ਗੁਰਪ੍ਰੀਤ ਸਿੰਘ ਸਿੱਧੂ
ਜ਼ੀਰਾ, 21 ਜਨਵਰੀ : – ਆਪ ਸਰਕਾਰ ਦੇ ਵੱਡੇ ਦਾਅਵਿਆਂ ਦੇ ਉਲਟ ਠੰਡ ਦੇ ਮੌਸਮ ’ਚ ਲੱਗ ਰਹੇ ਬਿਜਲੀ ਦੇ ਕੱਟਾਂ ਕਾਰਨ ਸ਼ਹਿਰਾਂ ਅਤੇ ਪਿੰਡਾਂ ਦੇ ਲੋਕ ਡਾਢੇ ਪ੍ਰੇਸ਼ਾਨ ਹਨ। ਇੰਨਾ ਸ਼ਬਦਾ ਦਾ ਪ੍ਰਗਟਾਵਾ ਫਿਰੋਜ਼ਪੁਰ ਤੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਜ਼ੀਰਾ ਵਿਖੇ ‘‘ਦੇਸ਼ ਸੇਵਕ‘‘ ਨਾਲ ਗੱਲਬਾਤ ਕਰਦਿਆਂ ਕੀਤੇ। ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ਼੍ਰ ਭਗਵੰਤ ਸਿੰਘ ਮਾਨ ਵੱਲੋਂ ਬਿਜਲੀ ਕੱਟ ਨਾ ਲੱਗਣ ਨੂੰ ਲੈ ਕੇ ਕੀਤੇ ਜਾਂਦੇ ਵਾਅਦਿਆਂ ਦੀ ਪੂਰੀ ਤਰਾਂ ਹਵਾ ਨਿਕਲ ਗਈ ਹੈ। ਕਰੋੜਾਂ ਰੁਪਏ ਦੇ ਇਸ਼ਤਿਹਾਰਾਂ ਨਾਲ ਅਖ਼ਬਾਰਾਂ ਅਤੇ ਟਂਵੀ ਚੈਨਲਾਂ ਤੇ ਕੀਤੇ ਜਾਂਦੇ ਝੂਠੇ ਪ੍ਰਚਾਰ ਦੇ ਉਲਟ ਸਰਦੀਆਂ ਵਿੱਚ ਹੀ ਬਿਜਲੀ ਦੀ ਕਿੱਲਤ ਬਣੀ ਹੋਈ ਹੈ। ਉਨਾਂ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਬਿਜਲੀ ਦੇ ਅਣਐਲਾਨੇ ਕੱਟਾਂ ਕਾਰਨ ਲੋਕ ਬੁਰੀ ਤਰਾਂ ਪ੍ਰੇਸ਼ਾਨ ਹਨ। ਹਾਲਾਤ ਇਹ ਬਣੇ ਹੋਏ ਹਨ ਕਿ ਵਿਭਾਗ ਵੱਲੋਂ ਬਿੰਨਾਂ ਕਿਸੇ ਅਗੇਤੀ ਜਾਣਕਾਰੀ ਦੇ ਕਈ ਕਈ ਘੰਟੇ ਬਿਜਲੀ ਦੀ ਸਪਲਾਈ ਕੱਟੀ ਜਾ ਰਹੀ ਹੈ। ਅਜਿਹੇ ’ਚ ਪਾਣੀ ਦੀ ਸਪਲਾਈ ਸਮੇਂ ਬਿਜਲੀ ਗੁੱਲ ਹੋ ਜਾਂਦੀ ਹੈ, ਜੋ ਲੋਕਾਂ ਦੇ ਜਲੇ ’ਤੇ ਲੂਣ ਛਿੜਕਣ ਦਾ ਕੰਮ ਰਹੀ ਹੈ। ਪ੍ਰੇਸ਼ਾਨੀ ਦੇ ਇਸ ਆਲਮ ’ਚ ਸ਼ਹਿਰ ਅਤੇ ਪਿੰਡਾਂ ਦੇ ਵਸਨੀਕਾਂ ਨੇ ਵਿਭਾਗੀ ਅਧਿਕਾਰੀਆਂ ਦੇ ਖਿਲਾਫ਼ ਤੰਜ਼ ਕੱਸਦੇ ਹੋਏ ਕਿਹਾ ਕਿ ਜੇਕਰ ਸਰਦੀਆਂ ’ਚ ਬਿਜਲੀ ਸਪਲਾਈ ਦੇ ਇੰਨੇ ਮੰਦੇ ਹਾਲ ਹਨ ਤਾਂ ਗਰਮੀਆਂ ਵਿੱਚ ਤਾਂ ਲੋਕਾਂ ਦਾ ਰੱਬ ਹੀ ਰਾਖ਼ਾ ਹੋਵੇਗਾ। ਉਨਾਂ ਕਿਹਾ ਕਿ ਬੇਵਕਤ ਅਤੇ ਬਿੰਨਾਂ ਕੋਈ ਅਗੇਤੀ ਜਾਣਕਾਰੀ ਦਿੱਤੇ ਵਿਭਾਗ ਵੱਲੋਂ ਸਵੇਰ ਦੇ ਸਮੇਂ ਅਤੇ ਅੱਧੀ ਰਾਤ ਨੂੰ ਬਿਜਲੀ ਦੀ ਸਪਲਾਈ ਕੱਟੀ ਜਾ ਰਹੀ ਹੈ, ਜਿਸ ਕਾਰਨ ਲੋਕਾਂ, ਖਾਸ ਕਰਕੇ ਉਦਯੋਗਿਕ ਘਰਾਣਿਆਂ, ਹੌਜ਼ਰੀ ਕਾਰੋਬਾਰੀਆਂ ਆਦਿ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।