ਵੋਟਰ ਸੂਚੀ ਦੀ ਸੁਧਾਈ ਦਾ ਕੰਮ ਸ਼ੁਰੂ, ਮੁੱਢਲੀ ਪ੍ਰਕਾਸਨਾ 9 ਨਵੰਬਰ ਨੂੰ : ਜ਼ਿਲ੍ਹਾ ਚੋਣ ਅਫਸਰ
–9 ਨਵੰਬਰ ਤੋਂ 8 ਦਸੰਬਰ ਤੱਕ ਪ੍ਰਾਪਤ ਕੀਤੇ ਜਾਣਗੇ ਦਾਅਵੇ ਅਤੇ ਇਤਰਾਜ, 26 ਦਸੰਬਰ ਨੂੰ ਹੋਵੇਗਾ ਨਿਪਟਾਰਾ
ਮੋਗਾ, 7 ਅਕਤੂਬਰ (ਅਜੀਤ ਸਿੰਘ/ਜਸਪਾਲ ਸਿੰਘ ਪੰਨੂ) : ਭਾਰਤੀ ਚੋਣ ਕਮਿਸਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਸੁਧਾਈ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸਨਾ 9 ਨਵੰਬਰ 2022 ਨੂੰ ਕੀਤੀ ਜਾਵੇਗੀ। 9 ਨਵੰਬਰ ਤੋਂ 8 ਦਸੰਬਰ 2022 ਤੱਕ ਦਾਅਵੇ ਅਤੇ ਇਤਰਾਜ (ਫਾਰਮ 6,7,8, 8ੳ) ਪ੍ਰਾਪਤ ਕੀਤੇ ਜਾਣਗੇ।
ਦਾਅਵੇ ਅਤੇ ਇਤਰਾਜਾਂ ਦਾ ਨਿਪਟਾਰਾ 26 ਦਸੰਬਰ 2022 ਨੂੰ ਕੀਤਾ ਜਾਵੇਗਾ। ਡਾਟਾਬੇਸ ਦੀ ਅਪਡੇਸਨ, ਫੋਟੋਆਂ ਡਾਟਾਬੇਸ ’ਚ ਸ਼ਾਮਲ ਕਰਨੀਆਂ, ਕੰਟਰੋਲ ਟੇਬਲ ਅਪਡੇਟ ਕਰਨਾ, ਅਨੁਪੂਰਕ ਸੂਚੀਆਂ ਦੀ ਤਿਆਰੀ ਅਤੇ ਛਪਾਈ ਦਾ ਕੰਮ 3 ਜਨਵਰੀ, 2023 ਨੂੰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ 5 ਜਨਵਰੀ,2023 ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸਨਾ ਹੋ ਜਾਵੇਗੀ।
ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਰੱਖੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਵੋਟਰ ਹੁਣ ਸਾਲ ’ਚ ਚਾਰ ਵਾਰ ਵੋਟ ਬਣਾ ਸਕਣਗੇ। ਨਵੇਂ ਵੋਟਰ ਬਣਨ ਦੀ ਯੋਗਤਾ ਰੱਖਣ ਵਾਲੇ ਲੜਕੇ ਅਤੇ ਲੜਕੀਆਂ ਸਾਲ ’ਚ ਚਾਰ ਵਾਰ 1 ਜਨਵਰੀ, 1 ਅਪ੍ਰੈਲ, 1 ਜੁਲਾਈ ਅਤੇ 1 ਅਕਤੂਬਰ ਤੋਂ ਜਿੰਨ੍ਹਾਂ ਦੀ ਉਮਰ 18 ਸਾਲ ਹੈ ਜਾਂ ਵੱਧ ਹੈ ਅਤੇ ਵੋਟ ਨਹੀਂ ਬਣੀ ਹੈ, ਆਪੋ ਆਪਣੀ ਵੋਟ ਬਣਾ ਸਕਣਗੇ। ਪਹਿਲਾਂ ਇਹ ਮੌਕਾ 1 ਜਨਵਰੀ ਨੂੰ 18 ਸਾਲ ਹੋਣ ’ਤੇ ਹੀ ਲੜਕੇ-ਲੜਕੀਆਂ ਨੂੰ ਵੋਟਰ ਫਾਰਮ ਭਰਨ ਦੀ ਇਜਾਜਤ ਮਿਲਦੀ ਸੀ, ਪ੍ਰੰਤੂ ਇਸ ਪ੍ਰੋਗਰਾਮ ਤਹਿਤ 17 ਸਾਲ ਉਮਰ ਪੂਰੀ ਕਰ ਚੁੱਕੇ ਲੜਕੇ-ਲੜਕੀਆਂ ਵੋਟ ਲਈ ਅਪਲਾਈ ਕਰ ਸਕਦੇ ਹਨ।
ਮੀਟਿੰਗ ’ਚ ਉਨ੍ਹਾਂ ਦੱਸਿਆ ਕਿ ਦੱਸਿਆ ਕਿ ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ 6, ਵੋਟ ਕਟਵਾਉਣ ਲਈ ਫਾਰਮ ਨੰਬਰ 7 ਅਤੇ ਕਿਸੇ ਵੀ ਪ੍ਰਕਾਰ ਦੀ ਦਰੁਸਤੀ ਕਰਨ ਲਈ ਫਾਰਮ ਨੰਬਰ 8 ਭਰਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸਨ ਵੱਲੋਂ ਫਾਰਮ ਨੰਬਰ 8 ਏ ਜੋ ਕਿ ਇੱਕ ਵਿਧਾਨ ਸਭਾ ਹਲਕੇ ’ਚ ਇੱਕ ਬੂਥ ਤੋਂ ਦੂਸਰੇ ਬੂਥ ’ਚ ਵੋਟ ਤਬਦੀਲ ਕਰਨ ਲਈ ਵਰਤਿਆ ਜਾਂਦਾ ਸੀ, ਖਤਮ ਕਰਕੇ ਹੁਣ ਫਾਰਮ ਨੰਬਰ 8 ਨਾਲ ਹੀ ਜੋੜ ਦਿੱਤਾ ਗਿਆ ਹੈ। ਇਸ ਲਈ ਕਿਸੇ ਵੀ ਤਰਾਂ ਦੀ ਤਬਦੀਲੀ ਲਈ ਵੀ ਫਾਰਮ ਨੰਬਰ 8 ਹੀ ਭਰਿਆ ਜਾਵੇਗਾ। ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਵੋਟਰ ਸੂਚੀ ਦੀ ਸੁਧਾਈ ਦੇ ਕੰਮ ਵਿੱਚ ਆਪਣਾ ਨਿੱਜੀ ਯੋਗਦਾਨ ਪਾਉਣ।