ਚਾਵਲਾ, ਚੰਡੀਗੜ੍ਹ/ਫਿਰੋਜ਼ਪੁਰ:- ਪੰਜਾਬ ਦੇ ਅੰਦਰ ਰੋਜ਼ਾਨਾ ਹੀ ਲੁੱਟਖੋਹ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਵਾਪਰਣ ਦੇ ਨਾਲ ਪੁਲਿਸ ਪ੍ਰਸਾਸ਼ਨ ਤੇ ਅਨੇਕਾਂ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਮੋਗਾ ਵਿਖੇ ਸੁਨਿਆਰੇ ਦਾ ਦਿਨ ਦਿਹਾੜੇ ਕਤਲ ਕਰਨ ਦਾ ਮਾਮਲਾ ਤਾਂ ਹਾਲੇ ਠੰਢਾ ਨਹੀਂ ਸੀ ਪਿਆ ਕਿ, ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਵਿਖੇ ਇੱਕ ਆੜ੍ਹਤੀਏ ਦੀ ਦੁਕਾਨ ਤੇ ਅਣਪਛਾਤਿਆਂ ਵਲੋਂ ਫ਼ਾਈਰਿੰਗ ਕਰ ਦਿੱਤੀ ਗਈ। ਇਸ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰੇਮ ਕੁਮਾਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ, ਅੱਜ ਚਿੱਟੇ ਦਿਨੇ ਬਾਈਕ ਤੇ ਸਵਾਰ ਹੋ ਕੇ ਆਏ ਅਣਪਛਾਤਿਆਂ ਵਲੋਂ ਤਲਵੰਡੀ ਭਾਈ ਦੇ ਆੜ੍ਹਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅੰਮ੍ਰਿਤ ਲਾਲ ਛਾਬੜਾ ਦੀ ਦੁਕਾਨ ਤੇ ਅੰਨ੍ਹੇਵਾਹ ਫ਼ਾਈਰਿੰਗ ਕਰਨੀ ਸ਼ੁਰੂ ਕਰ ਦਿੱਤੀ। ਆੜ੍ਹਤੀਆ ਤਾਂ ਦੁਕਾਨ ਵਿਚ ਨਹੀਂ ਸੀ, ਪਰ ਹਮਲਾਵਰਾਂ ਵਲੋਂ ਕੀਤੀ ਗਈ ਫ਼ਾਈਰਿੰਗ ਦੌਰਾਨ ਇੱਕ ਬੇਕਸੂਰਾ ਵਿਅਕਤੀ ਮਾਰਿਆ। ਦੂਜੇ ਪਾਸੇ, ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਫ਼ਸਰ ਪਲਵਿੰਦਰ ਸੰਧੁ ਸਮੇਤ ਪੁਲਿਸ ਪਾਰਟੀ ਮੌਕੇ ਤੇ ਪੁੱਜੇ, ਜਿਨ੍ਹਾਂ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।