ਪੰਜਾਬ ਰੋਡਵੇਜ, ਪਨਬਸ, ਪੀਆਰਟੀਸੀ ਕੰਟਰੈਕਟ ਵਰਕਰਾਂ ਨੇ ਖਰੜ ਨੈਸ਼ਨਲ ਹਾਈਵੇ ਜਾਮ ਕਰਕੇ ਕੀਤਾ ਪ੍ਰਦਰਸ਼ਨ
ਚੰਡੀਗੜ੍ਹ, 1 ਅਕਤੂਬਰ : ਆਊਟਸੋਰਸ ਭਰਤੀ ਮਾਮਲੇ ’ਚ ਅੱਜ ਪਨਬਸ ਦੇ ਚੰਡੀਗੜ੍ਹ ਬੱਸ ਡਿਪੂ ਦੇ ਬਾਹਰ ਪੰਜਾਬ ਰੋਡਵੇਜ, ਪਨਬਸ, ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਰੋਡਵੇਜ਼ ਦੇ ਕੱਚੇ ਕਾਮਿਆਂ ਨੇ ਖਰੜ੍ਹ ਨੈਸ਼ਨਲ ਹਾਈਵੇਅ ਜਾਮ ਕੀਤਾ ਹੋਇਆ ਹੈ।
ਵਿਭਾਗ ਵੱਲੋਂ ਆਊਟਸੋਰਸ ਭਰਤੀ ਦੀ ਪ੍ਰਕਿਰਿਆ ਨੂੰ ਨਾ ਰੋਕੇ ਜਾਣ ’ਤੇ ਕੁਝ ਵਰਕਰਾਂ ਨੇ ਬੱਸਾਂ ’ਚ ਸਵਾਰ ਹੋ ਕੇ ਆਪਣੇ-ਆਪ ’ਤੇ ਪੈਟਰੋਲ ਪਾ ਲਿਆ ਅਤੇ ਅੱਗ ਲਾਉਣ ਦੀ ਧਮਕੀ ਦਿੱਤੀ।
ਜਾਣਕਾਰੀ ਮੁਤਾਬਕ ਯੂਨੀਅਨ ਨੇ ਮੁਲਾਜਮਾਂ ਦੀ ਬਹਾਲੀ ਦੇ ਨਾਲ-ਨਾਲ ਆਊਟਸੋਰਸਿੰਗ ਭਰਤੀ ਬੰਦ ਕਰਨ ਦੀ ਮੰਗ ਉਠਾਈ ਹੈ। ਇਸ ਤੋਂ ਤੁਰੰਤ ਬਾਅਦ ਸਬੰਧਤ ਵਿਭਾਗੀ ਅਧਿਕਾਰੀਆਂ ਅਤੇ ਪੁਲਿਸ ਵੱਲੋਂ ਠੇਕਾ ਮੁਲਾਜਮਾਂ ਨੂੰ ਮਨਾਉਣ ਦੇ ਯਤਨ ਕੀਤੇ, ਪਰ ਵਰਕਰਾਂ ਨੇ ਬੱਸਾਂ ਤੋਂ ਨਾ ਉਤਾਰ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ। ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਕੁਝ ਅਧਿਕਾਰੀਆਂ ਨੇ ਵਰਕਰਾਂ ਨੂੰ ਸਮਝਾਇਆ। ਕਾਫ਼ੀ ਮਨਾਉਣ ਤੋਂ ਬਾਅਦ ਵਰਕਰ ਨੂੰ ਬਸ ਤੋਂ ਉਤਾਰ ਲਿਆ ਗਿਆ।
ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਵਰਕਰਾਂ ਨਾਲ ਗੱਲਬਾਤ ਕਰ ਰਹੇ ਹਨ। ਯੂਨੀਅਨ ਵੱਲੋਂ ਮੁਲਾਜਮਾਂ ਨੂੰ ਵੀ ਕੋਈ ਗਲਤ ਕਦਮ ਨਾ ਚੁੱਕਣ ਦੀ ਅਪੀਲ ਕੀਤੀ ਜਾ ਰਹੀ ਹੈ।
ਯੂਨੀਅਨ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ 10 ਸਾਲਾਂ ਤੋਂ ਮਹਿਕਮੇ ’ਚ ਕੰਮ ਕਰਦੇ ਹੋਏ ਠੇਕਾ ਮੁਲਾਜਮਾਂ ਨੂੰ ਸ਼ਰਤ ਦੇ ਕੇ ਕੱਢਿਆ ਗਿਆ ਹੈ। ਮੁਲਾਜਮਾਂ ਨੂੰ ਖਦਸਾ ਹੈ ਕਿ ਜੇਕਰ ਵਿਭਾਗ ਨੇ ਆਊਟਸੋਰਸ ਭਰਤੀ ਕੀਤੀ ਤਾਂ ਉਨ੍ਹਾਂ ਦੀ ਬਹਾਲੀ ਦਾ ਰਾਹ ਬੰਦ ਹੋ ਜਾਵੇਗਾ।
ਆਊਟਸੋਰਸ ਭਰਤੀ ਦਾ ਵਿਰੋਧ ਖਰੜ ਤੋਂ ਸ਼ੁਰੂ ਕੀਤਾ ਗਿਆ, ਜਿੱਥੇ ਮੁਲਾਜਮ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ। ਪੰਜਾਬ ਰੋਡਵੇਜ ਪਨਬਸ ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਵੱਲੋਂ ਵੱਖ-ਵੱਖ ਥਾਵਾਂ ’ਤੇ ਰੋਡ ਜਾਮ ਕੀਤਾ ਗਿਆ।