ਨਵੀਂ ਦਿੱਲੀ, 16 ,ਮਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੀਆਂ ਇਕਾਈਆਂ ਸਾਰੀ ਦਿੱਲੀ ਵਿਚ ਕਾਇਮ ਕਰਨ ਦੇ ਨਾਲ-ਨਾਲ ਯੂਥ ਵਿੰਗ ਤੇ ਇਸਤਰੀ ਵਿੰਗ ਵੀ ਬਣਾਏ ਜਾਣਗੇ। ਉਹ ਇਥੇ ਭਜਨਪੁਰਾ ਵਿਚ ਦਿੱਲੀ ਕਮੇਟੀ ਮੈਂਬਰ ਪਰਵਿੰਦਰ ਸਿੰਘ ਲੱਕੀ ਵੱਲੋਂ ਕਰਵਾਈ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਕਾਲਕਾ ਤੇ ਕਾਹਲੋਂ ਨੇ ਕਿਹਾ ਕਿ ਦਿੱਲੀ ਦੀ ਸੰਗਤ ਨੇ ਕਰੋਨਾ ਕਾਲ ਅਤੇ ਕਿਸਾਨ ਅੰਦੋਲਨ ਵੇਲੇ ਦਿੱਤੀਆਂ ਸੇਵਾਵਾਂ ਨੂੰ ਵੇਖਦਿਆਂ ਉਨ੍ਹਾਂ ਦੀ ਝੋਲੀ ਵਿੱਚ ਮੁੜ ਸੇਵਾ ਪਾਈ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਚੋਣ ਪ੍ਰਚਾਰ ਵਾਸਤੇ ਜਾਂਦੇ ਸਨ ਤਾਂ ਲੋਕ 328 ਲਾਪਤਾ ਹੋਏ ਪਾਵਨ ਸਰੂਪਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਸਵਾਲ ਕਰਦੇ ਸਨ। ਉਨ੍ਹਾਂ ਕਿਹਾ ਕਿ ਜਦੋਂ ਸੰਗਤ ਦਾ ਫਤਵਾ ਮਿਲਿਆ ਤਾਂ ਫਿਰ ਉਨ੍ਹਾਂ ਹਾਈ ਕਮਾਂਡ ਦੀ ਪ੍ਰਵਾਹ ਕੀਤੇ ਬਿਨਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਬਣਾ ਲਿਆ। ਉਹਨਾਂ ਕਿਹਾ ਕਿ ਹੁਣ ਇਸ ਪਾਰਟੀ ਦਾ ਮੁੱਖ ਦਫਤਰ ਗੁਰਦੁਆਰਾ ਮਾਤਾ ਸੁੰਦਰੀ ਵਿਖੇ ਸਥਾਪਿਤ ਕੀਤਾ ਗਿਆ ਹੈ, ਜਿਸ ਵਿਚ ਪਹੁੰਚ ਕਰ ਕੇ ਲੋਕ ਸਿੱਧੇ ਪਾਰਟੀ ਨਾਲ ਜੁੜ ਸਕਦੇ ਹਨ।
ਉਨ੍ਹਾਂ ਕਿਹਾ ਕਿ ਪਾਰਟੀ ਦਾ ਨਿਸ਼ਾਨਾ ਕੌਮ ਦੀ ਸੇਵਾ ਕਰਨਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਮੈਡੀਕਲ ਸਹੂਲਤਾਂ ਦੇਣ ਦੀ ਗੱਲ ਹੋਵੇ, ਸਿੱਖਿਆ ਦੇ ਖੇਤਰ ਦਾ ਕੰਮ ਹੋਵੇ ਜਾਂ ਫਿਰ ਕੌਮ ਦੇ ਮਸਲਿਆਂ ਲਈ ਅਦਾਲਤਾਂ ਵਿਚ ਕਾਨੂੰਨੀ ਲੜਾਈ ਲੜਨੀ ਪਵੇ, ਉਹ ਹਰ ਲੜਾਈ ਲੜਨਗੇ ਜਿਸ ਦੀ ਕੌਮ ਨੂੰ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹੇ ਕਾਰਜ ਵੀ ਕਰਨਗੇ ਜਿਸ ਨਾਲ ਕੌਮ ਦੀ ਸ਼ਾਨ ਵਿਚ ਵਾਧਾ ਹੁੰਦਾ ਹੋਵੇ। ਸਿੱਖ ਆਗੂਆਂ ਨੇ ਕਿਹਾ ਕਿ ਉਨ੍ਹਾਂ ਵਾਸਤੇ ਦਿੱਲੀ ਦੀ ਸੰਗਤ ਸਰਵਉੱਚ ਹੈ।