ਜਲੰਧਰ, 18 ਮਈ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਜ਼ਿਲ੍ਹਾ ਕਪੂਰਥਲਾ ਪ੍ਰਧਾਨ ਸਰਵਣ ਸਿੰਘ ਬਾਉਪੁਰ ਦੀ ਅਗਵਾਈ ਵਿੱਚ ਰੇਲਵੇ ਸਟੇਸ਼ਨ ਜਲੰਧਰ ਕੈਂਟ ਉੱਤੇ ਰੇਲ ਦੇ ਚੱਕੇ ਜਾਮ ਕੀਤੇ ਗਏ। ਇਸ ਮੌਕੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਖਜ਼ਾਨਚੀ ਗੁਰਲਾਲ ਸਿੰਘ ਪੰਡੋਰੀ ਉਚੇਚੇ ਤੌਰ ’ਤੇ ਪਹੁੰਚੇ। ਜ਼ਿਕਰਯੋਗ ਹੈ ਕਿ ਗੁਰਦਾਸਪੁਰ ਵਿੱਚ ਭਾਰਤ ਮਾਲਾ ਤਹਿਤ ਬਣ ਰਹੇ ਹਾਈਵੇਅ ਦਾ ਇਕਸਾਰ ਮੁਆਵਜ਼ਾ ਲੈਣ ਖਾਤਰ ਸ਼ਾਂਤੀ ਨਾਲ ਬੈਠੇ ਕਿਸਾਨ ਮਜ਼ਦੂਰ ਅਤੇ ਬੀਬੀਆਂ ’ਤੇ ਪੁਲੀਸ ਵੱਲੋਂ ਤਸ਼ੱਦਤ ਕੀਤਾ ਗਿਆ, ਜਿਸ ਦੇ ਰੋਸ ਵਜੋਂ ਇਹ ਧਰਨਾ ਦਿੱਤਾ ਗਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਵਿੱਚ ਕਈ ਥਾਵਾਂ ’ਤੇ ਰੇਲਾਂ ਦੇ ਚੱਕੇ ਜਾਮ ਕੀਤੇ ਹੋਏ। ਇਸੇ ਤਹਿਤ ਅੱਜ ਰੇਲਵੇ ਸਟੇਸ਼ਨ ਜਲੰਧਰ ਵਿੱਚ ਮੋਰਚਾ ਖੋਲ੍ਹਿਆ ਗਿਆ।
ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮਾਵਾਂ ਭੈਣਾਂ ਦੀ ਬੇਪਤੀ ਕਰਨ ਵਾਲੇ ਮੁਲਾਜ਼ਮਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਅਤੇ ਮਾਨ ਸਰਕਾਰ ਲਿਖਤੀ ਰੂਪ ਵਿੱਚ ਭਾਰਤ ਮਾਲ ਪ੍ਰਾਜੈਕਟ ਤਹਿਤ ਬਣ ਰਹੇ ਹਾਈਵੇਅ ਦਾ ਇਕਸਾਰ ਮੁਆਵਜ਼ਾ ਦੇਣ ਦਾ ਵਾਅਦਾ ਕਰੇ। ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਾਡੀਆਂ ਮੰਨੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਤਾਂ ਜਥੇਬੰਦੀ ਅਗਲੇ ਵੱਡੇ ਐਕਸ਼ਨ ਦਾ ਐਲਾਨ ਕਰੇਗੀ। ਬਾਅਦ ਵਿੱਚ ਅਧਿਕਾਰੀਆਂ ਵੱਲੋ ਮੰਗਾਂ ਮੰਨਣ ਅਤੇ ਸੀਐੱਮ ਅਤੇ ਪ੍ਰਿੰਸੀਪਲ ਸਕੱਤਰ ਨਾਲ 24 ਮਈ ਨੂੰ ਮੀਟਿੰਗ ਕਰਵਾਉਣ ਦੇ ਭਰੋਸੇ ਮਗਰੋਂ ਧਰਨੇ ਦੀ ਸਮਾਪਤੀ ਕੀਤੀ ਗਈ।
ਤਰਨ ਤਾਰਨ ਵਿੱਚ ਰੇਲਾਂ ਦੇ ਚੱਕੇ ਜਾਮ
ਤਰਨ ਤਾਰਨ (ਗੁਰਬਖਸ਼ਪੁਰੀ):ਜ਼ਿਲ੍ਹਾ ਗੁਰਦਾਸਪੁਰ ਵਿੱਚ ਕੱਲ੍ਹ ਕਿਸਾਨਾਂ-ਬੀਬੀਆਂ ’ਤੇ ਕੀਤੇ ਪੁਲੀਸ ਤਸ਼ੱਦਦ ਖ਼ਿਲਾਫ਼ ਰੋਸ ਜ਼ਾਹਰ ਕਰਨ ਲਈ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਝੰਡੇ ਹੇਠ ਤਿੰਨ ਘੰਟੇ ਲਈ ਰੇਲਾਂ ਰੋਕੀਆਂ ਗਈਆਂ| ਇਸ ਮੌਕੇ ਜਥੇਬੰਦੀ ਦੇ ਆਗੂ ਰੇਸ਼ਮ ਸਿੰਘ ਘੁਰਕਵਿੰਡ, ਬਲਵਿੰਦਰ ਸਿੰਘ ਚੋਹਲਾ ਸਾਹਿਬ ਅਤੇ ਫਤਹਿ ਸਿੰਘ ਪਿੱਦੀ ਨੇ ਸੰਬੋਧਨ ਕਰਦਿਆਂ ਭਾਰਤ ਮਾਲਾ ਪ੍ਰਾਜੈਕਟ ਲਈ ਕਿਸਾਨਾਂ ਦੀ ਜ਼ਮੀਨ ਲਈ ਮੁਆਵਜ਼ਾ ਦੇਣ ਤੋਂ ਬਿਨਾਂ ਹੀ ਜ਼ਮੀਨ ਐਕੁਵਾਇਰ ਕਰਨ ਦੀ ਵਿਰੋਧਤਾ ਕਰਨ ਵਾਲੇ ਕਿਸਾਨਾਂ ’ਤੇ ਭਲਕੇ ਕੀਤੇ ਭਾਰੀ ਤਸ਼ੱਦਦ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ|