ਸੰਗਰੂਰ, 12 ਜੂਨ, 2023: ਪਿੰਡ ਨਮੋਲ ਵਿਖੇ ਦੋਸ਼ੀਆਂ ਤੇ ਅਜੇ ਤੱਕ ਪਰਚਾ ਦਰਜ ਕਰਨ ਸਬੰਧੀ ਲਾਏ ਜਾ ਰਹੇ ਲਾਰੇ/ਲੱਪਿਆਂ ਖਿਲਾਫ 14 ਜੂਨ ਨੂੰ ਐੱਸ. ਐੱਸ. ਪੀ. ਦਫ਼ਤਰ ਸੰਗਰੂਰ ਮੁਹਰੇ ਧਰਨਾ ਲਾਉਣ ਦੇ ਕੀਤੇ ਐਲਾਨ ਤਹਿਤ ਪਿੰਡਾਂ-ਪਿੰਡਾਂ ਵਿੱਚ ਚੱਲ ਰਹੀ ਤਿਆਰੀ ਮੁਹਿੰਮ ਤਹਿਤ ਬਿਗੜਵਾਲ ਵਿਖੇ ਰੈਲੀ ਕੀਤੀ ਗਈ।
ਜ਼ਿਕਰਯੋਗ ਹੈ ਕਿ 6 ਜੂਨ ਤੋਂ ਲੈਕੇ 10 ਜੂਨ ਤੱਕ ਐਸ.ਪੀ. (ਡੀ) ਪਲਵਿੰਦਰ ਸਿੰਘ ਚੀਮਾ ਨੇ ਇਸ ਮਾਮਲੇ ਨੂੰ ਹੱਲ ਕਰਨ ਲਈ ਪੂਰੀ ਗੰਭੀਰਤਾ ਦਿਖਾਈ। ਨਮੋਲ ਮਾਮਲੇ ਦੇ ਹੱਲ ਸਬੰਧੀ ਦੋਸ਼ੀਆਂ ਤੋਂ ਆਪਣੇ ਦਫ਼ਤਰ ਬੈਠ ਕੇ ਮੁਆਫੀ ਮੰਗਵਾਉਣ ਅਤੇ ਜਿਹੜੀ ਖੇਤ ਮਜ਼ਦੂਰਾਂ ਦੀ ਰੂੜੀਆਂ/ ਪਾਖਾਨਿਆਂ ਦੀ ਜਗ੍ਹਾ ਤੇ ਧੱਕੇ ਨਾਲ ਪਾਰਕ ਬਣਾਇਆ ਜਾ ਰਿਹਾ ਸੀ,ਉਸ ਨੂੰ ਰੱਦ ਕਰਕੇ ਪਹਿਲਾਂ ਦੀ ਤਰ੍ਹਾਂ ਰੂੜੀਆਂ ਵਾਲੀ ਜਗ੍ਹਾ ਜਿਵੇਂ ਸੀ ਉਵੇਂ ਬਰਕਰਾਰ ਰਹੇ, ਸਬੰਧੀ ਪੰਚਾਇਤੀ ਕਾਰਵਾਈ ਰਜਿਸਟਰ ਤੇ ਇਸ ਦਾ ਮਤਾ ਪਾਉਣ ਸਬੰਧੀ ਦੋਹਾਂ ਧਿਰਾਂ ਦੀ ਹੋਈ ਸਹਿਮਤੀ ਦੇ ਬਾਵਜੂਦ ਮਾਮਲਾ ਹੱਲ ਨਹੀਂ ਹੋਇਆ।
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਅਤੇ ਸੂਬਾ ਸਕੱਤਰ ਧਰਮਪਾਲ ਸਿੰਘ ਨੇ ਕਿਹਾ ਕਿ ਪਿੰਡ ਨਮੋਲ ਵਿਖੇ ਖੇਤ ਮਜ਼ਦੂਰਾਂ ਤੇ ਹੋਏ ਹਮਲੇ,ਜਾਤੀ ਸੂਚਕ ਅਪ-ਸ਼ਬਦ ਬੋਲਣ ਵਾਲਿਆਂ ਖਿਲਾਫ ਬਿਆਨ ਦਰਜ ਹੋਣ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਾ ਹੋਣ ਖਿਲਾਫ ਅਤੇ ਪਿੰਡ ਬਿਗੜਵਾਲ ਵਿਖੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਤੇ ਘੜੰਮ ਚੌਧਰੀਆਂ ਦੀ ਦਖਲ-ਅੰਦਾਜੀ ਬੰਦ ਕਰਵਾਉਣ ਸਬੰਧੀ 14 ਜੂਨ ਨੂੰ ਸੰਗਰੂਰ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕਰਨ ਉਪਰੰਤ ਐਸ.ਐਸ.ਪੀ. ਦਫਤਰ ਸੰਗਰੂਰ ਮੁਹਰੇ ਧਰਨਾ ਲਾਉਣ ਦੇ ਕੀਤੇ ਐਲਾਨ ਤਹਿਤ ਇਸ ਦੀ ਤਿਆਰੀਆਂ ਵੱਜੋਂ ਪਿੰਡ ਖਡਿਆਲ, ਮਹਿਲਾ ਚੌਂਕ, ਕੌਕੋਮਾਜਰੀ ਸੁਨਾਮ, ਸੁਨਾਮ ਟਿੱਬੀ, ਛਾਜਲਾ, ਛਾਜਲੀ, ਸ਼ੇਰੋਂ, ਨਮੋਲ ਦੀ ਵੱਖੋ ਵੱਖ ਪੱਤੀਆਂ ਵਿੱਚ ਮੀਟਿੰਗਾਂ ਕਰਨ ਦੇ ਨਾਲ-ਨਾਲ ਧਰਨੇ ਸਬੰਧੀ ਘਰ-ਘਰ ਸੁਨੇਹੇ ਲਗਾਏ ਜਾ ਰਹੇ ਹਨ।
ਉਪਰੋਕਤ ਸੰਬੰਧੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਅਤੇ ਸੂਬਾ ਸਕੱਤਰ ਧਰਮਪਾਲ ਸਿੰਘ, ਸੂਬਾ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ, ਸੂਬਾ ਆਗੂ ਬਿਮਲ ਕੌਰ ਨੇ ਦੱਸਿਆ ਕਿ ਪਿੰਡ ਨਮੋਲ ਵਿਖੇ ਖੇਤ ਮਜ਼ਦੂਰਾਂ ਤੋਂ ਰੂੜੀਆਂ ਵਾਲੀ ਥਾਂ ਖੋਹ ਕੇ, ਧੱਕੇ ਨਾਲ ਪਾਰਕ ਬਣਾਉਣ ਦੇ ਨਾਂ ਹੇਠ ਭਰਤ ਪਾਉਣ ਵਿਰੁੱਧ ਬੀਡੀਪੀਓ ਸੁਨਾਮ ਨੇ ਪਿੰਡ ਨਮੋਲ ਵਿਖੇ ਆਕੇ ਘੜੰਮ ਚੌਧਰੀਆਂ ਨੂੰ ਰੋਕਿਆ, ਪਰ ਬੀਡੀਪੀਓ ਸੁਨਾਮ ਦੇ ਜਾਣ ਦੀ ਹੀ ਦੇਰ ਸੀ ਕਿ ਨਾਲ ਦੀ ਨਾਲ ਹੀ ਘੜੰਮ ਚੌਧਰੀਆਂ ਨੇ ਭਰਤ ਪਾਉਣੀ ਸ਼ੁਰੂ ਕਰ ਦਿੱਤੀ, ਇਸ ਦਾ ਵਿਰੋਧ ਕਰਨ ਤੇ ਖੇਤ ਮਜ਼ਦੂਰਾਂ ਤੇ ਤਾਬੜਤੋੜ ਤੇਜ਼ਧਾਰ ਹਥਿਆਰਾਂ, ਡਾਂਗਾਂ ਸੋਟਿਆਂ ਨਾਲ ਹਮਲਾ ਕਰਕੇ ਗੰਭੀਰ ਜਖਮੀ ਕੀਤਾ ਅਤੇ ਘਰ ਵਿੱਚ ਜਾ ਕੇ ਦਹਿਸ਼ਤ ਪਾਈ ਗਈ ਅਤੇ ਜਾਤੀ ਸੂਚਕ ਅਪ-ਸ਼ਬਦ ਬੋਲੇ ਗਏ। ਜ਼ਿਕਰਯੋਗ ਹੈ ਕਿ ਇਹ ਘਟਨਾ ਨਹੀਂ ਸੀ ਵਾਪਰਨੀ ਜੇਕਰ ਐਸ.ਐਚ.ਓ. ਚੀਮਾ ਮੌਕੇ ਤੇ ਫੋਰਸ ਤੈਨਾਤ ਕਰ ਕੇ ਜਾਂਦਾ। ਖੇਤ ਮਜ਼ਦੂਰਾਂ ਦੇ ਬਿਆਨ ਕਲਮਬੰਦ ਹੋਣ ਦੇ ਬਾਵਜੂਦ, ਖੇਤ ਮਜ਼ਦੂਰਾਂ ਦੀ ਕੁੱਟਮਾਰ ਕਰਦਿਆਂ ਦੀ ਵੀਡੀਓ ਵਾਇਰਲ ਹੋਣ ਦੇ ਬਾਵਜੂਦ ਅਜੇ ਤੱਕ ਐਸ.ਐਚ.ਓ. ਚੀਮਾ ਲਾਰੇ-ਲੱਪੇ ਲਾ ਕੇ ਘੜੰਮ ਚੌਧਰੀਆਂ ਦੇ ਪੱਖ ਵਿੱਚ ਭੁਗਤ ਰਿਹਾ ਹੈ।
ਆਗੂਆਂ ਨੇ ਦੱਸਿਆ ਕਿ ਇਨਸਾਫ਼ ਸਬੰਧੀ ਲੋਕਲ ਪ੍ਰਸ਼ਾਸਨ ਦੇ ਲਾਰੇ-ਲੱਪਿਆਂ ਤੋਂ ਤੰਗ ਆ ਕੇ 14 ਜੂਨ ਨੂੰ ਨਮੋਲ ਵਿਖੇ ਖੇਤ ਮਜ਼ਦੂਰਾਂ ਤੇ ਹੋਏ ਹਮਲੇ ਅਤੇ ਜਾਤੀ ਸੂਚਕ ਅਪ-ਸ਼ਬਦ ਬੋਲਣ ਵਾਲਿਆਂ ਖਿਲਾਫ ਐਸ.ਸੀ./ਐਸ.ਟੀ. ਲਗਾ ਕੇ ਪਰਚਾ ਦਰਜ਼ ਕਰਵਾਉਣ, ਐਸ.ਐਚ.ਓ.ਚੀਮਾ ਦੇ ਪੱਖਪਾਤੀ ਰਵੀਈਆ ਦੇ ਚਲਦਿਆਂ ਉਸਨੂੰ ਚੱਲਦਾ ਕਰਵਾਉਣ, ਰੂੜੀਆਂ ਵਾਲੀ ਥਾਂ ਖੋਹਣ ਖਿਲਾਫ, ਉਸ ਵਿੱਚੋਂ ਦਰਖੱਤ ਵੱਢਣ ਵਾਲਿਆਂ ਖਿਲਾਫ ਕਾਰਵਾਈ ਕਰਵਾਉਣ, ਬਿਗੜਵਾਲ ਵਿਖੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਚੋਂ ਘੜੰਮ ਚੌਧਰੀਆਂ ਦੀ ਦਖਲ-ਅੰਦਾਜੀ ਬੰਦ ਕਰਵਾਉਣ ਆਦਿ ਮੰਗਾਂ ਦੀ ਪ੍ਰਾਪਤੀ ਲਈ ਧਰਨਾ ਲਾਇਆ ਜਾ ਰਿਹਾ ਹੈ। ਇਸ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ