ਖਾਲਸਾ ਕਾਲਜ ਵਿਖੇ ‘ਏ ਯੂਨੀਕ ਸਟਾਈਲ ਆਫ਼ ਇੰਡੋ-ਸਰਸੇਨਿਕ ਬਿਲਡਿੰਗ-ਖ਼ਾਲਸਾ ਕਾਲਜ ਅੰਮ੍ਰਿਤਸਰ’ ਡਾਕੂਮੈਂਟਰੀ ਰਿਲੀਜ਼
ਡਾਕੂਮੈਂਟਰੀ ਕਾਲਜ ਦੀ ਵਿਰਾਸਤੀ ਇਮਾਰਤ ਦੀ ਪ੍ਰਭਾਵਸ਼ਾਲੀ ਸ਼ੈਲੀ ਨੂੰ ਦਰਸਾਉਂਦੀ ਹੈ : ਛੀਨਾ
ਫ਼ਿਲਮ ਕਾਲਜ ਦੇ ਆਰਕੀਟੈਕਚਰਲ ਅਜੂਬੇ ਨੂੰ ਕਰਦੀ ਹੈ ਉਜਾਗਰ : ਹਰਪ੍ਰੀਤ ਸੰਧੂ
ਅੰਮ੍ਰਿਤਸਰ: 18 ਮਈ ( ਗੁਰਮੀਤ ਸਿੰਘ ਰਾਜਾ )-ਖਾਲਸਾ ਕਾਲਜ ਕੈਂਪਸ ਵਿਖੇ ਅੱਜ ਇਕ ਦਸਤਾਵੇਜ਼ੀ ਫ਼ਿਲਮ ‘ਏ ਯੂਨੀਕ ਸਟਾਈਲ ਆਫ ਇੰਡੋ–ਸਰਸੇਨਿਕ ਬਿਲਡਿੰਗ–ਖਾਲਸਾ ਕਾਲਜ ਅੰਮ੍ਰਿਤਸਰ’ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਿਲੀਜ਼ ਕੀਤੀ ਗਈ। ਇਹ ਫ਼ਿਲਮ ਪ੍ਰਸਿੱਧ ਹੈਰੀਟੇਜ਼ ਪ੍ਰਮੋਟਰ ਅਤੇ ਕੁਦਰਤੀ ਪ੍ਰੇਮੀ ਸ੍ਰੀ ਹਰਪ੍ਰੀਤ ਸੰਧੂ ਦੁਆਰਾ ਨਿਰਮਿਤ ਅਤੇ ਨਿਰਦੇਸ਼ਿਤ ਕੀਤੀ ਗਈ ਹੈ, ਜਿਸ ਦਾ ਉਦੇਸ਼ ਬ੍ਰਿਟਿਸ਼ ਕਾਲ ਦੌਰਾਨ ਸੰਨ 1892 ’ਚ ਸਥਾਪਿਤ ਵਿਰਾਸਤੀ ਖ਼ਾਲਸਾ ਕਾਲਜ ਇਮਾਰਤ ਅਜ਼ੂਬੇ ਨੂੰ ਉਜਾਗਰ ਕਰਨਾ ਹੈ।
ਅੰਤਰਰਾਸ਼ਟਰੀ ਅਜਾਇਬ ਘਰ ਦਿਵਸ ਮੌਕੇ ਰਿਲੀਜ਼ ਕੀਤੀ ਗਈ ਇਸ ਫ਼ਿਲਮ ਦਾ ਪ੍ਰੀਮੀਅਰ ਉੱਘੀਆਂ ਸ਼ਖਸੀਅਤਾਂ ਦੀ ਮੌਜ਼ੂਦਗੀ ’ਚ ਹੋਇਆ। ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਇਹ ਦਸਤਾਵੇਜ਼ੀ ਫਿਲਮ ਇਤਿਹਾਸਕ ਇਮਾਰਤਸਾਜ਼ੀ ਦੀ ਸੰਖੇਪ ਰੂਪ ’ਚ ਜਾਣ-ਪਛਾਣ ਹੈ, ਜੋ ਵਿਸ਼ਵ ਭਰ ’ਚ ਆਪਣੀ ਵਿਲੱਖਣ ਸ਼ੈਲੀ ਲਈ ਜਾਣੀ ਜਾਂਦੀ ਹੈ।
ਇਸ ਮੌਕੇ ਇਨਕਮ ਟੈਕਸ ਆਈ.ਆਰ.ਐਸ. ਕਮਿਸ਼ਨਰ ਸ੍ਰੀ ਗਰੀਸ਼ ਬਾਲੀ, , ਨਗਰ ਨਿਗਮ ਆਈ. ਏ. ਐਸ. ਕਮਿਸ਼ਨਰ ਸੰਦੀਪ ਰਿਸ਼ੀ, ਵਧੀਕ ਕਮਿਸ਼ਨਰ ਕਸਟਮ ਆਈ.ਆਰ.ਐਸ. ਜੋਗਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਆਈ. ਏ. ਐਸ. ਸ: ਸੁਰਿੰਦਰ ਸਿੰਘ, ਕਸਟਮ ਜਾਇੰਟ ਕਮਿਸ਼ਨਰ ਆਈ. ਆਰ. ਐਸ. ਸ੍ਰੀ ਨਵਨੀਤ ਕੌਸ਼ਲ, ਕਸਟਮ ਡਿਪਟੀ ਕਮਿਸ਼ਨਰ, ਆਈ.ਆਰ.ਐਸ. ਸ੍ਰੀ ਅਤੁਲ ਟਿਰਕੀ ਅਤੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਹਾਜ਼ਰ ਸਨ।
ਸਮਾਰੋਹ ਦੌਰਾਨ ਵਿਰਾਸਤੀ ਇਮਾਰਤ ਨੂੰ ਦਰਸਾਉਂਦਾ ਇਕ ਚਿੱਤਰਕਾਰੀ ਕਿਤਾਬਚਾ ਵੀ ਜਾਰੀ ਕੀਤਾ ਗਿਆ। ਇਸ ਮੌਕੇ ਸ: ਛੀਨਾ ਨੇ ਕਿਹਾ ਕਿ ਉਕਤ ਕਰੀਬ 6 ਮਿੰਟ ਦੀ ਫ਼ਿਲਮ ਕਾਲਜ ਦੀ ਇਮਾਰਤ ਦੀ ਸ਼ਾਨਦਾਰ ਝਲਕ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ’ਚ ਮੁਗਲ, ਸਿੱਖ ਅਤੇ ਵਿਕਟੋਰੀਅਨ ਆਰਕੀਟੈਕਚਰ ਦਾ ਸੁਮੇਲ ਵਾਲੇ ਗੁੰਬਦ ਹਨ ਅਤੇ ਵਿਸ਼ਵ ਪ੍ਰਸਿੱਧ ਆਰਕੀਟੈਕਟ ਭਾਈ ਰਾਮ ਸਿੰਘ ਜੋ ਉਸ ਸਮੇਂ ਦੇ ਮੇਓ ਕਾਲਜ ਆਫ਼ ਆਰਟਸ, ਲਾਹੌਰ ਦੇ ਪ੍ਰਿੰਸੀਪਲ ਸਨ ਵੱਲੋਂ ਤਿਆਰ ਕੀਤੀ ਗਈ ਸੀ।
ਇਸ ਮੌਕੇ ਸ੍ਰੀ ਰਿਸ਼ੀ ਨੇ ਦਸਤਾਵੇਜ਼ੀ ਫ਼ਿਲਮ ਨੂੰ ਨਾ ਸਿਰਫ ਪੰਜਾਬ ਦੇ, ਸਗੋਂ ਵਿਸ਼ਵ ਭਰ ਦੇ ਲੋਕਾਂ ਲਈ ਬਹੁਤ ਦਿਲਚਸਪੀ ਵਾਲੀ ਦੱਸਿਆ ਜੋ ਪੰਜਾਬ ਦੀ ਅਮੀਰ ਵਿਰਾਸਤ ’ਚ ਰੁਚੀ ਰੱਖਦੇ ਹਨ। ਉਨ੍ਹਾਂ ਨੇ ਨੇਚਰ ਆਰਟਿਸਟ ਹਰਪ੍ਰੀਤ ਸੰਧੂ ਦੀ ਇਸ ਜਾਣਕਾਰੀ ਭਰਪੂਰ ਡਾਕੂਮੈਂਟਰੀ ਦੇ ਨਾਲ ਆਉਣ ਦੇ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ, ਜਿਸ ’ਚ 131 ਸਾਲਾਂ ਦੇ ਸ਼ਾਨਾਮੱਤੇ ਇਤਿਹਾਸ ਵਾਲੀ ਇੰਡੋ-ਸਾਰਸੈਨਿਕ ਸਟਾਈਲ ਬਿਲਡਿੰਗ ਦੇ ਸ਼ਾਨਦਾਰ ਰਤਨ ਨੂੰ ਉਜਾਗਰ ਕੀਤਾ ਗਿਆ ਹੈ, ਜੋ ਕਿ ਪੰਜਾਬ ਦੀ ਧਰਤੀ ’ਤੇ ਵਿੱਦਿਅਕ ਅਤੇ ਅਕਾਦਮਿਕ ਮੀਲ ਪੱਥਰ ਵਜੋਂ ਸੇਵਾ ਨਿਭਾਅ ਰਿਹਾ ਹੈ।
ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਹਰਪ੍ਰੀਤ ਸੰਧੂ ਨੂੰ ਇਸ ਸ਼ਾਨਦਾਰ ਫ਼ਿਲਮ ਦੇ ਨਿਰਦੇਸ਼ਨ ਲਈ ਸਮਰਪਿਤ ਯਤਨਾਂ ਦੀ ਪ੍ਰਸ਼ੰਸਾ ਕੀਤੀ, ਜੋ ਕਿ ਹੈਰੀਟੇਜ ਮਾਰਵਲ–ਖਾਲਸਾ ਦੇ ਤਿੰਨ-ਅਯਾਮੀ ਝਲਕ ਨੂੰ ਦਰਸਾਉਂਦੀ ਹੈ। ਕਾਲਜ ਜੋ ਕਿ ਪੰਜਾਬ ਦੇ ਸਭ ਤੋਂ ਪੁਰਾਣੇ ਵਿੱਦਿਅਕ ਅਦਾਰਿਆਂ ’ਚੋਂ ਇਕ ਹੈ, ਬਾਰੇ ਇਹ ਫਿਲਮ ਸਮਾਜ ਲਈ ਇੱਕ ਸੁਚੱਜਾ ਸੁਨੇਹਾ ਦਿੰਦੀ ਹੈ ਕਿ ਇਤਿਹਾਸ ਨੂੰ ਤਾਂ ਹੀ ਜ਼ਿੰਦਾ ਰੱਖਿਆ ਜਾ ਸਕਦਾ ਹੈ ਜੇਕਰ ਅਸੀਂ ਆਪਣੀਆਂ ਇਤਿਹਾਸਕ ਯਾਦਗਾਰਾਂ ਜੋ ਕਿ ਇਕ ਪੀੜ੍ਹੀ ਨੂੰ ਦੂਜੀ ਪੀੜ੍ਹੀ ਨਾਲ ਜੋੜਨ ਵਾਲਾ ਜਰੀਆ ਹਨ, ਨੂੰ ਸੰਭਾਲ ਕੇ ਰੱਖਾਂਗੇ।
ਇਸ ਮੌਕੇ ਆਈ. ਆਰ. ਐਸ. ਸ: ਜੋਗਿੰਦਰ ਸਿੰਘ ਨੇ ਕਾਲਜ ਦੀ ਇਸ ਵਿਰਾਸਤੀ ਇਮਾਰਤ ਨੂੰ ਦਰਸਾਉਣ ਲਈ ਸ੍ਰੀ ਹਰਪ੍ਰੀਤ ਸੰਧੂ ਦੁਆਰਾ ਪਾਏ ਸ਼ਾਨਦਾਰ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਹਰਪ੍ਰੀਤ ਸੰਧੂ ਨੇ ਕਿਹਾ ਕਿ ਉਕਤ ਫਿਲਮ ਦੀ ਸ਼ੂਟਿੰਗ ਨੂੰ ਪੂਰਾ ਕਰਨ ’ਚ ਉਨ੍ਹਾਂ ਨੂੰ ਲਗਭਗ ਇਕ ਸਾਲ ਦਾ ਸਮਾਂ ਲੱਗਿਆ ਹੈ, ਜਿਸ ਨੂੰ ਉਨ੍ਹਾਂ ਨੇ ਇਸ ਵਿਰਾਸਤੀ ਦਰਜੇ ਦੀ ਕਾਲਜ ਦੀ ਇਮਾਰਤ ਨੂੰ ਆਪਣੇ ਤਰੀਕੇ ਨਾਲ ਇਕੋ ਇੱਕ ਹੋਣ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ ਤਿਆਰ ਕੀਤਾ ਹੈ।
ਕੈਪਸ਼ਨ:
ਖ਼ਾਲਸਾ ਕਾਲਜ ਵਿਖੇ ਕਰਵਾਏ ਗਏ ਸਮਾਗਮ ਮੌਕੇ ਸੰਬੋਧਨ ਕਰਦੇ ਹੋਏ ਸ: ਰਜਿੰਦਰ ਮੋਹਨ ਸਿੰਘ ਛੀਨਾ। ਅਤੇ ਕਿਤਾਬਚਾ ਜਾਰੀ ਕਰਦੇ ਹੋਏ ਸ: ਰਜਿੰਦਰ ਮੋਹਨ ਸਿੰਘ ਛੀਨਾ ਨਾਲ ਹਨ ਸ੍ਰੀ ਸੰਦੀਪ ਰਿਸ਼ੀ, ਹਰਪ੍ਰੀਤ ਸੰਧੂ, ਡਿਪਟੀ ਡਾਇਰੈਕਟਰ ਧਰਮਿੰਦਰ ਸਿੰਘ ਰਟੌਲ, ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਹੋਰ ਸਖਸ਼ੀਅਤਾਂ।