ਇਸਤਾਂਬੁਲ ਤੋਂ ਨਿਊਯਾਰਕ ਜਾ ਰਹੀ ਤੁਰਕੀ ਏਅਰਲਾਈਨਜ਼ ਦੀ ਫਲਾਈਟ ‘ਚ ਸਫਰ ਕਰਦੇ ਸਮੇਂ 11 ਸਾਲਾ ਲੜਕੇ ਦੀ ਮੌਤ ਹੋ ਗਈ। ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਜਹਾਜ਼ ‘ਚ ਸਵਾਰ ਹੋਣ ਤੋਂ ਬਾਅਦ ਬੱਚੇ ਦੀ ਸਿਹਤ ਵਿਗੜਨ ਲੱਗੀ। ਬੱਚੇ ਦੇ ਬੇਹੋਸ਼ ਹੋਣ ਤੋਂ ਬਾਅਦ ਬੁਡਾਪੇਸਟ ‘ਚ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਪਰ ਇਸ ਦੌਰਾਨ ਬੱਚੇ ਦੀ ਜਾਨ ਨੂੰ ਬਚਾਇਆ ਨਹੀਂ ਜਾ ਸਕਿਆ।
ਰਿਪੋਰਟ ਮੁਤਾਬਕ ਤੁਰਕੀ ਏਅਰਲਾਈਨਜ਼ ਦੀ ਫਲਾਈਟ TK003 ਨੇ ਸਥਾਨਕ ਸਮੇਂ ਅਨੁਸਾਰ ਸਵੇਰੇ 8:56 ਵਜੇ ਇਸਤਾਂਬੁਲ ਹਵਾਈ ਅੱਡੇ ਤੋਂ ਉਡਾਣ ਭਰੀ। ਟੇਕ ਆਫ ਤੋਂ ਤੁਰੰਤ ਬਾਅਦ ਬੱਚੇ ਦੀ ਸਿਹਤ ਵਿਗੜਨ ਲੱਗੀ। ਫਲਾਈਟ ਵਿੱਚ ਬੱਚੇ ਦੀ ਮਦਦ ਲਈ ਮੈਡੀਕਲ ਸੇਵਾਵਾਂ ਉਪਲਬਧ ਨਹੀਂ ਸਨ। ਅਜਿਹੇ ‘ਚ ਐਮਰਜੈਂਸੀ ਲੈਂਡਿੰਗ ਕਰਵਾ ਕੇ ਬੱਚਿਆਂ ਨੂੰ ਮੈਡੀਕਲ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਗਈ, ਹਾਲਾਂਕਿ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ।
ਰਿਪੋਰਟ ਮੁਤਾਬਕ ਮ੍ਰਿਤਕ ਬੱਚਾ ਅਮਰੀਕਾ ਦਾ ਰਹਿਣ ਵਾਲਾ ਸੀ, ਜੋ ਆਪਣੇ ਪਰਿਵਾਰ ਨਾਲ ਫਲਾਈਟ ‘ਚ ਮੌਜੂਦ ਸੀ। ਜਦੋਂ ਬੱਚਾ ਬੇਹੋਸ਼ ਹੋ ਗਿਆ ਤਾਂ ਕੈਬਿਨ ਕਰੂ ਨੇ ਉਸ ਨੂੰ ਮੁੱਢਲੀ ਸਹਾਇਤਾ ਵਜੋਂ ਸੀਪੀਆਰ ਦਿੱਤੀ ਪਰ ਇਸ ਨਾਲ ਬੱਚੇ ਦੀ ਹਾਲਤ ਵਿੱਚ ਸੁਧਾਰ ਨਹੀਂ ਹੋਇਆ। ਹਾਲਾਂਕਿ ਬੱਚਾ ਬੇਹੋਸ਼ ਕਿਵੇਂ ਹੋਇਆ ਅਤੇ ਉਸ ਦੀ ਮੌਤ ਕਿਵੇਂ ਹੋਈ, ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ