ਹੁਸ਼ਿਆਰਪੁਰ 22 ਅਗਸਤ ( ਤਰਸੇਮ ਦੀਵਾਨਾ ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਰਥਿਕ ਸਲਾਹਕਾਰ ਕਮੇਟੀ ਦੇ ਚੇਅਰਮੈਨ ਬਿਬੇਕ ਦੇਵ ਰਾਏ ਨੇ ਪਿੱਛਲੇ ਦਿਨੀ ਇੱਕ ਬਿਜਨਸ ਅਖਬਾਰ ਨੂੰ ਆਰਟੀਕਲ ਲਿਖ ਕੇ ਭੇਜਿਆ ਤੇ ਵਕਾਲਤ ਕੀਤੀ ਕਿ ਭਾਰਤ ਦਾ ਸੰਵਿਧਾਨ ਨਵੇਂ ਸਿਰਿਉਂ ਲਿਖਣ ਦੀ ਲੋੜ ਹੈ ਕਿਉਂ ਕੇ ਮੌਜੂਦਾ ਸੰਵਿਧਾਨ ਵਿੱਚੋਂ ਗੁਲਾਮੀ ਦੀ ਬੂ ਆਉਦੀ ਹੈ। ਭਾਵੇਂ ਆਰਥਿਕ ਸਲਾਹਕਾਰ ਕਮੇਟੀ ਨੇ ਆਪਣੇ ਆਪ ਨੂੰ ਚੇਅਰਮੈਨ ਬਿਬੇਕ ਦੇਵਰਾਏ ਦੇ ਵਿਚਾਰਾਂ ਨੂੰ ਨਿੱਜੀ ਦੱਸਿਆ ਤੇ ਕਿਹਾ ਕੇ ਆਰਥਿਕ ਸਲਾਹਕਾਰ ਕਮੇਟੀ ਜਾਂ ਭਾਰਤ ਸਰਕਾਰ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਅਜਿਹੇ ਆਦਮੀ ਦਾ ਕਮੇਟੀ ਦਾ ਚੇਅਰਮੈਨ ਬਣੇ ਰਹਿਣਾ ਭਾਰਤ ਦੇਸ਼ ਲਈ ਹੀ ਬਹੁਤ ਖ਼ਤਰਨਾਕ ਹੈ ਇਹਨਾ ਗੱਲਾ ਦਾ ਪ੍ਰਗਟਾਵਾ ਸਥਾਨਿਕ ਮੁਹੱਲਾ ਭੀਮ ਨਗਰ ਦੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਨਵੇ ਬਣੇ ਨੰਬਰਦਾਰ ਲਾਇਨ ਰਣਜੀਤ ਰਾਣਾ ਨੇ ਕੁਝ ਚੌਣਵੇ ਪੱਤਰਕਾਰਾ ਨਾਲ ਕੀਤਾ ਉਹਨਾਂ ਕਿਹਾ ਕਿ ਭਾਰਤ ਦੇਸ਼ ਲਈ ਦੇਸ਼ ਦਾ ਸੰਵਿਧਾਨ ਦਾ ਇੱਕ ਮੰਮੀਰੇ ਦੀ ਗੱਠੀ ਹੈ । ਉਹਨਾਂ ਕਿਹਾ ਕਿ 1931 ਵਿੱਚ ਮੋਤੀ ਲਾਲ ਨਹਿਰੂ ਨੇ ਵੀ ਦੇਸ਼ ਦਾ ਸੰਵਿਧਾਨ ਲਿਖਿਆ ਸੀ ਜੋ ਕਿ ਨਾ ਮੰਜੂਰ ਹੋ ਗਿਆ ਸੀ। ਉਹਨਾਂ ਕਿਹਾ ਕਿ ਬਾਬਾ ਸਾਹਿਬ ਭੀਮ ਰਾਉ ਅੰਬੇਦਕਰ ਜੀ ਨੇ ਦੁਨੀਆ ਦੇ 62 ਦੇਸ਼ਾਂ ਦਾ ਸੰਵਿਧਾਨ ਪੜ੍ਹ ਕੇ ਦੋ ਸਾਲ ਗਿਆਰਾਂ ਮਹੀਨੇ ਅਤੇ ਅਠਾਰਾਂ ਦਿਨਾਂ ਦੀ ਮਿਹਨਤ ਨਾਲ ਦੇਸ਼ ਦਾ ਸੰਵਿਧਾਨ ਲਿਖਿਆ ਸੀ ਜੋ ਪਿਛਲੇ 75 ਸਾਲਾ ਤੋ ਸਮੇਂ ਦੀ ਕਸੌਟੀ ਤੇ ਖਰਾ ਉਤਰ ਰਿਹਾ ਹੈ । ਉਹਨਾ ਕਿਹਾ ਦੇਸ਼ ਦੇ ਸਰਬ-ਉੱਚ ਅਦਾਲਤਾਂ ਦੇ ਕਈ ਮੁਖੀਆਂ ਨੇ ਤਾਂ ਇੱਥੋ ਤੱਕ ਕਿਹਾ ਕੇ ਭਾਰਤ ਦਾ ਸੰਵਿਧਾਨ ਪਰਮਾਤਮਾ ਤੋਂ ਘੱਟ ਨਹੀਂ। ਜੇਕਰ ਦੇਸ਼ ਦੇ ਸੰਵਿਧਾਨ ਨੂੰ ਪੂਜਿਆ ਜਾਂਦਾ ਹੈ ਤਾਂ ਕਿਸੇ ਹੋਰ ਭਗਵਾਨ ਨੂੰ ਪੂਜਣ ਦੀ ਲੋੜ ਨਹੀਂ। ਉਹਨਾ ਕਿਹਾ ਕਿ ਬਿਬੇਕ ਦੇਵ ਰਾਏ ਜਿਸ ਨੂੰ ਕੋਈ ਜਾਣਦਾ ਹੀ ਨਹੀਂ ਕੀ ਬੰਗਾਲ ਵਾਸੀ ਨੋਬਲ ਲਾਰੇਟ ਅੰਮ੍ਰਿਤਿਆ ਸੇਨ ਤੋਂ ਵੀ ਵੱਡਾ ਹੈ ਜੋ ਕਹਿੰਦਾ ਹੈ , “ ਬਾਬਾ ਸਾਹਿਬ ਡਾ: ਅੰਬੇਡਕਰ ਜੀ ਆਰਥਿਕ ਪੜਾਈ ਵਿੱਚ ਮੇਰੇ ਪਿਤਾ ਹਨ”। ਪ੍ਰਧਾਨ ਮੰਤਰੀ ਮੋਦੀ ਨੂੰ ਬਿਬੇਕ ਦੇਵ ਰਾਏ ਨੂੰ ਤੁਰੰਤ ਪ੍ਰਭਾਵ ਨਾਲ ਡਿਸਮਿਸ ਕਰ ਦੇਣਾ ਚਾਹੀਦਾ ਹੈ ਕਿਉਂਕਿ ਨਾ ਉਹ ਭਾਜਪਾ ਲਈ ਤੇ ਨਾ ਹੀ ਦੇਸ਼ ਲਈ ਲਾਹੇਬੰਦ ਸਾਬਿਤ ਨਹੀ ਹੋ ਸਕਦਾ । ਉਹਨਾ ਕਿਹਾ ਕਿ ਕੇਂਦਰ ਸਰਕਾਰ ਜਾਂ ਭਾਜਪਾ ਵੱਲੋਂ ਬਿਬੇਕ ਦੇਵ ਰਾਏ ਦੇ ਵਿਚਾਰਾਂ ਨੂੰ ਨਿੱਜੀ ਕਹਿ ਦੇਣ ਨਾਲ ਖਹਿੜਾ ਨਹੀਂ ਛੁੱਟਣਾ। ਅਜਿਹੇ ਵਿਅਕਤੀ ਦਾ ਦੇਸ਼ ਦੀਆਂ ਨੀਤੀਆਂ ਬਣਾਉਣ ਵਿੱਚ ਕੋਈ ਥਾਂ ਨਹੀ ਹੋਣਾ ਚਾਹੀਦਾ ਜਿਸਦੇ ਨਿੱਜੀ ਵਿਚਾਰ ਦੇਸ਼ ਵਿਰੋਧੀ ਹੋਣ, ਜਿਸ ਨੂੰ ਦੇਸ਼ ਦੀ ਸਮਾਜਿਕ ਤੇ ਆਰਥਿਕ ਵਿਵਸਥਾ ਦੀ ਬੇਸਿਕ ਸਮਝ ਵੀ ਨਾ ਹੋਵੇ। ਉਹਨਾ ਕਿਹਾ ਕਿ ਦੇਸ਼ ਦੇ ਬੁੱਧੀਜੀਵੀ ਤੇ ਦਲਿਤ ਸਮਾਜ ਖਾਸ ਕਰ ਕੇ ਕਦੇ ਵੀ ਸੰਵਿਧਾਨ ਨੂੰ ਨਵੇਂ ਸਿਰਿਉਂ ਲਿਖਿਆ ਜਾਣਾ ਸਵਿਕਾਰ ਨਹੀਂ ਕਰੇਗਾ। ਉਹਨਾ ਕਿਹਾ ਕਿ ਬਿਬੇਕ ਦੇਵ ਰਾਏ ਨੂੰ ਆਰਥਿਕ ਸਲਾਹਕਾਰ ਕਮੇਟੀ ਦਾ ਚੇਅਰਮੈਨ ਰੱਖਣਾ ਭਾਰਤ ਦੇਸ਼ ਦਾ ਨੁਕਸਾਨ ਕਰੇਗਾ ਤੇ ਪਾਰਟੀ ਪ੍ਰਤੀ ਲੋਕਾਂ ਵਿੱਚ ਗਲਤ ਭਰਮ ਪੈਦਾ ਕਰੇਗਾ। ਉਹਨਾ ਕਿਹਾ ਕਿਹਾ ਕਿ ਹੁਣ ਚੁਕੰਨੇ ਹੋ ਕੇ ਰਹਿਣ ਦੀ ਜਰੂਰਤ ਹੈ ਕਿਉਕਿ ਅਜਿਹੇ ਵਿਅਕਤੀ ਦੇ ਨਿੱਜੀ ਵਿਚਾਰ ਕਦੋਂ ਦੇਸ਼ ਦੀਆਂ ਨੀਤੀਆਂ ਵਿੱਚ ਘੁੱਸ ਜਾਣਗੇ ਪਤਾ ਵੀ ਨਹੀ ਲੱਗਣਾ ।