ਟੀਮ ਦਾ ਹਿੱਸਾ ਨਹੀਂ ਸਨ।
ਚਾਹਰ ਦੇ ਜ਼ਖਮੀ ਹੋਣ ਦੀ ਖਬਰ ਦੱਖਣੀ ਅਫਰੀਕਾ ਖਿਲਾਫ ਤੀਜੇ ਟੀ-20 ਮੈਚ ਤੋਂ ਬਾਅਦ ਸਾਹਮਣੇ ਆਈ ਹੈ। ਉਸ ਨੂੰ ਪਿੱਠ ਦੀ ਸੱਟ ਕਾਰਨ ਦੱਖਣੀ ਅਫਰੀਕਾ ਖਿਲਾਫ਼ ਪਹਿਲੇ ਵਨਡੇ ’ਚ ਸ਼ਾਮਲ ਨਹੀਂ ਕੀਤਾ ਗਿਆ ਸੀ। ਵਾਸ਼ਿੰਗਟਨ ਸੁੰਦਰ ਨੂੰ ਆਲ ਇੰਡੀਆ ਸੀਨੀਅਰ ਸਿਲੈਕਸ਼ਨ ਕਮੇਟੀ ਨੇ ਵਨਡੇ ਸੀਰੀਜ਼ ਲਈ ਉਸ ਦੀ ਜਗ੍ਹਾ ’ਤੇ ਸ਼ਾਮਲ ਕੀਤਾ ਸੀ। ਇਸ ਤੋਂ ਬਾਅਦ ਦੀਪਕ ਚਾਹਰ ਐਨਸੀਏ ’ਚ ਚਲਾ ਗਿਆ ਸੀ ਅਤੇ ਹੁਣ ਉਸ ਦੇ ਵਿਸ਼ਵ ਕੱਪ ਤੋਂ ਬਾਹਰ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।