ਕੋਟ ਈਸੇ ਖਾਂ,24 ਸਤੰਬਰ (ਤਰਸੇਮ ਸੱਚਦੇਵਾ) ਪਿੰਡਾਂ ਦੇ ਵਿਕਾਸ ਕਾਰਜਾਂ ਨਾਲ ਸਬੰਧਤ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਦਾ ਚਾਰ ਰੋਜ਼ਾ ਕੈਂਪ ਬੀਡੀਪੀਓ ਦਫਤਰ ਕੋਟ ਈਸੇ ਖਾਂ ਵਿਖੇ ਬੀਡੀਪੀਓ ਸਿਤਾਰਾ ਸਿੰਘ ਦੀ ਅਗਵਾਈ ਵਿੱਚ ਲਗਾਇਆ ਗਿਆ। ਕੈਂਪ ਵਿੱਚ ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ, ਸੈਲਫ ਹੈਲਫ ਗਰੁੱਪਾਂ ਨਾਲ ਸਬੰਧਿਤ ਔਰਤਾਂ, ਅਧਿਆਪਕਾਵਾਂ ਅਤੇ ਸਿਹਤ ਵਿਭਾਗ ਦੇ ਕਾਮਿਆਂ ਨੂੰ ਪਿੰਡਾਂ ਵਿਚ ਵਿਕਾਸ ਯੋਜਨਾਵਾਂ ਉਲੀਕਣ ਸਮੇਂ ਬੱਚਿਆਂ ਅਤੇ ਔਰਤਾਂ ਨੂੰ ਭਾਗੀਦਾਰ ਯਕੀਨੀ ਬਣਾਉਣ ਲਈ ਨੁਕਤੇ ਦੱਸੇ ਗਏ। ਇਸ ਮੌਕੇ ਉਹਨਾਂ ਦੱਸਿਆ ਕਿ ਇਸ ਟਰੇਨਿੰਗ ਕੈਂਪ ਵਿਚ ਬਲਾਕ ਦੇ ਪੇਂਡੂ ਵਿਕਾਸ ਨਾਲ ਸਬੰਧਿਤ ਵੱਖ-ਵੱਖ ਮੁਲਾਜ਼ਮਾਂ ਨੂੰ ਪਿੰਡਾਂ ਦੇ ਵਿਕਾਸ ਸਬੰਧੀ ਜੀ.ਪੀ.ਡੀ.ਪੀ.ਤਿਆਰ ਕਰਨ ਸਬੰਧੀ, ਸਿਹਤ ਤੇ ਸਿੱਖਿਆ ਦੇ ਖੇਤਰ ਵਿਚ ਭੂਮਿਕਾ ਦਰਜ ਕਰਵਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਬੱਚਿਆਂ ਤੇ ਔਰਤਾਂ ਦੀਆਂ ਸਮੱਸਿਆਵਾਂ ਨੂੰ ਜੀ.ਪੀ.ਡੀ.ਪੀ. ਵਿਚ ਦਰਜ ਕਰਵਾਉਣ ਲਈ ਪਿੰਡਾਂ ਅੰਦਰ ਬਾਲ ਅਤੇ ਔਰਤ ਸਭਾਵਾਂ ਕੀਤੇ ਜਾਣ ਲਈ ਪ੍ਰੇਰਿਤ ਕੀਤਾ ਤੇ ਦੱਸੇ ਨੁਕਤਿਆਂ ਨੂੰ ਅਪਣਾਉਣ ਲਈ ਪਿੰਡਾਂ ਵਿਚ ਹੋ ਰਹੀਆਂ ਗਰਾਮ ਸਭਾਵਾਂ ਵਿਚ ਸ਼ਮੂਲੀਅਤ ਕਰਨ ਦਾ ਸੰਕਲਪ ਦਿਵਾਇਆ।