ਭਾਰਤ-ਪਾਕਿਸਤਾਨ ਸਰਹੱਦ ’ਤੇ ਵਧੀਆਂ ਡਰੋਨ ਗਤੀਵਿਧੀਆਂ ਬਣੀਆਂ ਸੁਰੱਖਿਆ ਏਜੰਸੀਆਂ ਲਈ ਚੁਣੌਤੀ
ਚੰਡੀਗੜ੍ਹ, 23 ਅਕਤੂਬਰ : ਪੰਜਾਬ ’ਚ ਭਾਰਤ-ਪਾਕਿਸਤਾਨ ਸਰਹੱਦ ’ਤੇ ਇਸ ਸਾਲ ਡਰੋਨ ਰਾਹੀਂ ਨਸ਼ਾ ਅਤੇ ਹਥਿਆਰ ਸਮੱਗਲਿੰਗ ਦੇ ਮਾਮਲਿਆਂ ’ਚ ਵਾਧਾ ਹੋਇਆ ਹੈ। ਸੂਬੇ ’ਚ ਇਸ ਸਾਲ ਹੁਣ ਤਕ 150 ਤੋਂ ਜਿਆਦਾ ਗਤੀਵਿਧੀਆਂ ਫੜੀਆਂ ਗਈਆਂ ਹਨ। ਡਰੋਨ ਦੀਆਂ ਵਧਦੀਆਂ ਗਤੀਵਿਧੀਆਂ ਨੇ ਸੁਰੱਖਿਆ ਏਜੰਸੀਆਂ ਨੂੰ ਮੁਸ਼ਕਲ ’ਚ ਪਾ ਦਿੱਤਾ ਹੈ। ਡਰੋਨ ਦੀ ਆਵਾਜਾਈ ਸੁਰੱਖਿਆ ਏਜੰਸੀਆਂ ਲਈ ਇਕ ਚੁਣੌਤੀ ਬਣੀ ਹੋਈ ਹੈ।
ਬੀਐਸਐਫ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ, ਹਥਿਆਰਾਂ ਤੇ ਗੋਲਾ-ਬਾਰੂਦ ਦੀ ਸਮੱਗਲਿੰਗ ਲਈ ਡਰੋਨ ਦਾ ਇਸਤੇਮਾਲ ਪਹਿਲੀ ਵਾਰ 2019 ’ਚ ਪੰਜਾਬ ’ਚ ਸਾਹਮਣੇ ਆਇਆ ਸੀ। ਬਾਰਡਰ ਸਕਿਓਰਿਟੀ ਫੋਰਸ ਪਾਕਿਸਤਾਨ ਨਾਲ ਸਰਹੱਦ ਦੇ 553 ਕਿੱਲੋਮੀਟਰ ਦੇ ਹਿੱਸੇ ਦੀ ਰੱਖਿਆ ਕਰ ਰਿਹਾ ਹੈ। ਬੀਐਸਐਫ ਨੇ ਇਸ ਸਾਲ 10 ਡਰੋਨ ਨੂੰ ਸੁੱਟਿਆ ਹੈ। ਇਸ ਤੋਂ ਇਲਾਵਾ ਕਈ ਮਨੁੱਖੀ ਰਹਿਤ ਹਵਾਈ ਵਾਹਨਾਂ ਦੀ ਘੁਸਪੈਠ ਨੂੰ ਅਸਫਲ ਕੀਤਾ ਹੈ।
ਬੀਐਸਐਫ (ਪੰਜਾਬ ਫਰੰਟੀਅਰ) ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘ਹੁਣ ਤੱਕ 150 ਤੋਂ ਜਿਆਦਾ ਡਰੋਨ ਗਤੀਵਿਧੀਆਂ ਨੂੰ ਦੇਖਿਆ ਗਿਆ ਹੈ।’ ਅਧਿਕਾਰੀਆਂ ਨੇ ਕਿਹਾ ਕਿ ਇਕ ਡਰੋਨ ਨੂੰ 14 ਅਕਤੂਬਰ ਨੂੰ ਅੰਮਿ੍ਰਤਸਰ ’ਚ ਸ਼ਾਹਪੁਰ ਸਰਹੱਦੀ ਪੋਸਟ ਨੇੜੇ ਸੁੱਟਿਆ ਗਿਆ ਸੀ, ਦੋ ਨੂੰ 16 ਤੇ 17 ਅਕਤੂਬਰ ਨੂੰ ਅੰਮਿ੍ਰਤਸਰ ਸੈਕਟਰ ’ਚ ਸੁੱਟਿਆ ਗਿਆ ਸੀ।
ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨ ਦੀ ਜਾਸੂਸੀ ਏਜੰਸੀ ਆਈਐਸਆਈ ਵੱਲੋਂ ਸਮਰਥਿਤ ਸਮੱਗਲਰ ਚੀਨੀ ਡਰੋਨ ਦੀ ਵਰਤੋਂ ਕਰ ਰਹੇ ਹਨ। ਇਹ ਘੱਟੋ-ਘੱਟ ਆਵਾਜ ਤੇ ਹਾਈ ਲੈਵਲ ’ਤੇ ਉਡਾਣ ਭਰਨ ’ਚ ਸਮਰੱਥ ਹੈ। ਇਕ ਡਰੋਨ ਜਿਸ ਨੂੰ 14 ਅਕਤੂਬਰ ਨੂੰ ਡੇਗਿਆ ਸੀ, ਉਹ ਇਕ ਕਵਾਡਕਾਪਟਰ (ਡੀਜੇਆਈ ਮੈਟਿ੍ਰਸ) ਸੀ ਅਤੇ ਇਸ ਡਰੋਨ ਨਾਲ ਇਕ ਹੋਲਡਿੰਗ ਤੇ ਰਿਲੀਜਿੰਗ ਮੈਕੈਨਿਜਮ ਵੀ ਮਿਲਿਆ ਸੀ।
ਅਧਿਕਾਰੀਆਂ ਨੇ ਕਿਹਾ ਕਿ ਜਿਆਦਾਤਰ ਡਰੋਨ ਗਤੀਵਿਧੀਆਂ ਅੰਮਿ੍ਰਤਸਰ ਤੇ ਤਰਨਤਾਰਨ ਜ਼ਿਲ੍ਹਿਆਂ ’ਚ ਕੌਮਾਂਤਰੀ ਸਰਹੱਦ ਨਾਲ ਲੱਗੇ ਖੇਤਰਾਂ ’ਚ ਕੇਂਦਿ੍ਰਤ ਹਨ। ਹਾਲਾਂਕਿ, ਫਿਰੋਜ਼ਪੁਰ ਤੇ ਗੁਰਦਾਸਪੁਰ ਇਲਾਕਿਆਂ ’ਚ ਵੀ ਡਰੋਨ ਗਤੀਵਿਧੀਆਂ ਨੂੰ ਦੇਖਿਆ ਗਿਆ ਹੈ। ਬੀਐਸਐਫ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬੀਐਸਐਫ ਨੇ ਇਸ ਸਾਲ ਤਰਨਤਾਰਨ ਇਲਾਕੇ ’ਚ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਸਮੱਗਲਿੰਗ ’ਚ ਸ਼ਾਮਲ ਇਕ ਗਿਰੋਹ ਦਾ ਭਾਂਡਾ ਭੰਨਣ ’ਚ ਪੰਜਾਬ ਪੁਲਿਸ ਨਾਲ ਤਾਲਮੇਲ ਕੀਤਾ ਸੀ।