ਦਲਜੀਤ ਕੌਰ
ਧੂਰੀ, 21 ਸਤੰਬਰ, 2023: ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਦੇ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਦੀ ਅਗਵਾਈ ਹੇਠ ਨਹਿਰੀ ਪਾਣੀ ਲੈਣ ਲਈ ਕਿਸਾਨਾਂ ਵੱਲੋਂ ਮੁੱਖ ਮੰਤਰੀ ਦਫ਼ਤਰ ਧੂਰੀ ਅੱਗੇ ਟਰੈਕਟਰ ਟਰਾਲੀਆਂ ਲਾ ਕੇ ਲਾਏ ਪੱਕੇ ਮੋਰਚੇ ਦੇ ਦੂਜੇ ਦਿਨ ਵੀ ਕਿਸਾਨਾਂ ਦੇ ਮਸਲਿਆਂ ਦਾ ਕੋਈ ਹੱਲ ਨਾ ਹੋਇਆ ਅਤੇ ਕਿਸਾਨਾਂ ਨੇ ਪੱਕੀ ਸਟੇਜ ਲਾ ਕੇ ਪੰਜਾਬ ਸਰਕਾਰ ਦੀ ਜੰਮ ਕੇ ਨਿਖੇਧੀ ਕੀਤੀ। ਕਿਸਾਨਾਂ ਵੱਲੋਂ ਮੋਰਚੇ ਵਿੱਚ ਹੀ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਅਤੇ ਇੱਥੇ ਟਰਾਲੀਆਂ ਵਿੱਚ ਦਿੱਲੀ ਮੋਰਚੇ ਦੀ ਤਰ੍ਹਾਂ ਹੀ ਪੱਕੇ ਰਹਿਣ ਬਸੇਰੇ ਬਣਾ ਲਏ ਹਨ।
ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਮੱਘਰ ਸਿੰਘ ਭੂਦਨ ,ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਬੀਕੇਯੂ ਉਗਰਾਹਾਂ ਦੇ ਆਗੂ ਹਰਜੀਤ ਸਿੰਘ ਬਦੇਸ਼ਾ, ਬੀਕੇਯੂ ਕਾਦੀਆਂ ਦੇ ਆਗੂ ਗੁਰਮੁਖ ਸਿੰਘ, ਬੀਕੇਯੂ ਲੱਖੋਵਾਲ ਦੇ ਆਗੂ ਵਰਿੰਦਰ ਸਿੰਘ ਬਰੜਵਾਲ ਨੇ ਕਿਹਾ ਕਿ ਕੱਲ੍ਹ ਤੋਂ ਕਿਸਾਨ ਮੁੱਖ ਮੰਤਰੀ ਦਫ਼ਤਰ ਅੱਗੇ ਬੈਠੇ ਨਹਿਰੀ ਪਾਣੀ ਦੀ ਮੰਗ ਕਰ ਰਹੇ ਹਨ, ਪਰ ਮੁੱਖ ਮੰਤਰੀ ਦੇ ਕਿਸੇ ਨੁਮਾਇੰਦੇ ਵੱਲੋਂ ਕਿਸਾਨਾਂ ਦੀ ਗੱਲ ਨਾ ਸੁਣਨਾ ਇਸ ਸਰਕਾਰ ਦੇ ਲੋਕਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰਕੇ ਸੱਤਾ ਦੇ ਨਸ਼ੇ ਵਿੱਚ ਹੋਣ ਦਾ ਸਬੂਤ ਹਨ। ਪਿਛਲੇ ਇੱਕ ਸਾਲ ਤੋਂ ਨਹਿਰੀ ਪਾਣੀ ਲੈਣ ਲਈ ਮੁਹਿੰਮ ਚੱਲ ਰਹੀ ਹੈ ਪਰ ਸਰਕਾਰ ਨੇ ਕੋਈ ਅੱਜ਼ ਤੱਕ ਕੋਈ ਠੋਸ ਹੱਲ ਨਹੀਂ ਕੀਤਾ। ਇਸ ਕਰਕੇ ਅੱਜ ਮੁੱਖ ਮੰਤਰੀ ਦਫ਼ਤਰ ਧੂਰੀ ਅੱਗੇ ਪੱਕਾ ਮੋਰਚਾ ਲਾਉਣ ਲਈ ਮਜਬੂਰ ਹੋਣਾ ਪਿਆ। ਜੇ ਸਰਕਾਰ ਦਾ ਇਹੀ ਰਵੱਈਆ ਰਿਹਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।।
ਅੱਜ ਦੇ ਮੋਰਚੇ ਨੂੰ ਸੰਘਰਸ਼ ਕਮੇਟੀ ਦੇ ਆਗੂ ਸੁਖਵਿੰਦਰ ਸਿੰਘ ਚੁੰਘਾਂ, ਰਣਜੀਤ ਸਿੰਘ ਹਥਨ, ਚਮਕੌਰ ਸਿੰਘ ਬਧਰਾਵਾਂ, ਜਗਤਾਰ ਸਿੰਘ ਘਨੌਰ, ਲਾਭ ਸਿੰਘ ਨੱਥੋਹੇੜੀ, ਜਸਵਿੰਦਰ ਸਿੰਘ ਬੱਲਮਗੜ, ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਸਕੱਤਰ ਦਰਸ਼ਨ ਸਿੰਘ ਕੁੰਨਰਾਂ, ਹਰਦਮ ਸਿੰਘ ਰਾਜੋਮਾਜਰਾ, ਅਵਤਾਰ ਸਿੰਘ ਸਾਹੋਕੇ, ਕਰਮਜੀਤ ਸਿੰਘ ਸਤੀਪੁਰਾ, ਕੁਲਦੀਪ ਸਿੰਘ, ਬੀਕੇਯੂ ਉਗਰਾਹਾਂ ਦੇ ਬਲਾਕ ਪ੍ਰਧਾਨ ਮਲਕੀਤ ਸਿੰਘ ਹੇੜੀਕੇ, ਬਲਵੀਰ ਸਿੰਘ ਪੰਜਗਰਾਈਆਂ ਨੇ ਸੰਬੋਧਨ ਕੀਤਾ। ਆੜਤੀ ਐਸੋਸੀਏਸ਼ਨ ਮਾਲੇਰਕੋਟਲਾ ਦੇ ਪ੍ਰਧਾਨ ਤਰਸੇਮ ਸਿੰਘ ਭੂਦਨ ਅਤੇ ਲੋਕ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਨੇ ਵੀ ਮੋਰਚੇ ਦਾ ਸਮੱਰਥਨ ਕੀਤਾ।