ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਆਸ਼ਾ ਪਾਰਿਖ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਕੀਤਾ ਸਨਮਾਨਿਤ
ਨਵੀਂ ਦਿੱਲੀ, 1 ਅਕਤੂਬਰ : ਉੱਘੀ ਅਦਾਕਾਰਾ ਆਸ਼ਾ ਪਾਰਿਖ ਨੂੰ ਸ਼ੁੱਕਰਵਾਰ ਨੂੰ ਭਾਰਤੀ ਸਿਨੇਮਾ ਦੇ ਖੇਤਰ ’ਚ ਸਭ ਤੋਂ ਵੱਡੇ ਸਨਮਾਨ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਪਾਰਿਖ ਨੂੰ ਇੱਥੇ ਵਿਗਿਆਨ ਭਵਨ ’ਚ ਹੋਏ 68ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਦੌਰਾਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਪੁਰਸਕਾਰ ਦਿੱਤਾ।
ਪਾਰਿਖ ਨੇ ਕਿਹਾ ਕਿ ਉਹ ਆਪਣੇ 80ਵੇਂ ਜਨਮ ਦਿਨ ਤੋਂ ਇਕ ਦਿਨ ਪਹਿਲਾਂ ਵੱਕਾਰੀ ਪੁਰਸਕਾਰ ਪ੍ਰਾਪਤ ਕਰਨ ਲਈ ਧੰਨਵਾਦੀ ਹੈ। ਦਾਦਾ ਸਾਹਿਬ ਫਾਲਕੇ ਪੁਰਸਕਾਰ ਪ੍ਰਾਪਤ ਕਰਨਾ ਇਕ ਬਹੁਤ ਵੱਡਾ ਸਨਮਾਨ ਹੈ। ਇਹ ਮੈਨੂੰ ਬਹੁਤ ਧੰਨਵਾਦੀ ਬਣਾਉਂਦਾ ਹੈ ਕਿ ਇਹ ਮਾਨਤਾ ਮੇਰੇ 80ਵੇਂ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਮੈਨੂੰ ਮਿਲੀ ਹੈ
ਪਾਰਿਖ ਨੇ ਕਿਹਾ, ‘ਇਹ ਸਭ ਤੋਂ ਉੱਤਮ ਸਨਮਾਨ ਹੈ ਜੋ ਮੈਨੂੰ ਭਾਰਤ ਸਰਕਾਰ ਤੋਂ ਮਿਲਿਆ ਹੈ। ਮੈਂ ਜਿਊਰੀ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਉਨ੍ਹਾਂ ਨੇ ਮੈਨੂੰ ਜਿਹਡੀ ਮਾਨਤਾ ਦਿੱਤੀ ਹੈ।
ਭਾਰਤੀ ਫਿਲਮ ਉਦਯੋਗ ਨੂੰ ਸਭ ਤੋਂ ਵਧੀਆ ਸਥਾਨ ਦੱਸਦਿਆਂ ਅਦਾਕਾਰਾ ਨੇ ਕਿਹਾ ਕਿ ਉਹ 60 ਸਾਲਾਂ ਬਾਅਦ ਵੀ ਆਪਣੇ ਛੋਟੇ ਜਿਹੇ ਤਰੀਕੇ ਨਾਲ ਫਿਲਮਾਂ ਨਾਲ ਜੁੜੇ ਹੋਏ ਹਨ।
ਉਨ੍ਹਾਂ ਕਿਹਾ, ‘ਸਾਡੀ ਫਿਲਮ ਉਦਯੋਗ ’ਚ ਆਉਣ ਲਈ ਸਭ ਤੋਂ ਵਧੀਆ ਜਗ੍ਹਾ ਹੈ ਅਤੇ ਮੈਂ ਇਸ ਉਦਯੋਗ ’ਚ ਰਹਿਣ ਵਾਲੇ ਨੌਜਵਾਨਾਂ ਨੂੰ ਦਿ੍ਰੜਤਾ, ਅਨੁਸ਼ਾਸਨ ’ਤੇ ਆਧਾਰਿਤ ਹੋਣ ਦਾ ਸੁਝਾਅ ਦੇਣਾ ਚਾਹਾਂਗੀ ਅਤੇ ਮੈਂ ਅੱਜ ਰਾਤ ਸਾਰੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੰਦੀ ਹਾਂ।
ਸਿਨੇਮਾ ਦੇ ਪ੍ਰਤੀਕ ਨੂੰ ਵਧਾਈ ਦਿੰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਪਾਰਿਖ ਨੂੰ ਪੁਰਸਕਾਰ ਮਹਿਲਾ ਸ਼ਕਤੀ ਲਈ ਵੀ ਇਕ ਸਨਮਾਨ ਹੈ।
ਮੁਰਮੂ ਨੇ ਕਿਹਾ, ‘ਮੈਂ 68ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ’ਤੇ ਸਾਰੇ ਜੇਤੂਆਂ ਨੂੰ ਵਧਾਈ ਦਿੰਦੀ ਹਾਂ। ਮੈਂ ਦਾਦਾ ਸਾਹਿਬ ਫਾਲਕੇ ਪੁਰਸਕਾਰ ਪ੍ਰਾਪਤ ਕਰਨ ਵਾਲੀ ਆਸ਼ਾ ਪਾਰਿਖ ਜੀ ਨੂੰ ਆਪਣੀਆਂ ਵਿਸ਼ੇਸ਼ ਵਧਾਈਆਂ ਦਿੰਦੀ ਹਾਂ। ਉਨ੍ਹਾਂ ਦੀ ਪੀੜ੍ਹੀ ਦੀਆਂ ਸਾਡੀਆਂ ਭੈਣਾਂ ਨੇ ਬਹੁਤ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਵੱਖ-ਵੱਖ ਖੇਤਰਾਂ ’ਚ ਆਪਣੀ ਪਛਾਣ ਬਣਾਈ ਹੈ। ਪਾਰਿਖ ਅਦੁੱਤੀ ਮਹਿਲਾ ਸ਼ਕਤੀ ਲਈ ਵੀ ਇਕ ਸਨਮਾਨ ਹੈ।’
ਪੰਜ ਮੈਂਬਰੀ ਦਾਦਾ ਸਾਹਿਬ ਫਾਲਕੇ ਅਵਾਰਡ ਕਮੇਟੀ, ਜਿਸ ’ਚ ਆਸ਼ਾ ਭੌਂਸਲੇ, ਹੇਮਾ ਮਾਲਿਨੀ, ਪੂਨਮ ਢਿੱਲੋਂ, ਉਦਿਤ ਨਰਾਇਣ ਅਤੇ ਟੀਐਸ ਨਾਗਭਰਣਾ ਸ਼ਾਮਲ ਸਨ, ਨੇ ਪਾਰਿਖ ਨੂੰ ਸਨਮਾਨ ਲਈ ਚੁਣਿਆ।