ਪੇਸ਼ੀ ਦੌਰਾਨ ਗੈਂਗਸਟਰ ਲਾਰੈਂਸ ਨਾਲ ਹਾਸਾ-ਮਜ਼ਾਕ ਇੰਸਪੈਕਟਰ ਨੂੰ ਪਿਆ ਮਹਿੰਗਾ, ਐਸ.ਐਸ.ਪੀ. ਵੱਲੋਂ ਜਾਂਚ ਦੇ ਹੁਕਮ
ਮੋਗਾ, 14 ਅਕਤੂਬਰ : ਮਾਨਸਾ ਸੀਆਈਏ ਸਟਾਫ ਦੇ ਇੰਚਾਰਜ ਪਿ੍ਤਪਾਲ ਸਿੰਘ ਵੱਲੋਂ ਗੈਂਗਸਟਰ ਦੀਪਕ ਟੀਨੂੰ ਨੂੰ ਭਜਾਉਣ ਦਾ ਮਾਮਲਾ ਅਜੇ ਸੁਰਖੀਆਂ ’ਚ ਹੀ ਹੈ ਕਿ ਹੁਣ ਮੋਗਾ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਕਿੱਕਰ ਸਿੰਘ ਦੀ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਲ ਹਾਸਾ-ਮਜ਼ਾਕ ਕਰਦੇ ਦੀ ਵੀਡੀਓ ਵਾਇਰਲ ਹੋ ਗਈ।
ਬੁੱਧਵਾਰ ਨੂੰ ਸੀਆਈਏ ਸਟਾਫ ਬਾਘਪੁਰਾਣਾ ਦੇ ਮੁਖੀ ਤਿਰਲੋਚਨ ਸਿੰਘ, ਹਰਜੀਤ ਸਿੰਘ ਉਰਫ਼ ਪਿੰਟਾ ਵੱਲੋਂ ਹੱਤਿਆਕਾਂਡ ’ਚ ਲਾਰੈਂਸ ਬਿਸ਼ਨੋਈ ਨੂੰ ਲੁਧਿਆਣਾ ਤੋਂ ਟ੍ਰਾਂਜ਼ਿਟ ਰਿਮਾਂਡ ’ਤੇ ਮੋਗਾ ਲਿਆਂਦਾ ਗਿਆ ਸੀ। ਵਾਇਰਲ ਵੀਡੀਓ ’ਚ ਲਾਰੈਂਸ ਬਿਸ਼ਨੋਈ ਨੂੰ ਇੰਸਪੈਕਟਰ ਕਿੱਕਰ ਸਿੰਘ ਜਦੋਂ ਅਦਾਲਤ ’ਚ ਪੇਸ਼ੀ ਲਈ ਲੈਜਾ ਰਹੇ ਸਨ ਤਾਂ ਉਹ ਗਲਤ ਰਸਤੇ ਵੱਲ ਜਾਣ ਲੱਗਾ, ਜਿਸ ’ਤੇ ਕਿੱਕਰ ਸਿੰਘ ਨੇ ਉਸ ਦੀ ਪਿੱਠ ’ਤੇ ਹੱਥ ਮਾਰਦਿਆਂ ਕਿਹਾ ਕਿ ਕੀ ਗੱਲ ਅਦਾਲਤ ਦਾ ਰਸਤਾ ਭੁੱਲ ਗਿਆਂ।
ਕਿੱਕਰ ਸਿੰਘ ਇੰਨਾ ਕਹਿੰਦਾ ਹੋਇਆ ਵੀ ਚੁੱਪ ਨਹੀਂ ਰਿਹਾ, ਸਗੋਂ ਦੁਬਾਰਾ ਬੋਲਿਆ ਕਿ ਅਦਾਲਤ ਦਾ ਰਸਤਾ ਭੁੱਲਣ ਦੇ ਨਾਲ-ਨਾਲ ਕੀ ਮੈਨੂੰ ਵੀ ਭੁੱਲ ਗਿਆ ਤੂੰ, ਇੰਨਾ ਕਹਿਣ ’ਤੇ ਜਦੋਂ ਇੰਸਪੈਕਟਰ ਹੱਸਿਆ ਤਾਂ ਗੈਂਗਸਟਰ ਬਿਸ਼ਨੋਈ ਵੀ ਹੱਸਣ ਲੱਗਾ। ਮਾਮਲਾ ਸੁਰਖੀਆਂ ’ਚ ਆਉਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਇਸਨੂੰ ਗੰਭੀਰਤਾ ਨਾਲ ਲਿਆ ਹੈ, ਕਿਉਂਕਿ ਹਾਲ ਹੀ ’ਚ ਮਾਨਸਾ ਸੀਆਈਏ ਸਟਾਫ ਦੀ ਹਿਰਾਸਤ ’ਚ ਗੈਂਗਸਟਰ ਦੀਪਕ ਟੀਨੂੰ ਫਰਾਰ ਹੋ ਚੁੱਕਾ ਹੈ।
ਵੈਸੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੂੰ ਸਖਤ ਸੁਰੱਖਿਆ ਹੇਠ ਅਦਾਲਤਾਂ ’ਚ ਪੇਸ਼ੀ ਲਈ ਲਿਆਂਦਾ ਜਾਂਦਾ ਹੈ ਪਰ ਬੁੱਧਵਾਰ ਨੂੰ ਪੇਸ਼ੀ ਦੌਰਾਨ ਇੰਸਪੈਕਟਰ ਵੱਲੋਂ ਗੈਂਗਸਟਰ ਨਾਲ ਹਾਸਾ-ਮਜ਼ਾਕ ਕਰਨ ਦਾ ਮਾਮਲਾ ਕਈ ਸਵਾਲ ਖੜ੍ਹੇ ਕਰ ਗਿਆ ਹੈ। ਫਿਲਹਾਲ ਐਸਐਸਪੀ ਗੁਲਨੀਤ ਖੁਰਾਣਾ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਜਾਂਚ ਐਸਪੀ (ਡੀ) ਨੂੰ ਸੌਂਪੀ ਹੈ। ਉਨ੍ਹਾਂ ਕਿਹਾ ਕਿ ਮਾਮਲਾ ਕਾਫੀ ਗੰਭੀਰ ਹੈ, ਇਸਨੂੰ ਹਲਕੇ ’ਚ ਨਹੀਂ ਲਿਆ ਜਾਵੇਗਾ।