ਦੀਵਾਲੀ ਮੌਕੇ ਆਈਟੀਆਈਜ਼ ਪਾੜ੍ਹਿਆਂ ਨੂੰ ਮਿਲਣਗੀਆਂ ਮੁਫ਼ਤ ਕਿੱਟਾਂ, ਪੜੋ ਪੂਰੀ ਖ਼ਬਰ
ਚੰਡੀਗੜ੍ਹ, 23 ਅਕਤੂਬਰ : ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਨੇ ਪੰਜਾਬ ਦੇ ਨੌਜਵਾਨਾਂ ਦੀ ਭਲਾਈ ਅਤੇ ਤਰੱਕੀ ਲਈ ਇਸ ਸਾਲ ਗ੍ਰੈਜੂਏਟ ਹੋਣ ਵਾਲੇ ਪੰਜਾਬ ਦੇ ਸਾਰੇ ਆਈਟੀਆਈਜ਼ ਦੇ ਵਿਦਿਆਰਥੀਆਂ ਨੂੰ ਉਦਯੋਗਿਕ ਕਿੱਟਾਂ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਹੈਂਡ ਟੂਲ ਉਤਪਾਦਨ ’ਚ ਮੋਹਰੀ ਜਗਦੀਸ਼ ਸਿੰਘ ਵੱਲੋਂ ਸਥਾਪਤ ਈਸਟਮੈਨਕਾਸਟ ਐਂਡ ਫੋਰਜ ਲਿਮਟਿਡ ਦੇ ਸਹਿਯੋਗ ਨਾਲ, ਜੋ ਕਿ ਉਨ੍ਹਾਂ ਦੀ ਐਨਜੀਓ ਸਨ ਫਾਊਂਡੇਸ਼ਨ ਵੱਲੋਂ ਪੰਜਾਬ ਦੀਆਂ ਵੱਖ-ਵੱਖ ਆਈਟੀਆਈਜ਼ ਤੋਂ ਪਾਸ ਆਊਟ ਹੋਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਮੁਫਤ ਟੂਲ ਕਿੱਟਾਂ ਪ੍ਰਦਾਨ ਕਰਨ ਲਈ ਹੈ। ਇਹ ਕਿੱਟਾਂ ਵਿਦਿਆਰਥੀਆਂ ਨੂੰ ਆਈਟੀਆਈਜ਼ ਤੋਂ ਗ੍ਰੈਜੂਏਸ਼ਨ ਤੋਂ ਬਾਅਦ ਨੌਕਰੀਆਂ ਪ੍ਰਾਪਤ ਕਰਨ ਅਤੇ ਸਵੈ-ਰੁਜ਼ਗਾਰ ਦੇ ਯੋਗ ਬਣਨ ’ਚ ਮਦਦ ਕਰਨਗੀਆਂ। ਇਸ ਸਕੀਮ ਨਾਲ ਪੰਜਾਬ ਭਰ ਦੇ 15000 ਤੋਂ ਵੱਧ ਵਿਦਿਆਰਥੀਆਂ ਨੂੰ ਲਾਭ ਮਿਲੇਗਾ। ਇਹ ਨੌਜਵਾਨਾਂ ਲਈ ਦੀਵਾਲੀ ਦਾ ਤੋਹਫਾ ਹੈ ਜਿਨ੍ਹਾਂ ਲਈ ਅਸੀਂ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ।
ਵਿਕਰਮਜੀਤ ਸਿੰਘ ਨੇ ਕਿਹਾ ਕਿ ਅਸੀਂ ਪੰਜਾਬ ਦੇ ਹਰ ਨੌਜਵਾਨ ਨੂੰ ਹੁਨਰ ਅਤੇ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਵਚਨਬੱਧ ਹਾਂ। ਪੰਜਾਬ ਦੀਆਂ ਸਾਰੀਆਂ ਆਈਟੀਆਈਜ਼ ਨੂੰ ਸਥਾਨਕ ਉਦਯੋਗਾਂ ਅਤੇ ਮਾਡਲ ਕੈਰੀਅਰ ਸੈਂਟਰਾਂ ਨਾਲ ਜੋੜਿਆ ਜਾਵੇਗਾ ਅਤੇ ਉਨ੍ਹਾਂ ਦੀ ਐਨਜੀਓ ਸਨ ਫਾਊਂਡੇਸ਼ਨ ਸੀਆਈਆਈ, ਫਿੱਕੋ, ਸੀਆਈਸੀਯੂ, ਪੀਐਚਡੀ ਚੈਂਬਰ ਆਫ ਕਾਮਰਸ ਆਦਿ ਦੇ ਸਹਿਯੋਗ ਨਾਲ ਪਲੇਸਮੈਂਟ ਸੈੱਲ ਸਥਾਪਤ ਕਰੇਗੀ।