ਖਰੜ : ਖਰੜ ਸਿਟੀ ਪੁਲਸ ਨੇ ਸੰਤੇ ਮਾਜਰਾ ਕਾਲੋਨੀ ਨਿਵਾਸੀ ਮਨਜੀਤ ਕੌਰ ਦੀ ਸ਼ਿਕਾਇਤ ’ਤੇ ਵਿਦੇਸ਼ ਭੇਜਣ ਦੇ ਨਾਂ ’ਤੇ ਸਾਢੇ 26 ਲੱਖ ਰੁਪਏ ਦੀ ਠੱਗੀ ਮਾਰਨ ਅਤੇ ਜਾਅਲੀ ਵੀਜ਼ਾ ਲਗਾਉਣ ਦੇ ਦੋਸ਼ ਅਧੀਨ ਨਿਰਵੈਰ ਸਿੰਘ ਅਤੇ ਗੁਰਜੀਤ ਕੌਰ ਦੇ ਵਿਰੁੱਧ ਧਾਰਾ-406, 420 ਅਤੇ 120 ਬੀ ਆਈ. ਪੀ. ਸੀ. ਅਧੀਨ ਕੇਸ ਦਰਜ ਕੀਤਾ ਹੈ। ਇਸ ਸਬੰਧੀ ਮਨਜੀਤ ਕੌਰ ਸੰਤੇਮਾਜਰਾ ਅਤੇ ਜਸਪ੍ਰੀਤ ਸਿੰਘ ਸਰਨਾਣਾ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਕਿ ਉਪਰੋਕਤ ਮੁਲਜ਼ਮ ਪਤੀ-ਪਤਨੀ ਹਨ ਅਤੇ ਉਨ੍ਹਾਂ ਨੇ ਦੱਸਿਆ ਕਿ ਉਹ ਲੋਕਾਂ ਨੂੰ ਇਕ ਨੰਬਰ ਵਿਚ ਵਿਦੇਸ਼ ਭੇਜਣ ਦਾ ਕੰਮ ਕਰਦੇ ਹਨ।
ਉਨ੍ਹਾਂ ਨੇ ਫਰਾਂਸ ਭੇਜਣ ਲਈ ਸਾਢੇ 26 ਲੱਖ ਰੁਪਏ ਦੀ ਮੰਗ ਕੀਤੀ ਜੋ ਸ਼ਿਕਾਇਤਕਰਤਾਵਾਂ ਨੇ ਉਨ੍ਹਾਂ ਨੂੰ ਅਦਾ ਕਰ ਦਿੱਤੇ। ਫਿਰ ਉਨ੍ਹਾਂ ਨੇ ਦਸਤਾਵੇਜ਼ ਤਿਆਰ ਕਰਵਾ ਦਿੱਤੇ ਅਤੇ ਸ਼ਿਕਾਇਤਕਰਤਾਵਾਂ ਦੇ ਵੀਜ਼ੇ ਵੀ ਲਗਵਾ ਦਿੱਤੇ। ਫਿਰ 17 ਜਨਵਰੀ 2022 ਨੂੰ ਉਨ੍ਹਾਂ ਨੇ ਸ਼ਿਕਾਇਤਕਰਤਾਵਾਂ ਨੂੰ ਅੰਮ੍ਰਿਤਸਰ ਤੋਂ ਦਿੱਲੀ ਦੀ ਫਲਾਈਟ ਵਿਚ ਭੇਜ ਦਿੱਤਾ ਅਤੇ ਜਦੋਂ ਉਹ ਦਿੱਲੀ ਪਹੁੰਚੇ ਤਾਂ ਦਿੱਲੀ ਵਾਲਿਆਂ ਨੇ ਉਨ੍ਹਾਂ ਦੇ ਪਾਸਪੋਰਟ ਉੱਤੇ ਲਾਈਨਾਂ ਮਾਰ ਦਿੱਤੀਆਂ ਅਤੇ ਕਿਹਾ ਕਿ ਇਹ ਤੁਹਾਡੇ ਵੀਜ਼ੇ ਨਕਲੀ ਲੱਗੇ ਹੋਏ ਹਨ।
ਇਸ ’ਤੇ ਸ਼ਿਕਾਇਤਕਰਤਾਵਾਂ ਨੇ ਉਪਰੋਕਤ ਵਿਅਕਤੀ ਨਾਲ ਗੱਲ ਕੀਤੀ ਅਤੇ ਉਨ੍ਹਾਂ ਕਿਹਾ ਕਿ ਵੀਜ਼ੇ ਦੁਬਾਰਾ ਲਗਵਾ ਦਿੰਦੇ ਹਨ। ਫਿਰ ਉਨ੍ਹਾਂ ਨੇ ਦੋਵੇਂ ਸ਼ਿਕਾਇਤਕਰਤਾਵਾਂ ਤੋਂ 3 ਲੱਖ 20 ਹਜ਼ਾਰ ਰੁਪਏ ਵਸੂਲ ਕਰ ਲਏ ਅਤੇ ਉਨ੍ਹਾਂ ਨੂੰ ਇਕ ਹਫਤਾ ਦਿੱਲੀ ਬਿਠਾ ਰੱਖਿਆ ਅਤੇ ਖੱਜਲ-ਖੁਆਰ ਕੀਤਾ ਤੇ ਕੋਈ ਵੀਜ਼ਾ ਨਾ ਲਗਵਾ ਕੇ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਹੁਣ ਉਹ ਧਮਕੀਆਂ ਦੇ ਰਹੇ ਹਨ ਕਿ ਉਨ੍ਹਾਂ ਦੀ ਪਹੁੰਚ ਬਹੁਤ ਉਪਰ ਤਕ ਹੈ, ਤੁਸੀਂ ਜਿਥੇ ਮਰਜ਼ੀ ਦਰਖਾਸਤਾ ਦੇ ਸਕਦੇ ਹੋ। ਉਨ੍ਹਾਂ ਦੋਸ਼ ਲਗਾਇਆ ਕਿ ਹੁਣ ਤਕ ਉਨ੍ਹਾਂ ਨੇ ਪਾਸਪੋਰਟ ਅਤੇ ਰਕਮ ਵਾਪਸ ਨਹੀਂ ਕੀਤੀ।