ਇਸਲਾਮਾਬਾਦ, 1 ਜੂਨ
ਪਾਕਿਸਤਾਨ ਦੀ ਭ੍ਰਿਸ਼ਟਾਚਾਰ-ਵਿਰੋਧੀ ਅਦਾਲਤ ਨੇ ਅੱਜ ਅਲ-ਕਾਦਿਰ ਟਰੱਸਟ ਕੇਸ ’ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਨੂੰ 19 ਜੂਨ ਤੱਕ ਜ਼ਮਾਨਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਉਹ ਇਸਲਾਮਾਬਾਦ ਹਾਈ ਕੋਰਟ ’ਚ ਪੇਸ਼ ਹੋਏ ਸਨ ਜਿੱਥੇ ਉਨ੍ਹਾਂ ਦੀ ਜ਼ਮਾਨਤ ਤਿੰਨ ਦਿਨ ਲਈ ਵਧਾਈ ਗਈ ਸੀ ਤੇ ਗ੍ਰਿਫ਼ਤਾਰੀ ਤੋਂ ਰਾਹਤ ਦਿੱਤੀ ਗਈ ਸੀ। ਹਾਈ ਕੋਰਟ ਨੇ ਖਾਨ ਨੂੰ ਢੁੱਕਵੀਂ ਅਦਾਲਤ ਕੋਲ ਪਹੁੰਚ ਕਰਨ ਲਈ ਕਿਹਾ ਸੀ। ਇਸ ਲਈ ਉਹ ਮਗਰੋਂ ਭ੍ਰਿਸ਼ਟਾਚਾਰ-ਵਿਰੋਧੀ ਅਦਾਲਤ ’ਚ ਪੇਸ਼ ਹੋਏ। ਹਾਈ ਕੋਰਟ ਵਿਚ ਅੱਜ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਟਵਿੱਟਰ ਅਕਾਊਂਟ ’ਤੇ ਸ਼ੇਅਰ ਕੀਤੀ ਗਈ ਇਕ ਵੀਡੀਓ ’ਚ ਨਜ਼ਰ ਆ ਰਿਹਾ ਹੈ ਕਿ ਇਮਰਾਨ ਨੂੰ ਉਨ੍ਹਾਂ ਦੇ ਸੁਰੱਖਿਆ ਕਰਮੀ ਬੁਲੇਟਪਰੂਫ਼ ਸ਼ੀਲਡ ਨਾਲ ਪੂਰੀ ਤਰ੍ਹਾਂ ਘੇਰ ਕੇ ਹਾਈ ਕੋਰਟ ਲਿਜਾ ਰਹੇ ਹਨ। ਇਸ ਤੋਂ ਪਹਿਲਾਂ 12 ਮਈ ਨੂੰ ਅਦਾਲਤ ਨੇ ਹੁਕਮ ਜਾਰੀ ਕਰ ਕੇ ਕਈ ਕੇਸਾਂ ’ਚ ਇਮਰਾਨ ਦੀ ਗ੍ਰਿਫ਼ਤਾਰੀ ’ਤੇ ਰੋਕ ਲਾ ਦਿੱਤੀ ਸੀ ਤੇ ਅਗਲੀ ਸੁਣਵਾਈ ’ਚ ਜ਼ਮਾਨਤ 31 ਮਈ ਤੱਕ ਵਧਾ ਦਿੱਤੀ ਸੀ। ਅਦਾਲਤ ਸਾਬਕਾ ਪ੍ਰਧਾਨ ਮੰਤਰੀ ਦੀਆਂ ਦੋ ਹੋਰ ਜ਼ਮਾਨਤ ਅਰਜ਼ੀਆਂ ’ਤੇ ਵੀ ਸੁਣਵਾਈ ਕਰੇਗੀ ਜੋ ਕਿ ਇਸਲਾਮਾਬਾਦ ਵਿਚ ਇਕ ਰੈਲੀ ਦੌਰਾਨ ਧਾਰਾ 144 ਦੀ ਉਲੰਘਣਾ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਉਨ੍ਹਾਂ 9 ਮਈ ਨੂੰ ਹੋਈ ਹਿੰਸਾ ਦੇ ਕੇਸ ਵਿਚ ਵੀ ਜ਼ਮਾਨਤ ਮੰਗੀ ਹੈ। ਖਾਨ ਇਸ ਵੇਲੇ 100 ਤੋਂ ਵੱਧ ਕੇਸਾਂ ਦਾ ਸਾਹਮਣਾ ਕਰ ਰਹੇ ਹਨ, ਜਦਕਿ ਪਤਨੀ ਬੁਸ਼ਰਾ ਦਾ ਨਾਂ ਤੋਸ਼ਾਖਾਨਾ ਤੇ ਅਲ-ਕਾਦਿਰ ਕੇਸ ਵਿਚ ਦਰਜ ਕੀਤਾ ਗਿਆ ਹੈ। ਇਸੇ ਦੌਰਾਨ ਇਸਲਾਮਾਬਾਦ ਦੀ ਇਕ ਅਦਾਲਤ ਨੇ ਅਲ ਕਾਦਿਰ ਕੇਸ ਵਿਚ ਇਮਰਾਨ ਦੀ ਪਤਨੀ ਬੁਸ਼ਰਾ ਬੀਬੀ ਦੀ ਜ਼ਮਾਨਤ ਅਰਜ਼ੀ ਦਾ ਨਿਬੇੜਾ ਕਰ ਦਿੱਤਾ ਹੈ ਕਿਉਂਕਿ ਜਾਂਚ ਏਜੰਸੀ ਦੇ ਅਧਿਕਾਰੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਲੋੜੀਂਦੀ ਨਹੀਂ ਹੈ। ਇਸ ਤੋਂ ਪਹਿਲਾਂ ਬੁਸ਼ਰਾ ਨੂੰ 31 ਮਈ ਤੱਕ ਜ਼ਮਾਨਤ ਮਿਲੀ ਸੀ।-ਪੀਟੀਆਈ
ਵਿੱਤ ਰਾਜ ਮੰਤਰੀ ਵੱਲੋਂ ਆਈਐਮਐਫ ਦੀ ਨਿਖੇਧੀ
ਇਸਲਾਮਾਬਾਦ:ਪਾਕਿਸਤਾਨ ਦੀ ਵਿੱਤ ਤੇ ਰੈਵੇਨਿਊ ਰਾਜ ਮੰਤਰੀ ਆਇਸ਼ਾ ਗੌਸ ਪਾਸ਼ਾ ਨੇ ਅੱਜ ਆਈਐਮਐਫ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੌਮਾਂਤਰੀ ਮੁਦਰਾ ਫੰਡ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਵਿਚ ‘ਦਖ਼ਲ’ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਦਰਾ ਫੰਡ ਵੱਲੋਂ ਰਾਹਤ ਪੈਕੇਜ ਦੇਣ ਵਿਚ ਦੇਰੀ ਨਾ ਤਾਂ ਦੇਸ਼ ਲਈ ਚੰਗੀ ਹੈ ਤੇ ਨਾ ਹੀ ਵਾਸ਼ਿੰਗਟਨ ਅਧਾਰਿਤ ਆਈਐਮਐਫ ਲਈ ਚੰਗੀ ਹੈ। ਜ਼ਿਕਰਯੋਗ ਹੈ ਕਿ ਆਈਐਮਐਫ ਨੇ ਮੰਗਲਵਾਰ ਇਕ ਗੈਰ-ਸਾਧਾਰਨ ਕਦਮ ਚੁੱਕਦਿਆਂ ਪਾਕਿਸਤਾਨ ਨੂੰ ਬੇਨਤੀ ਕੀਤੀ ਸੀ ਕਿ ਉਹ ਆਪਣੇ ਸਿਆਸੀ ਵਿਵਾਦਾਂ ਨੂੰ ‘ਸੰਵਿਧਾਨ ਤੇ ਕਾਨੂੰਨੀ ਤਜਵੀਜ਼ਾਂ ਮੁਤਾਬਕ ਸੁਲਝਾਏ।’ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਆਈਐਮਐਫ ਮੁਖੀ ਨਾਲ ਸੰਪਰਕ ਕਰ ਕੇ ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ 6.5 ਅਰਬ ਡਾਲਰ ਦਾ ਪੈਕੇਜ ਜਲਦੀ ਜਾਰੀ ਕਰਨ ਲਈ ਕਿਹਾ ਸੀ।-ਪੀਟੀਆਈ