ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ਕੁਸ਼ਾਲ ਸ਼ਰਮਾਂ) ਸਿੱਖ ਕੌਮ ਦੇ ਮਹਾਨ ਨਿੱਧੜਕ ਜਰਨੈਲ, ਸੂਰਬੀਰ, ਯੋਧੇ ਤੇ ਸ਼ੋ੍ਮਣੀ ਪੰਥ ਅਕਾਲੀ ਬੁੱਢਾ ਦਲ ਦੇ 6ਵੇਂ ਮੁੱਖੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਅਕਾਲੀ ਫੂਲਾ ਸਿੰਘ ਜੀ ਦੀ ਦੂਸਰੀ ਸ਼ਹੀਦੀ ਸ਼ਤਾਬਦੀ (200 ਸਾਲਾ) ਨੂੰ ਸਮਰਪਿਤ ਸਬੰਧੀ ਵੱਖ ਵੱਖ ਧਾਰਮਿਕ ਜੱਥੇਬੰਦੀਆਂ ਤੇ ਸੰਗਠਨਾ ਦੇ ਵੱਲੋਂ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਤੇ 5 ਪਿਆਰੀਆਂ ਦੀ ਅਗੁਵਾਈ ਦੇ ਵਿੱਚ ਕੱਢੇ ਗਏ ਵਿਸ਼ਾਲ ਸ਼ਹੀਦੀ ਫ਼ਤਿਹ ਮਾਰਚ ਦੇ ਪੜਾਅਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਪੁੱਜਣ ਤੇ ਜੀਐਨਡੀਯੂ ਪ੍ਰਬੰਧਨ, ਜੀਐਨਡੀਯੂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ, ਅਧਿਆਪਕਾ ਤੇ ਵਿਦਿਆਰਥੀਆਂ ਦੇ ਵੱਲੋਂ ਬੋਲੇ ਸੋ ਨਿਹਾਲ ਦੇ ਆਕਾਸ਼ ਗੁੰਝਾਓੁ ਜੈਕਾਰਿਆਂ ਦੇ ਨਾਲ ਗਰਮਜ਼ੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਵੀਸੀ ਪ੍ਰੋ. ਡਾ. ਜ਼ਸਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਸਥਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਡਾਇਰੈਕਟਰ ਪ੍ਰੋ. ਡਾ. ਅਮਰਜੀਤ ਸਿੰਘ ਦੀ ਅਗੁਵਾਈ ਵਾਲੇ ਵਿਭਾਗ ਦੇ ਪ੍ਰੋ. ਡਾ.ਅਮਰ ਸਿੰਘ, ਆਈਟੀ ਸੈਲਿਓੂਸ਼ਨ ਸੈਂਟਰ ਦੇ ਸਿਸਟਮ ਐਡਮਿਨਸਟ੍ਰੇਟਰ ਤੀਰਥ ਸਿੰਘ, ਉੱਘੇ ਸਮਾਜ ਸੇਵੀ ਬਾਬਾ ਸੁਖਵੰਤ ਸਿੰਘ (ਪ੍ਰਬੰਧਕੀ ਬਲਾਕ) ਆਦਿ ਸਮੇਤ ਅਣਗਿਣਤ ਵਿਦਿਆਰਥੀਆਂ ਦੇ ਵੱਲੋਂ ਸਾਂਝੇ ਤੌਰ ਤੇ 5 ਪਿਆਰੀਆਂ ਨੂੰ ਸਿਰੋਪਾਓੁ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰੋ. ਡਾ. ਅਮਰ ਸਿੰਘ ਨੇ ਕਿਹਾ ਕਿ ਸਿੱਖ ਧਰਮ ਦੇ ਬਾਨੀ ਤੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਸਥਾਪਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਿੱਖ ਕੌਮ ਨਾਲ ਸਬੰਧਤ ਹਰੇਕ ਦਿਹਾੜੇ ਅਤੇ ਤਿਓੁਹਾਰ ਨੂੰ ਆਪਣੀਆਂ ਵਿਰਾਸਤੀ ਰਹੁ ਰੀਤਾਂ, ਰਵਾਇਤਾਂ ਤੇ ਪਰੰਪਰਾਵਾ ਦੇ ਅਨੁਕੂਲ ਮਨਾਉਂਦੀ ਯੁੱਗਾਂ ਯੁੱਗਾਂ ਤੋਂ ਮਨਾਉਂਦੀ ਆਈ ਹੈ ਤੇ ਮਨਾਂਉਂਦੀ ਰਹੇਗੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਮਹਾਨ ਜਰਨੈਲ, ਸੂਰਬੀਰ, ਯੋਧੇ ਤੇ ਜੱਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਸਿੱਖ ਪੰਥ ਦੀ ਇੱਕ ਅਜ਼ੀਮ ਧਾਰਮਿਕ ਸ਼ਖਸ਼ੀਅਤ ਸਨ ਜਿੰਨ੍ਹਾਂ ਦੀ ਸਮੁੱਚੀ ਜੀਵਨਸ਼ੈਲੀ ਪ੍ਰਾਪਤੀਆਂ ਦਰ ਪ੍ਰਾਪਤੀਆਂ ਨਾਲ ਭਰਪੂਰ ਹੈ। ਉਨ੍ਹਾਂ ਦਾ ਨਾਮ ਸਿੱਖ ਕੌਮ ਦੇ ਅਮੀਰ ਵਿਰਾਸਤੀ ਤੇ ਧਾਰਮਿਕ ਪੁਸਤਕਾਂ ਤੋਂ ਇਲਾਵਾ ਧਾਰਮਿਕ ਇਤਿਹਾਸ ਦੇ ਪੰਨਿਆਂ ਤੇ ਸੁਨਿਹਰੀ ਅੱਖਰਾਂ ਦੇ ਵਿੱਚ ਅੰਕਿਤ ਹੈ। ਉਨ੍ਹਾਂ ਦੱਸਿਆ ਕਿ ਸਿੱਖ ਧਾਰਮਿਕ ਸੰਪਰਦਾਵਾਂ ਦੇ ਵਿੱਚ ਬਾਬਾ ਅਕਾਲੀ ਫੂਲਾ ਸਿੰਘ ਜੀ ਦਾ ਨਾਮ ਬੜੇ ਅੱਦਬ ਤੇ ਸਤਿਕਾਰ ਦੇ ਨਾਲ ਲੈਣ ਦੇ ਨਾਲ ਨਾਲ ਉਨ੍ਹਾਂ ਵੱਲੋਂ ਕਾਇਮ ਕੀਤੀਆਂ ਗਈਆਂ ਮਿਸਾਲਾਂ ਨੂੰ ਰਾਹ ਦਸੇਰਿਆ ਦੇ ਰੂਪ ਵਿੱਚ ਮਾਣ ਹਾਸਲ ਹੈ। ਬਾਬਾ ਜੀ ਦੀ ਜੀਵਨਸ਼ੈਲੀ ਅਜੌਕੇ ਦੌਰ ਦੀ ਨੌਜ਼ਵਾਨ ਪੀੜ੍ਹੀ ਦੇ ਲਈ ਇੱਕ ਰੌਸ਼ਨ ਮੁੰਨਾਰਾ ਹੈ। ਉਨ੍ਹਾਂ ਦੀ ਦੂਜੀ ਸ਼ਹੀਦੀ ਸ਼ਤਾਬਦੀ ਤੇ ਸਜਾਏ ਗਏ ਵਿਸ਼ਾਲ ਸ਼ਹੀਦੀ ਫਤਿਹ ਮਾਰਚ ਦੇ ਵਿੱਚ ਸ਼ਾਮਲ 5 ਪਿਆਰੀਆਂ, ਨਿਹੰਗ ਜੱਥੇਬੰਦੀਆਂ ਤੇ ਗੁਰੂ ਘਰ ਦੇ ਹੋਰ ਅਨਿਨ ਸੇਵਕਾਂ ਦਾ ਸਵਾਗਤ ਤੇ ਸਨਮਾਨ ਕਰਨਾਂ ਹਰੇਕ ਸਿੱਖ ਦਾ ਫਰਜ਼ ਹੈ ਤੇ ਜੀਐਨਡੀਯੂ ਦੇ ਸਮੁੱਚੇ ਪਰਿਵਾਰ ਨੇ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਇਸ ਫਰਜ਼ ਨੂੰ ਨਿਭਾਉਣ ਲਈ ਇੱਕ ਤੁੱਛ ਜਿਹਾ ਉਪਰਾਲਾ ਕੀਤਾ ਹੈ। ਇਸ ਮੌਕੇ ਵੱਖ ਵੱਖ ਤਰਾਂ ਦੇ ਖਾਣ ਪਦਾਰਥਾਂ ਤੇ ਫਰੂਟ ਦੇ ਅਤੁੱਟ ਲੰਗਰ ਵੀ ਵਰਤਾਏ ਗਏ।