ਦੇਸ਼ ਦੇ ਟਾਪ-10 ਸਕੂਲਾਂ ’ਚ ਦਿੱਲੀ ਦੇ 5 ਸਰਕਾਰੀ ਸਕੂਲ ਸ਼ਾਮਲ, ਪੜੋ ਪੂਰੀ ਖ਼ਬਰ
ਨਵੀਂ ਦਿੱਲੀ, 12 ਅਕਤੂਬਰ : ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਸਰਕਾਰੀ ਸਕੂਲਾਂ ਦੀ ਤਾਜਾ ਦਰਜਾਬੰਦੀ ’ਚ ਦਿੱਲੀ ਦੇ 5 ਸਰਕਾਰੀ ਸਕੂਲ ਸ਼ਾਮਲ ਹਨ। ਇਨ੍ਹਾਂ ਸਕੂਲਾਂ ਨੂੰ ਦੇਸ਼ ਦੇ ਸਿਖਰਲੇ 10 ਰਾਜ ਸੰਚਾਲਿਤ ਸਕੂਲਾਂ ਦੀ ਸ੍ਰੇਣੀ ’ਚ ਪਹਿਲੇ, ਦੂਜੇ, 9ਵੇ (2 ਸਕੂਲ) ਅਤੇ 10ਵੇਂ ਸਥਾਨ ’ਤੇ ਰੱਖਿਆ ਗਿਆ ਹੈ।
ਰਾਜਕਿਆ ਪ੍ਰਤਿਭਾ ਵਿਕਾਸ ਵਿਦਿਆਲਿਆ (ਆਰਪੀਵੀਵੀ) ਸੈਕਟਰ 10 ਦਵਾਰਕਾ ਸਿੱਖਿਆ ਡਾਇਰੈਕਟੋਰੇਟ, ਰਾਸਟਰੀ ਰਾਜਧਾਨੀ ਖੇਤਰ ਦਿੱਲੀ ਸਰਕਾਰ ਦੇ ਅਧੀਨ 1048 ਅੰਕਾਂ ਨਾਲ ਪਹਿਲੇ ਸਥਾਨ ’ਤੇ ਹੈ, ਜਦੋਂ ਕਿ ਆਰਪੀਵੀਵੀ ਯਮੁਨਾ ਵਿਹਾਰ 1045 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ।
ਇਸ ਦੇ ਨਾਲ ਹੀ 9ਵੇਂ ਸਥਾਨ ’ਤੇ 995 ਅੰਕਾਂ ਨਾਲ ਤਿੰਨ ਸਕੂਲ, ਦਿੱਲੀ ਦੇ ਸੈਕਟਰ-1 ਰੋਹਿਣੀ ਅਤੇ ਸੈਕਟਰ-5 ਦਵਾਰਕਾ ਦੇ ਆਰਪੀਵੀਵੀ ਅਤੇ ਟੀਟੀ ਨਗਰ ਭੋਪਾਲ ਦੇ ਮਾਡਲ ਸਕੂਲ ਹਨ। ਇਸ ਤੋਂ ਇਲਾਵਾ 992 ਦੇ ਸਕੋਰ ਨਾਲ 10ਵੇਂ ਸਥਾਨ ’ਤੇ ਸੂਰਜਮਲ ਵਿਹਾਰ ਦਿੱਲੀ ਸਥਿਤ ਆਰ.ਪੀ.ਵੀ.ਵੀ. ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਚਲਾਏ ਜਾ ਰਹੇ ਸਕੂਲਾਂ ਦੀ ਸ੍ਰੇਣੀ ’ਚ ਪਹਿਲੇ 2 ਸਥਾਨਾਂ ਦੇ ਨਾਲ-ਨਾਲ ਕੁੱਲ 5 ਸਕੂਲਾਂ ’ਚ ਸਿੱਖਿਆ ਵਿਭਾਗ ਦੇ ਸਾਰੇ ਕਰਮਚਾਰੀਆਂ ਅਤੇ ਅਧਿਆਪਕਾਂ ਨੂੰ ਟਵੀਟ ਕਰਕੇ ਵਧਾਈ ਦਿੱਤੀ ਹੈ।
ਦੂਜੇ ਪਾਸੇ ਕੇਂਦਰੀ ਸਕੂਲਾਂ ਦੀ ਸ੍ਰੇਣੀ ’ਚ ਪਹਿਲੇ ਸਥਾਨ ’ਤੇ ਰਹੇ ਆਰਮੀ ਪਬਲਿਕ ਸਕੂਲ ਦੀਆਂ ਦੋ ਸਾਖਾਵਾਂ ਹਨ, ਜੋ ਕਿ ਦੱਖਣੀ ਕਮਾਂਡ ਪੁਣੇ ਅਤੇ ਦਿੱਲੀ ਕੈਂਟ ’ਚ ਸਥਿਤ ਹਨ। ਇਨ੍ਹਾਂ ਦੋਵਾਂ ਸਕੂਲਾਂ ਦਾ ਸਕੋਰ 1127 ਹੈ। 1126 ਸਕੋਰ ਨਾਲ ਦੂਜੇ ਸਥਾਨ ’ਤੇ ਧੌਲਾ ਕੁਆਂ, ਦਿੱਲੀ ਸਥਿਤ ਆਰਮੀ ਪਬਲਿਕ ਸਕੂਲ ਹੈ। ਇਸ ਦੇ ਨਾਲ ਹੀ ਤੀਸਰਾ ਸਥਾਨ ਮੁੰਬਈ ਦੇ ਕੋਲਾਬਾ ਸਥਿਤ ਨੇਵੀ ਚਿਲਡਰਨ ਸਕੂਲ ਹੈ, ਜਿਸ ਦਾ ਸਕੋਰ 1124 ਹੈ।