ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ)
ਅੰਤਰਰਾਸ਼ਟਰੀ ਸਪੈਸ਼ਲ ੳਲੰਪਿਕ ਜੋ ਕਿ ਜਰਮਨੀ ਦੇ ਬਰਲਿਨ ਸ਼ਹਿਰ ਵਿੱਚ ਮਿਤੀ 17 ਤੋਂ 25 ਜੂਨ, 2023 ਤੀਕ ਹੋਈਆਂ। ਉਹਨਾਂ ਵਿੱਚ ਪਿੰਗਲਵਾੜੇ ਦੇ ਸਪੈਸ਼ਲ ਸਕੂਲ ਦੇ ਤਿੰਨ ਖਿਡਾਰੀਆਂ ਨੇ ਇੱਕ ਸੋਨੇ ਦਾ ਮੈਡਲ ਅਤੇ ਤਿੰਨ ਬਰੋਂਜ ਮੈਡਲ ਜਿੱਤ ਕੇ 28 ਜੂਨ ਨੂੰ ਅੰਮ੍ਰਿਤਸਰ ਵਾਪਸੀ ਕੀਤੀ। ਇਹ ਸਕੂਲ ਪਿੰਗਲਵਾੜਾ ਅੰਮ੍ਰਿਤਸਰ ਅਤੇ ਪਿੰਗਲਵਾੜਾ ਸੋਸਾਇਟੀ ਆਫ਼ ਓਂਟਾਰੀਓ ਵੱਲੋਂ ਸਾਂਝੇ ਪ੍ਰੋਜੈਕਟ ਦੇ ਤੌਰ ਤੇ ਚਲਾਇਆਂ ਜਾ ਰਿਹਾ ਹੈ। ਜਿਸ ਵਿੱਚ ਕੈਨੇਡਾ ਭਰ ਦੀਆਂ ਸਮੂਹ ਸੰਗਤਾਂ ਵੱਲੋਂ ਭਰਵਾਂ ਯੋਗਦਾਨ ਦਿੱਤਾ ਜਾਂਦਾ ਹੈ।
ਅੱਜ ਸਵੇਰੇ ਇਹਨਾਂ ਖਿਡਾਰੀਆਂ ਦੇ ਸਨਮਾਨ ਅਤੇ ਹੌਂਸਲਾ ਅਫ਼ਜਾਈ ਲਈ ਮਾਨਾਂਵਾਲਾ ਬ੍ਰਾਂਚ ਤੋਂ ਇੱਕ ਜੇਤੂ ਮਾਰਚ ਕੱਢਿਆ ਗਿਆ। ਇਸ ਮਾਰਚ ਨੂੰ ਮਾਨਾਂਵਾਲਾ ਬ੍ਰਾਂਚ ਤੋਂ ਸਮੂਹ ਸਟਾਫ਼ ਸੇਵਾਦਾਰ ਅਤੇ ਪਿੰਗਲਵਾੜੇ ਦੇ ਬੱਚਿਆਂ ਵੱਲੋਂ ਬੈਂਡ ਵਾਜੇ ਨਾਲ ਭੰਗੜਾ ਪਾ ਕੇ ਰਵਾਨਾ ਕੀਤਾ ਗਿਆ। ਰਸਤੇ ਵਿੱਚ ਗੋਲਡਨ ਗੇਟ ਵਿਖੇ ਵੱਡੀ ਗਿਣਤੀ ਵਿੱਚ ਸ਼ਹਿਰ ਦੀ ਸੰਗਤ ਵੱਲੋਂ ਜੇਤੂ ਖਿਡਾਰੀਆਂ ਨੂੰ ਹਾਰ ਪਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਉਤਸ਼ਾਹ ਵਧਾਇਆ ਗਿਆ।
ਉਪਰੰਤ ਨੈਕਸਸ ਐਲਫਾ ਵਨ ਵਿਖੇ ਸਮੂਹ ਮੈਨੇਜਮੈਂਟ ਅਤੇ ਸਟਾਫ਼ ਵੱਲੋਂ ਜੇਤੂ ਖਿਡਾਰੀਆਂ ਦਾ ਭਰਵਾਂ ਸਵਾਗਤ ਕੀਤਾ। ਇਹ ਨਜ਼ਾਰਾ ਸਾਰੇ ਸਟਾਫ਼ ਅਤੇ ਗ੍ਰਾਹਕਾਂ ਵਾਸਤੇ ਅਦੁੱਤਾ ਸੀ। ਸਾਰੇ ਸਟਾਫ਼ ਨੇ ਭੰਗੜਾ ਪਾ ਕੇ ਜੇਤੂ ਖਿਡਾਰੀਆਂ ਦਾ ਹੌਂਸਲਾ ਵਧਾਇਆ।
ਡਾ.ਮਹਿਲ ਸਿੰਘ ਪ੍ਰਿੰਸੀਪਲ ਖਾਲਸਾ ਕਾਲਜ ਅੰਮ੍ਰਿਤਸਰ ਨੇ ਉਚੇਤੇ ਤੌਰ ਤੇ ਭੰਡਾਰੀ ਪੁਲ ਆ ਕੇ ਖਿਡਾਰੀਆਂ ਦਾ ਸਨਮਾਨ ਕੀਤਾ।
ਇਸ ਤੋਂ ਬਾਅਦ ਇਹ ਪੂਰਾ ਕਾਫ਼ਲਾ ਰੇਲਵੇ ਸਟੇਸ਼ਨ ਅਤੇ ਕ੍ਰਿਸਟਲ ਚੌਂਕ ਹੁੰਦਾ ਹੋਇਆ ਭੰਡਾਰੀ ਪੁਲ ਪਹੁੰਚਿਆ। ਇਸ ਥਾਂ ਤੇ ਨਰਿੰਦਰ ਜੀਤ ਸਿੰਘ ਦੀ ਅਗਵਾਈ ਵਿੱਚ ਖਾਲਸਾ ਗਲੋਬਲ ਰੀਚ ਫਾਊਂਡੇਸ਼ਨ ਦੇ ਸਮੂਹ ਮੈਂਬਰਾਂ ਨੇ ਖਿਡਾਰੀਆਂ ਦਾ ਸਨਮਾਨ ਕੀਤਾ ।
ਹੁਸੈਨਪੁਰਾ ਰਾਹੀਂ ਬੱਸ ਸਟੈਂਡ ਤੋਂ ਹੁੰਦਾ ਹੋਇਆ ਇਹ ਜੇਤੂ ਮਾਰਚ ਪਿੰਗਲਵਾੜਾ ਮੇਨ ਬ੍ਰਾਂਚ ਵਿਖੇ ਪਹੁੰਚਿਆ। ਇਸ ਥਾਂ ਖਿਡਾਰੀਆਂ ਦੇ ਸਵਾਗਤ ਦਾ ਅਲੌਕਿਕ ਨਜ਼ਾਰਾ ਸੀ। ਸਾਰੇ ਪਿੰਗਲਵਾੜੇ ਪਰਿਵਾਰ ਦੇ ਸੇਵਾਦਾਰ ਖ਼ੁਸ਼ੀ ਵਿੱਚ ਝੂੰਮ ਰਹੇ ਸਨ ਅਤੇ ਉਹਨਾਂ ਨੇ ਪੂਰੇ ਜੋਸ਼ ਨਾਲ ਜੇਤੂਆਂ ਦਾ ਸਿਹਰੇ ਪਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ।
ਇਸ ਤੋਂ ਬਾਅਦ ਇਹਨਾਂ ਜੇਤੂ ਖਿਡਾਰੀਆਂ ਦੇ ਸਨਮਾਨ ਵਿੱਚ ਇੱਕ ਖਾਸ ਸਵਾਗਤੀ ਪ੍ਰੋਗਰਾਮ ਰੱਖਿਆ ਗਿਆ, ਜਿਸ ਵਿੱਚ ਅੰਮ੍ਰਿਤਸਰ ਦੇ ਪਤਵੰਤੇ ਬੁਲਾਰਿਆਂ ਨੇ ਇਹਨਾਂ ਦੀਆਂ ਪ੍ਰਾਪਤੀਆਂ ਤੇ ਆਪਣੇ ਸ਼ਰਧਾ ਦੇ ਫੁੱਲ ਅਰਪਣ ਕਰਕੇ, ਇਹਨਾਂ ਦੀ ਹੌਂਸਲਾ ਅਫ਼ਜਾਈ ਕੀਤੀ। ਪ੍ਰਮੁੱਖ ਬੁਲਾਰਿਆਂ ਵਿੱਚ ਬੀਬੀ ਜੀਵਨਜੋਤ ਕੌਰ ਮੈਂਬਰ ਪੰਜਾਬ ਅਸੈਂਬਲੀ, ਜਤਿੰਦਰ ਸਿੰਘ ਬਰਾੜ, ਪੰਜਾਬ ਨਾਟਸ਼ਾਲਾ, ਡਾ. ਸਰਬਜੀਤ ਸਿੰਘ ਛੀਨਾ, ਸਿੱਖਿਆਂ ਸਲਾਹਕਾਰ ਖਾਲਸਾ ਕਾਲਜ, ਪ੍ਰਬੰਧਕੀ ਕੌਂਸਲ, ਡਾ.ਸ਼ਿਆਮ ਸੁੰਦਰ ਦੀਪਤੀ, ਅਮਰਜੀਤ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਭਗਵੰਤ ਸਿੰਘ ਦਿਲਾਵਰੀ ਸਰਪ੍ਰਸਤ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਅਤੇ ਦਵਿੰਦਰ ਸਿੰਘ ਪ੍ਰਧਾਨ ਰੀੜ੍ਹ ਦੀ ਹੱਡੀ ਐਸੋਸੀਏਸ਼ਨ ਆਦਿ ਸ਼ਾਮਲ ਸਨ।
ਖਿਡਾਰੀਆਂ ਦੇ ਸਨਮਾਨ ਸਮਾਗਮ ਵਿੱਚ ਬੋਲਦੇ ਹੋਏ ਪਿੰਗਲਵਾੜਾ ਸੰਸਥਾ ਦੇ ਮੁੱਖ ਸੇਵਾਦਾਰ ਡਾ. ਇੰੰਦਰਜੀਤ ਕੌਰ ਨੇ ਕਿਹਾ ਕਿ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਦੇ ਇਹਨਾਂ ਖਿਡਾਰੀਆ ਨੇ ਸਿਰਫ਼ ਪਿੰਗਲਵਾੜੇ ਦਾ ਹੀ ਨਹੀਂ ਸਗੋਂ ਪੂਰੇ ਪੰਜਾਬ ਅਤੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਇਹ ਤਿੰਨੇ ਖਿਡਾਰੀ, ਮੁਹੰਮਦ ਨਿਸਾਰ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋਂ, ਰੇਨੂੰ ਅੰਮ੍ਰਿਤਸਰ ਬੱਸ ਸਟੈਂਡ ਤੋਂ ਅਤੇ ਸੀਤਾ ਗੁਰਦੁਆਰਾ ਸ਼ਹੀਦਾਂ ਸਾਹਿਬ ਜੀ ਦੇ ਬਾਹਰੋਂ ਲਾਵਾਰਸ ਹਾਲਤ ਵਿੱਚ ਪਿੰਗਲਵਾੜੇ ਵਿੱਚ ਦਾਖਲ ਹੋਏ ਸਨ। ਸਾਨੂੰ ਇਹ ਮਾਣ ਹੈ ਕਿ ਇਸ ਸਕੂਲ ਨੇ ਪਿਛਲੇ ਤਿੰਨ ਸਪੈਸ਼ਲ ੳਲੰਪਿਕ ਲਾਸ ਐਂਜਲਸ, ਵਿਆਨਾ (ਆਸਟਰੀਆ) ਅਤੇ ਅਬੂ ਧਾਬੀ ਵਿੱਚ ਅਲੱਗ-ਅਲੱਗ ਖੇਡਾਂ ਵਿੱਚ 11 ਮੈਡਲ ਜਿੱਤੇ।
ਇਸ ਵਿਸ਼ੇਸ਼ ਸਮਾਗਮ ਵਿੱਚ ਮੁਖਤਾਰ ਸਿੰਘ ਆਨਰੇਰੀ ਸਕੱਤਰ, ਰਾਜਬੀਰ ਸਿੰਘ ਮੈਂਬਰ ਪਿੰਗਲਵਾੜਾ ਸੋਸਾਇਟੀ, ਕਰਨਲ ਦਰਸ਼ਨ ਸਿੰਘ ਬਾਵਾ ਮੁਖ ਪ੍ਰਸ਼ਾਸ਼ਕ, ਪਰਮਿੰਦਰਜੀਤ ਸਿੰਘ ਭੱਟੀ ਸਹਿ ਪ੍ਰਸ਼ਾਸ਼ਕ ਅਤੇ ਸਰਦਾਰਨੀ ਸੁਰਿੰਦਰ ਕੌਰ ਭੱਟੀ, ਰਿਟਾ. ਡੀ.ਐਸ.ਪੀ ਬਖਸ਼ੀਸ਼ ਸਿੰਘ ਪ੍ਰਸ਼ਾਸ਼ਕ ਮਾਨਾਂਵਾਲਾ ਅਤੇ ਸਰਦਾਰਨੀ ਹਰਿੰਦਰ ਕੌਰ, ਗੁਰਨੈਬ ਸਿੰਘ, ਨਰਿੰਦਰਪਾਲ ਸਿੰਘ ਸੋਹਲ, ਪ੍ਰਿੰਸੀਪਲ ਨਰੇਸ਼ ਕਾਲੀਆ, ਪ੍ਰਿੰਸੀਪਲ ਅਨੀਤਾ ਬੱਤਰਾ, ਪ੍ਰਿੰਸੀਪਲ ਦਲਜੀਤ ਕੌਰ, ਯੋਗੇਸ਼ ਸੂਰੀ, ਗੁਲਸ਼ਨ ਰੰਜਨ ਸ਼ੋਸ਼ਲ ਵਰਕਰ, ਹਰਪਾਲ ਸਿੰਘ ਸੰਧੂ, ਡਾ. ਕਰਨਜੀਤ ਸਿੰਘ, ਤਿਲਕ ਰਾਜ ਜਨਰਲ ਮੈਨੇਜਰ, ਗੁਰਿੰਦਰ ਸਿੰਘ ਪ੍ਰਿੰਟਵੈਲ ਆਦਿ ਸ਼ਾਮਲ ਸਨ।