ਵੱਡੀ ਖ਼ਬਰ : ਬੋਰਡ ਨੇ 9ਵੀਂ ਤੋਂ 12ਵੀਂ ਤੱਕ ਦੇ ਦੋ ਵਿਸ਼ਿਆਂ ਦੇ ਨੰਬਰਾਂ ’ਚ ਕੀਤੀ ਤਬਦੀਲੀ
ਚੰਡੀਗੜ੍ਹ, 23 ਅਕਤੂਬਰ : ਪੰਜਾਬ ਸਕੂਲ ਸਿੱਖਿਆ ਬੋਰਡ (ਪੀਐੱਸਈਬੀ) ਨੇ ਸੂਬੇ ਦੇ ਸਾਰੇ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂੁਲਾਂ ਨੂੰ ਪੱਤਰ ਜਾਰੀ ਕੀਤਾ ਹੈ। ਜਿਸ ’ਚ ਸਕੂਲ ਨੂੁੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਬੋਰਡ ਨੇ ਨੌਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ’ਚ ਪੜ੍ਹਾਏ ਜਾਣ ਵਾਲੇ ਹੈਲਥ ਤੇ ਫਿਜੀਕਲ ਐਜੂਕੇਸ਼ਨ ਵਿਸ਼ਿਆਂ ਦੀ ਲਿਖਤੀ ਪ੍ਰੈਕਟੀਕਲ ਅਤੇ ਇੰਟਰਨਲ ਅਸੈਸਮੈਂਟ ਲਈ ਜਾਣ ਵਾਲੀ ਫਾਈਨਲ ਪ੍ਰੀਖਿਆਵਾਂ ਦੇ ਅੰਕਾਂ ਵਿਚ ਤਬਦੀਲੀ ਕੀਤੀ ਹੈ।
ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਹੁਣ ਲਿਖਤੀ ਪ੍ਰੀਖਿਆ ਲਈ ਜ਼ਿਆਦਾ ਮਿਹਨਤ ਕਰਨੀ ਪਵੇਗੀ। ਬੋਰਡ ਅਧਿਕਾਰੀ ਇਸ ਨੂੁੰ ਰੁਟੀਨ ਤਬਦੀਲੀ ਦੱਸ ਰਹੇ ਹਨ। ਪੱਤਰ ’ਚ ਸਕੂਲਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਉਕਤ ਜਮਾਤਾਂ ਦੀਆਂ ਸਿਹਤ ਅਤੇ ਸਰੀਰਕ ਸਿੱਖਿਆ ਵਿਸ਼ਿਆਂ ਦੀ ਲਿਖਤੀ ਪ੍ਰੀਖਿਆ 50 ਅੰਕਾਂ ਦੀ ਹੋਵੇਗੀ। ਪਹਿਲਾਂ ਇਹ ਪ੍ਰੀਖਿਆ 20 ਨੰਬਰਾਂ ਦੀ ਹੁੰਦੀ ਸੀ। ਇਸੇ ਤਰ੍ਹਾਂ ਪ੍ਰੈਕਟੀਕਲ ਪ੍ਰੀਖਿਆ ਹੁਣ 70 ਨੰਬਰਾਂ ਦੀ ਬਜਾਏ 40 ਨੰਬਰਾਂ ਦੀ ਹੋਵੇਗੀ। ਬੋਰਡ ਨੇ ਇੰਟਰਨਲ ਅਸੈਸਮੈਂਟ ’ਚ ਕਿਸੇ ਤਰ੍ਹਾਂ ਦੀ ਤਬਦੀਲੀ ਨਹੀਂ ਕੀਤੀ ਹੈ। ਇਹ ਪ੍ਰੀਖਿਆ ਪਹਿਲਾਂ ਵਾਂਗ 10 ਨੰਬਰਾਂ ਦੀ ਹੋਵੇਗੀ।
ਇਸੇ ਤਰ੍ਹਾਂ ਗਿਆਰ੍ਹਵੀਂ ਤੋਂ ਲੈ ਕੇ ਬਾਰ੍ਹਵੀਂ ਤਕ ਦੇ ਨੰਬਰਾਂ ’ਚ ਵੀ ਤਬਦੀਲੀ ਕੀਤੀ ਗਈ ਹੈ। ਇਸ ’ਚ ਵੀ ਲਿਖਤੀ ਅਸੈਸਮੈਂਟ ਦੇ ਆਖ਼ਰੀ ਇਮਤਿਹਾਨ ਲਈ ਹੁਣ 20 ਦੀ ਬਜਾਏ 50 ਨੰਬਰਾਂ ਦਾ ਬਦਲਾਅ ਕੀਤਾ ਗਿਆ ਹੈ। ਪ੍ਰੈਕਟੀਕਲ ਪ੍ਰੀਖਿਆ 70 ਨੰਬਰਾਂ ਦੀ ਬਜਾਏ 40 ਨੰਬਰਾਂ ਦੀ ਲਈ ਜਾਵੇਗੀ। ਬੋਰਡ ਵੱਲੋਂ ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ਇਸੇ ਹਿਸਾਬ ਨਾਲ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ।