ਫ਼ਿਰੋਜ਼ਪੁਰ, 11 ਸਤੰਬਰ 2023:
ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਵਾਤਾਵਰਨ ਦੀ ਸੰਭਾਲ ਲਈ ‘ਨੀਲੇ ਅਸਮਾਨ ਲਈ ਸਾਫ਼ ਹਵਾ‘ ਦਾ ਅੰਤਰਰਾਸ਼ਟਰੀ ਦਿਵਸ 7 ਸਤੰਬਰ ਨੂੰ ਮਨਾਇਆ ਜਾਂਦਾ ਹੈ ਤਾਂ ਕਿ ਸਾਫ ਤੇ ਪ੍ਰਦੂਸ਼ਣ ਰਹਿਤ ਹਵਾ ਲੋਕਾਂ ਲਈ ਤੰਦਰੁਸਤ ਅਤੇ ਬਿਹਤਰ ਜ਼ਿੰਦਗੀ ਜਿਊਣ ਵਿਚ ਸਹਾਈ ਹੋਵੇ। ਇਸੇ ਤਹਿਤ ਸਿਹਤ ਵਿਭਾਗ ਫ਼ਿਰੋਜ਼ਪੁਰ ਵੱਲੋਂ 7 ਤੋਂ 13 ਸਤੰਬਰ ਤਕ ਡਾ. ਮੀਨਾਕਸ਼ੀ ਅਬਰੋਲ, ਕਾਰਜਕਾਰੀ ਸਿਵਲ ਸਰਜਨ ਫਿਰੋਜਪੁਰ ਦੀ ਅਗਵਾਈ ਵਿੱਚ ਵਾਤਾਵਰਨ ਦੀ ਸੰਭਾਲ ਲਈ ਵਾਤਾਵਰਨ ਨੂੰ ਸਾਫ ਤੇ ਸੁਰੱਖਿਅਤ ਰੱਖਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਦੀ ਸ਼ਮੂਲਿਅਤ ਕਰਵਾ ਕੇ ਇਕ ਵਿਸ਼ੇਸ ਸੈਂਸੇਟਾਈਜੇਸ਼ਨ ਵਰਕਸ਼ਾਪ ਕਰਵਾਈ ਗਈ।
ਇਸ ਮੌਕੇ ਜ਼ਿਲ੍ਹਾ ਐਪੀਡੀਮਾਲੋਜਿਸਟ-ਕਮ-ਨੋਡਲ ਅਫਸਰ ਡਾ. ਸਮਿੰਦਰਪਾਲ ਕੌਰ ਨੇ ਵਰਕਸ਼ਾਪ ਵਿੱਚ ਆਏ ਸਮੂਹ ਵਿਭਾਗਾਂ ਦੇ ਮੁੱਖੀਆ ਨੂੰ ਦੱਸਿਆ ਕਿ ਇਸ ਸਾਲ ਇਹ ਦਿਵਸ ‘ਟੂਗੈਦਰ ਫਾਰ ਕਲੀਨ ਏਅਰ‘ ਦੀ ਥੀਮ ਤੇ ਕੇਂਦਰਿਤ ਹੋਵੇਗਾ। ਥੀਮ ਦਾ ਉਦੇਸ਼ ਹਵਾ ਪ੍ਰਦੂਸ਼ਣ ਤੇ ਕਾਬੂ ਪਾਉਣ ਲਈ ਮਜ਼ਬੂਤ ਸਾਂਝੇਦਾਰੀ, ਸਰਕਾਰਾਂ ਵੱਲੋਂ ਨਿਵੇਸ਼ ਅਤੇ ਸਾਂਝੀ ਜ਼ਿੰਮੇਵਾਰੀ ਦੀ ਤੁਰੰਤ ਲੋੜ ਨੂੰ ਉਜਾਗਰ ਕਰਨਾ ਹੈ। ਇਹ ਮਨੁੱਖੀ ਅਤੇ ਈਕੋਸਿਸਟਮ ਦੀ ਸਿਹਤ ਤੇ ਹਵਾ ਪ੍ਰਦੂਸ਼ਣ ਦੇ ਸਿੱਧੇ ਪ੍ਰਭਾਵ ਨੂੰ ਵੀ ਰੇਖਾਂਕਿਤ ਕਰਦਾ ਹੈ ਅਤੇ ਵਾਯੂਮੰਡਲ ਦੀ ਸੁਰੱਖਿਆ ਅਤੇ ਹਰੇਕ ਲਈ ਸਿਹਤਮੰਦ ਹਵਾ ਨੂੰ ਯਕੀਨੀ ਬਣਾਉਣ ਦੀ ਸਾਂਝੀ ਜ਼ਿੰਮੇਵਾਰੀ ਨੂੰ ਵੀ ਦਰਸਾਉਂਦਾ ਹੈ। ਇਸ ਵਿਸ਼ੇ ‘ਤੇ ਗੱਲ ਕਰਦੇ ਹੋਏ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਇਸ ਅਧੀਨ ਕੀਤੀਆਂ ਜਾ ਰਹੀਆਂ ਜਾਗਰੂਕਤਾ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆ ਉਨ੍ਹਾਂ ਕਿਹਾ ਕਿ ਸਿਹਤ ਸੰਸਥਾਵਾਂ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਵਾਤਾਵਰਣ ਨੂੰ ਬਚਾਉਣ ਲਈ ਹਰੇਕ ਵਿਅਕਤੀ ਆਪਣੀ ਜ਼ਿੰਮੇਵਾਰੀ ਨਿਭਾਏ। ਕੁਦਰਤੀ ਸਰੋਤਾਂ ਨੂੰ ਬਾਲਣ ਦੇ ਤੌਰ ‘ਤੇ ਊਰਜਾ ਲਈ ਕੀਤਾ ਜਾ ਰਿਹਾ ਬਹੁਤ ਜ਼ਿਆਦਾ ਇਸਤੇਮਾਲ ਗ੍ਰੀਨ ਹਾਊਸ ਗੈਸਾਂ ਦੀ ਮਾਤਰਾ ਹਵਾ ਵਿਚ ਵਧਾ ਰਿਹਾ ਹੈ ਜਿਸ ਨਾਲ ਧਰਤੀ ਦੇ ਔਸਤ ਤਾਪਮਾਨ ਵਿਚ ਵਾਧਾ ਹੋ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਮੌਸਮੀ ਚੱਕਰ ਵਿੱਚ ਤਬਦੀਲੀ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਹਵਾ ਪ੍ਰਦੂਸ਼ਣ ਨਾਲ ਜੁੜੇ ਹੋਏ ਸਾਹ ਦੇ ਰੋਗ, ਫੇਫੜਿਆਂ ਦਾ ਕੈਂਸਰ ਅਤੇ ਦਿਲ ਦੇ ਰੋਗਾਂ ਵਿੱਚ ਵਾਧਾ ਇਨਸਾਨ ਦੀ ਔਸਤ ਜਿੰਦਗੀ ਵਿੱਚ ਕਮੀ ਲਿਆ ਰਿਹਾ ਹੈ। ਸਾਨੂੰ ਵਾਤਾਵਰਣ ਨੂੰ ਬਚਾਉਣ ਲਈ ਕੀਤੇ ਜਾ ਸਕਦੇ ਯਤਨਾਂ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ। ਮੈਡੀਕਲ ਖੇਤਰ ਹਮੇਸ਼ਾ ਸਮਾਜ ਲਈ ਚਾਨਣ ਮੁਨਾਰਾ ਰਿਹਾ ਹੈ, ਇਸ ਦੀ ਸੇਧ ਦੇਣ ਲਈ ਜਿਲਾ ਸਿਹਤ ਵਿਭਾਗ ਇਸ ਪੂਰੇ ਹਫਤੇ 7 ਤੋਂ 13 ਸਤੰਬਰ ਤੱਕ ਵਾਤਾਵਰਣ ਦੀ ਸੰਭਾਲ ਦੀ ਕੋਸ਼ਿਸ਼ਾਂ ਲਈ ਪ੍ਰੇਰਿਤ ਕਰੇਗਾ, ਹਸਪਤਾਲਾਂ ਵਿੱਚ ਬੂਟੇ ਲਗਾਏ ਜਾਣਗੇ, ਸਕੂਲਾਂ ਕਾਲਜਾਂ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਏ ਜਾਣਗੇ, ਬਿਜਲੀ ਦੇ ਦੁਰਉਪਯੋਗ ਤੇ ਬਰਬਾਦੀ ਨੂੰ ਰੋਕਣ ਲਈ ਹਸਪਤਾਲਾਂ ਵਿੱਚ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।
ਇਸ ਮੌਕੇ ਟ੍ਰੈਫਿਕ ਵਿਭਾਗ ਦੇ ਇੰਚਾਰਜ ਏ.ਐਸ.ਆਈ ਲਖਬੀਰ ਸਿੰਘ ਨੇ ਦੱਸਿਆ ਕਿ ਪੁਰਾਣੇ ਵਹੀਕਲਾਂ ਦੀ ਵਰਤੋਂ ਘੱਟ ਕੀਤੀ ਜਾਵੇ ਅਤੇ ਇਲੈਕਟ੍ਰਿਕ ਵਹੀਕਲਾਂ ਦੀ ਵਰਤੋਂ ਵੱਧ ਕੀਤੀ ਜਾਵੇ, ਜਿਸ ਨਾਲ ਹਵਾ ਪ੍ਰਦੂਸ਼ਣ ਨੂੰ ਰੋਕਿਆ ਜਾ ਸਕਦਾ ਹੈ।ਇਸ ਮੌਕੇ ਸਿਹਤ ਵਿਭਾਗ, ਸਿੱਖਿਆ ਵਿਭਾਗ, ਟ੍ਰੈਫਿਕ ਵਿਭਾਗ, ਪੁਲਿਸ ਵਿਭਾਗ ਅਤੇ ਨਗਰ ਕੌਂਸਲ ਦੇ ਨੁਮਾਇੰਦੇ ਹਾਜਰ ਸਨ।