Home » ਜਦੋਂ ਮੈਂ ਪਹਿਲੀ ਵਾਰ ਰੇਡੀਓ ਰਿਕਾਰਡਿੰਗ ਲਈ ਗਿਆ

ਜਦੋਂ ਮੈਂ ਪਹਿਲੀ ਵਾਰ ਰੇਡੀਓ ਰਿਕਾਰਡਿੰਗ ਲਈ ਗਿਆ

by Rakha Prabh
42 views

ਅਮ੍ਰਿਤਸਰ,1 ਜੂਨ

ਅੱਜ ਤੋਂ ਪੰਜ ਛੇ ਦਹਾਕੇ ਪਹਿਲਾਂ ਲੋਕਾਂ ’ਚ ਰੇਡੀਓ ਸੁਣਨ ਦਾ ਬੇਹੱਦ ਸ਼ੌਕ ਹੁੰਦਾ ਸੀ। ਫਿਰ ਟੈਲੀਵਿਜ਼ਨ ਦੀ ਆਮਦ ਨੇ ਦਰਸ਼ਕਾਂ ਖ਼ਾਸਕਰ ਬੱਚਿਆਂ ਤੇ ਔਰਤਾਂ ਨੂੰ ਆਪਣੇ ਵੱਲ ਵਧੇਰੇ ਖਿੱਚਿਆ। ਮੈਨੂੰ ਯਾਦ ਹੈ ਬੁਨਿਆਦ, ਰਾਮਾਇਣ, ਮਹਾਂਭਾਰਤ, ਟੀਪੂ ਸੁਲਤਾਨ ਆਦਿ ਜਿਹੇ ਲੜੀਵਾਰ ਵੇਖਣ ਦਾ ਸ਼ੌਕ ਲੋਕਾਂ ਨੂੰ ਜਨੂੰਨ ਦੀ ਹੱਦ ਤੱਕ ਹੁੰਦਾ ਸੀ।

ਉਨ੍ਹੀਂ ਦਿਨੀਂ ਹਰ ਘਰ ਟੈਲੀਵਿਜ਼ਨ ਨਹੀਂ ਸੀ ਹੁੰਦਾ। ਪੂਰੇ ਮੁਹੱਲੇ ’ਚ ਬਸ ਦੋ ਤਿੰਨ ਘਰਾਂ ’ਚ ਹੁੰਦਾ ਸੀ। ਜਿਨ੍ਹਾਂ ਦੇ ਟੀਵੀ ਹੋਣਾ ਉਨ੍ਹਾਂ ਦੇ ਘਰ ਅਕਸਰ ਵੇਖਣ ਵਾਲੇ ਬੱਚਿਆਂ ਦੀ ਭੀੜ ਹੁੰਦੀ।

ਉਂਝ ਬੁੱਧੀਜੀਵੀ ਵਰਗ ਦਾ ਇਹ ਖ਼ਿਆਲ ਸਹੀ ਹੈ ਕਿ ਟੀ.ਵੀ. ਨਾਲੋਂ ਰੇਡੀਓ ਵਧੇਰੇ ਲਾਭਦਾਇਕ ਸੀ ਕਿਉਂਕਿ ਇਸ ’ਤੇ ਨਸ਼ਰ ਹੁੰਦੇ ਪ੍ਰੋਗਰਾਮ ਅਕਸਰ ਜਾਣਕਾਰੀ ਭਰਪੂਰ ਹੁੰਦੇ। ਰੇਡੀਓ ਦਾ ਇੱਕ ਹੋਰ ਵੱਡਾ ਫ਼ਾਇਦਾ ਇਹ ਸੀ ਕਿ ਇਸ ਦੇ ਪ੍ਰੋਗਰਾਮ ਰੋਜ਼ਾਨਾ ਜੀਵਨ ਦੇ ਕੰਮਾਂ ਵਿੱਚ ਰੁਕਾਵਟ ਨਹੀਂ ਸਨ ਬਣਦੇ, ਅਕਸਰ ਲੋਕ ਆਪਣੇ ਕੰਮ-ਧੰਦੇ ਨਿਪਟਾਉਣ ਦੇ ਨਾਲ ਨਾਲ ਰੇਡੀਓ ਤੋਂ ਨਸ਼ਰ ਹੋਣ ਵਾਲੇ ਪ੍ਰੋਗਰਾਮ ਵੀ ਸਮਾਅਤ ਫਰਮਾਉਂਦੇ ਰਹਿੰਦੇ।

ਕਹਿੰਦੇ ਹਨ ਕਿ ਅਮਰੀਕਾ ਜਿਹੇ ਤਰੱਕੀਯਾਫ਼ਤਾ ਦੇਸ਼ਾਂ ਵਿੱਚ ਅੱਜ ਵੀ ਲੋਕ ਰੇਡੀਓ ਸੁਣਨਾ ਜ਼ਿਆਦਾ ਪਸੰਦ ਕਰਦੇ ਨੇ ਤੇ ਇਨ੍ਹਾਂ ਮੁਲਕਾਂ ਦੇ ਲੋਕ ਆਪਣੇ ਸਫ਼ਰ ਦੌਰਾਨ ਵੀ ਅਕਸਰ ਰੇਡੀਓ ਸੁਣਦੇ ਹਨ।

ਮੈਨੂੰ ਖ਼ੁਦ ਬਚਪਨ ਤੋਂ ਹੀ ਰੇਡੀਓ ਸੁਣਨਾ ਪਸੰਦ ਹੈ। ਉਨ੍ਹਾਂ ਸਮਿਆਂ ਵਿੱਚ ਮੈਨੂੰ ਇਹ ਗੱਲ ਜਿਵੇਂ ਇੱਕ ਪਹੇਲੀ ਲੱਗਣੀ ਕਿ ਕਿਸ ਤਰ੍ਹਾਂ ਹਵਾਵਾਂ ਨੂੰ ਚੀਰਦੀ ਹੋਈ ਰੇਡੀਓ ਅਨਾਊਂਸਰਾਂ ਦੀ ਆਵਾਜ਼ ਸਾਡੇ ਕੰਨਾਂ ਤੱਕ ਪਹੁੰਚਦੀ ਹੈ। ਦਿਮਾਗ਼ ਵਿੱਚ ਇਹ ਵੀ ਸਵਾਲ ਆਉਣੇ ਕਿ ਰੇਡੀਓ ਸਟੇਸ਼ਨ ਕਿਹੋ ਜਿਹਾ ਹੋਵੇਗਾ ਤੇ ਉੱਥੇ ਸਪੀਕਰ ਕਿਸ ਤਰ੍ਹਾਂ ਦੇ ਹੋਣਗੇ ਤੇ ਕਿਹੋ ਜਿਹੇ ਕਮਰੇ ਅਤੇ ਉਨ੍ਹਾਂ ਦਾ ਕਿਹੋ ਜਿਹਾ ਸੈਟਅੱਪ ਹੋਏਗਾ ਆਦਿ

ਆਪਣੀ ਦਸਵੀਂ ਜਮਾਤ ਤੱਕ ਦੀ ਪੜ੍ਹਾਈ ਮੈਂ ਉਰਦੂ ਮਾਧਿਅਮ ਵਾਲੇ ਸਕੂਲ ਵਿੱਚੋਂ ਕੀਤੀ। ਉਨ੍ਹੀਂ ਦਿਨੀਂ ਆਲ ਇੰਡੀਆ ਰੇਡੀਓ ਦਿੱਲੀ ਦੀ ਉਰਦੂ ਸਰਵਿਸ ਤੋਂ ਨਸ਼ਰ ਹੋਣ ਵਾਲੇ ਅਕਸਰ ਪ੍ਰੋਗਰਾਮ ਮੈਂ ਸੁਣਿਆ ਕਰਦਾ ਸਾਂ। ਹਰ ਹਫ਼ਤੇ ਇੱਕ ਪ੍ਰੋਗਰਾਮ ‘ਆਓ ਬੱਚੋ’ ਆਇਆ ਕਰਦਾ ਸੀ ਜੋ ਮੈਨੂੰ ਬਹੁਤ ਪਸੰਦ ਸੀ। ਇਸ ਦੇ ਨਾਲ ਨਾਲ ਆਪਕੀ ਫਰਮਾਇਸ਼, ਤਾਅਮੀਲ ਏ ਇਰਸ਼ਾਦ, ਗ਼ਜ਼ਲਾਂ ’ਤੇ ਆਧਾਰਿਤ ਪ੍ਰੋਗਰਾਮ ਅਤੇ ਖ਼ਬਰਾਂ ਤੇ ਤਬਸਰੇ ਵੀ ਆਇਆ ਕਰਦੇ ਸਨ।

ਮੇਰੀ ਬੜੀ ਖ਼ੁਆਹਿਸ਼ ਹੁੰਦੀ ਕਿ ਮੈਂ ਜਾ ਕੇ ਕਦੇ ਰੇਡੀਓ ਸਟੇਸ਼ਨ ਵੇਖਾਂ ਤੇ ਕਿਸੇ ਪ੍ਰੋਗਰਾਮ ਦਾ ਹਿੱਸਾ ਬਣਾਂ। ਪਰ ਇਹ ਸਭ ਮੇਰੇ ਲਈ ਸੁਪਨੇ ਵਾਂਗ ਸੀ। ਕਹਿੰਦੇ ਨੇ ਕਿ ਸੁਪਨੇ ਵੇਖਣੇ ਚਾਹੀਦੇ ਹਨ ਤੇ ਜੇਕਰ ਉਨ੍ਹਾਂ ਨੂੰ ਪੂਰਾ ਕਰਨ ਲਈ ਕੋਈ ਜੀਅ ਜਾਨ ਨਾਲ ਉਪਰਾਲਾ ਕਰੇ ਤਾਂ ਉਹ ਪੂਰੇ ਵੀ ਹੁੰਦੇ ਹਨ। ਰੇਡੀਓ ਸਟੇਸ਼ਨ ਵੇਖਣ ਤੇ ਇਸ ’ਤੇ ਬੋਲਣ ਦਾ ਮੇਰਾ ਸੁਪਨਾ ਅੱਗੇ ਜਾ ਕੇ ਪੱਚੀ ਛੱਬੀ ਸਾਲਾਂ ਬਾਅਦ ਪੂਰਾ ਹੋਇਆ।

ਦਰਅਸਲ, ਮੈਨੂੰ ਇਸ ਮੁਕਾਮ ਤੱਕ ਪਹੁੰਚਣ ਲਈ ਖ਼ੁਦ ਨੂੰ ਇੱਕ ਲੇਖਕ ਵਜੋਂ ਪਹਿਲਾਂ ਸਥਾਪਿਤ ਕਰਨਾ ਪਿਆ।

ਵਿਦਿਆਰਥੀ ਜੀਵਨ ’ਚ ਹੀ ਮੈਂ ਅਕਸਰ ਤਬਸਰੇ ਵਰਗੇ ਪ੍ਰੋਗਰਾਮ ਤੇ ਦੂਜੀਆਂ ਨਸ਼ਰੀਆਤ ਰੇਡੀਓ ਤੋਂ ਸੁਣਦਾ ਰਹਿੰਦਾ ਸਾਂ। ਇਸ ਦੇ ਨਾਲ ਹੀ ਸਕੂਲ ਸਮੇਂ ਤੋਂ ਬਾਅਦ ਸ਼ਹਿਰ ਦੇ ਤੇਲੀਆਂ ਬਾਜ਼ਾਰ ਨੇੜੇ ਸਥਿਤ ਲਾਇਬ੍ਰੇਰੀ ਵਿੱਚ ਜਾ ਕੇ ਵੱਖ ਵੱਖ ਅਖ਼ਬਾਰ ਪੜ੍ਹਨਾ ਵੀ ਮੇਰਾ ਪਸੰਦੀਦਾ ਸ਼ੌਕ ਸੀ।

ਇਸੇ ਸ਼ੌਕ ਨੇ ਕਦੋਂ ਮੈਨੂੰ ਲਿਖਣ ਦੀ ਚੇਟਕ ਲਾ ਦਿੱਤੀ ਪਤਾ ਹੀ ਨਾ ਲੱਗਾ। ਮੈਨੂੰ ਯਾਦ ਹੈ ਕਿ ਮੇਰੀ ਪਹਿਲੀ ਕਹਾਣੀ ‘ਏਕ ਨਯਾ ਮੁਸਤਕਲ’ ਉਨਵਾਨ ਹੇਠ ‘ਹਿੰਦ ਸਮਾਚਾਰ’ ਦੇ ਅਫ਼ਸਾਨਾ ਐਡੀਸ਼ਨ ’ਚ ਪਹਿਲੇ ਸਫ਼ੇ ’ਤੇ 1993 ਵਿੱਚ ਪ੍ਰਕਾਸ਼ਿਤ ਹੋਈ ਸੀ। ਇਸ ਤੋਂ ਪਹਿਲਾਂ ਵੀ ਸਰਕਾਰੀ ਕਾਲਜ ਮਾਲੇਰਕੋਟਲਾ ਦੇ ‘ਕਲੈਰੀਅਨ’ ਰਸਾਲੇ ਵਿੱਚ ਮੇਰੀਆਂ ਕਈ ਰਚਨਾਵਾਂ ਛਪ ਚੁੱਕੀਆਂ ਸਨ। ਪਰ ਵਿਦਿਆਰਥੀ ਜੀਵਨ ਵਿੱਚ ਇੱਕ ਵੱਡੇ ਅਖ਼ਬਾਰ ’ਚ ਛਪਣਾ, ਯਕੀਨਨ ਮੇਰੇ ਲਈ ਵੱਡੀ ਖ਼ੁਸ਼ੀ ਵਾਲੀ ਗੱਲ ਸੀ।

ਅੱਜ ਬੇਸ਼ੱਕ ਉਰਦੂ, ਪੰਜਾਬੀ ਤੇ ਹਿੰਦੀ ਦੇ ਦਰਜਨਾਂ ਰਾਸ਼ਟਰੀ ਅੰਤਰਰਾਸ਼ਟਰੀ ਅਖ਼ਬਾਰਾਂ ਤੇ ਪਰਚਿਆਂ ਵਿੱਚ ਛਪਦਾ ਹਾਂ ਤੇ ਬਹੁਤ ਸਾਰੇ ਪਾਠਕਾਂ ਦੇ ਫੋਨ ਆਉਂਦੇ ਹਨ। ਪਾਠਕਾਂ ਮੂੰਹੋਂ ਆਪਣੀ ਰਚਨਾ ਲਈ ਤਾਰੀਫ਼ ਦੇ ਬੋਲ ਸੁਣ ਕੇ ਇੱਕ ਨਵਾਂ ਉਤਸ਼ਾਹ ਤੇ ਊਰਜਾ ਮਿਲਦੀ ਹੈ।

ਪਰ ਪਹਿਲੀ ਰਚਨਾ ਪ੍ਰਕਾਸ਼ਿਤ ਹੋਣ ’ਤੇ ਜੋ ਖ਼ੁਸ਼ੀ ਮਿਲੀ ਸੀ ਉਸ ਦੀ ਅਹਿਮੀਅਤ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਉਹ ਰਚਨਾ ਅੱਜ ਵੀ ਮੈਂ ਲੈਮੀਨੇਸ਼ਨ ਕਰਵਾ ਕੇ ਆਪਣੇ ਸਰਟੀਫਿਕੇਟਾਂ ਵਾਲੀ ਫਾਈਲ ’ਚ ਸਾਂਭੀ ਪਈ ਹੈ।

ਵਕਤ ਲੰਘਦਾ ਗਿਆ ਤੇ ਰੱਬ ਦੀ ਮਿਹਰ ਸਦਕਾ ਕਲਮ ਨੂੰ ਮਿਲੀ ਤਾਕਤ ਦੇ ਬਲਬੂਤੇ ਮੇਰੀਆਂ ਰਚਨਾਵਾਂ ਲਗਾਤਾਰ ਹਰ ਛੋਟੇ ਵੱਡੇ ਅਖ਼ਬਾਰ ਵਿੱਚ ਛਪਦੀਆਂ ਰਹੀਆਂ।

ਇਸੇ ਦੌਰਾਨ ਇੱਕ ਦਿਨ ਆਲ ਇੰਡੀਆ ਰੇਡੀਓ ਜਲੰਧਰ ਦੇ ਇੱਕ ਪ੍ਰੋਗਰਾਮ ਅਫ਼ਸਰ ਨੇ ਮੈਨੂੰ ਇੱਕ ਰੇਡੀਓ ਟਾਕ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ।

ਫੋਨ ਸੁਣਨ ਉਪਰੰਤ ਅਜਿਹਾ ਲੱਗਾ ਜਿਵੇਂ ਮੇਰਾ ਤਕਰੀਬਨ ਦੋ ਢਾਈ ਦਹਾਕੇ ਪਹਿਲਾਂ ਵੇਖਿਆ ਸੁਪਨਾ ਸਾਕਾਰ ਹੋਣ ਜਾ ਰਿਹਾ ਹੈ। ਕਾਲਜ ’ਚ ਆਪਣੇ ਵਿਦਿਆਰਥੀ ਜੀਵਨ ਦੌਰਾਨ ਐਨ.ਐੱਸ.ਐੱਸ., ਮਨੋਵਿਗਿਆਨਕ ਐਸੋਸੀਏਸ਼ਨ, ਸਾਹਿਤ ਸਭਾ ਅਤੇ ਬਜ਼ਮ-ਏ-ਅਦਬ ਜਿਹੀਆਂ ਕਿੰਨੀਆਂ ਹੀ ਸੰਸਥਾਵਾਂ ਦੇ ਪ੍ਰੋਗਰਾਮਾਂ ਦਾ ਮੰਚ ਸੰਚਾਲਨ ਤੇ ਉਨ੍ਹਾਂ ’ਚ ਭਾਗ ਲੈਂਦਾ ਰਿਹਾ ਸਾਂ। ਪਰ ਪਹਿਲੀ ਵਾਰ ਰੇਡੀਓ ਸਟੇਸ਼ਨ ’ਤੇ ਜਾ ਕੇ ਬੋਲਣ ਦਾ ਵੱਖਰਾ ਹੀ ਚਾਅ ਸੀ ਤੇ ਇੱਕ ਅਣਜਾਣ ਜਿਹਾ ਡਰ ਤੇ ਘਬਰਾਹਟ ਵੀ। ਇਸ ਡਰ ਤੇ ਘਬਰਾਹਟ ਨੂੰ ਦੂਰ ਕਰਨ ਲਈ ਮੈਂ ਉਨ੍ਹਾਂ ਲੋਕਾਂ ਨਾਲ ਰਾਬਤਾ ਕੀਤਾ ਜੋ ਰੇਡੀਓ ਸਟੇਸ਼ਨ ’ਤੇ ਪਹਿਲਾਂ ਅਜਿਹੇ ਟਾਕ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਚੁੱਕੇ ਸਨ। ਗੱਲਬਾਤ ਦੌਰਾਨ ਉਨ੍ਹਾਂ ਦਾ ਕਹਿਣਾ ਸੀ ਕਿ ਜੋ ਵੀ ਮੈਟਰ ਉੱਥੇ ਪੜ੍ਹਨਾ ਹੈ ਉਸ ਦਾ ਵਾਰ ਵਾਰ ਅਭਿਆਸ ਕਰ ਲੈਣਾ। ਇਸ ਦਾ ਇਹ ਫ਼ਾਇਦਾ ਹੋਏਗਾ ਕਿ ਇੱਕ ਤਾਂ ਵੱਧ ਘੱਟ ਸ਼ਬਦਾਂ ਤੇ ਵਾਕਾਂ ਦਾ ਨਿਖੇੜਾ ਹੋ ਜਾਏਗਾ ਤੇ ਦੂਜੇ ਆਪਣੀ ਗੱਲ ਕਹਿਣ ਨੂੰ ਕਿੰਨਾ ਸਮਾਂ ਲੱਗਦਾ ਹੈ ਇਸ ਦਾ ਪਤਾ ਲੱਗ ਜਾਵੇਗਾ।

ਪਹਿਲੀ ਰਚਨਾ ਜੋ ਮੈਂ ਰੇਡੀਓ ’ਤੇ ਪੜੀ, ਉਹ ਪ੍ਰਸਿੱਧ ਕਹਾਣੀਕਾਰ ਰਾਜਿੰਦਰ ਸਿੰਘ ਬੇਦੀ ’ਤੇ ਸੀ। ਇਹ ਉਹੋ ਬੇਦੀ ਸਨ ਜਿਨ੍ਹਾਂ ਦੇ ਨਾਵਲ ‘ਏਕ ਚਾਦਰ ਮੈਲੀ ਸੀ’ ਉੱਤੇ ਫਿਲਮ ਵੀ ਬਣੀ ਸੀ।

ਆਲ ਇੰਡੀਆ ਰੇਡੀਓ, ਜਲੰਧਰ ਸਟੇਸ਼ਨ ’ਤੇ ਰਿਕਾਰਡਿੰਗ ਵਾਸਤੇ ਜਾਣ ਲਈ ਮੈਂ ਆਪਣੇ ਸ਼ਹਿਰ ਮਾਲੇਰਕੋਟਲਾ ਤੋਂ ਸਵੇਰੇ ਤਕਰੀਬਨ ਸਾਢੇ ਸੱਤ ਵਜੇ ਬਸ ਫੜੀ। ਲੁਧਿਆਣਾ ਹੁੰਦੇ ਹੋਏ ਤਕਰੀਬਨ ਸਵਾ ਦਸ ਵਜੇ ਜਲੰਧਰ ਜਾ ਪੁੱਜਾ। ਉੱਥੋਂ ਪੈਦਲ ਪੁੱਛਦਿਆਂ ਪੁਛਾਉਂਦਿਆਂ ਰੇਡੀਓ ਸਟੇਸ਼ਨ ਜਾ ਪੁੱਜਾ। ਦਰਅਸਲ, ਜਿੱਧਰੋਂ ਬੱਸਾਂ ਅੱਡੇ ਅੰਦਰ ਦਾਖਲ ਹੁੰਦੀਆਂ ਹਨ ਉਹ ਸਿੱਧੀ ਸੜਕ ਰੇਡੀਓ ਸਟੇਸ਼ਨ ਵੱਲ ਹੀ ਜਾਂਦੀ ਹੈ ਤੇ ਰਸਤੇ ਵਿੱਚ ਰੇਡੀਓ ਸਟੇਸ਼ਨ ਦਾ ਵੱਡਾ ਸਾਰਾ ਟਾਵਰ ਦਿਖਾਈ ਦੇਣ ਲੱਗਦਾ ਹੈ ਜੋ ਰੇਡੀਓ ਸਟੇਸ਼ਨ ਹੋਣ ਦੀ ਗਵਾਹੀ ਭਰਦਾ ਹੈ।

ਸਟੂਡੀਓ ਅੰਦਰ ਦਾਖਲ ਹੁੰਦੇ ਸਾਰ ਖੱਬੇ ਹੱਥ ਰਿਸੈਪਸ਼ਨ ਹਾਲ ਹੈ ਜਿਸ ਦੇ ਬਾਹਰ ਸੁਰੱਖਿਆ ਕਰਮਚਾਰੀ ਤਾਇਨਾਤ ਹੁੰਦੇ ਹਨ। ਮੈਨੂੰ ਇੱਕ ਸੁਰੱਖਿਆ ਕਰਮੀ ਨੇ ਆਉਣ ਦੀ ਵਜ੍ਹਾ ਪੁੱਛੀ ਤਾਂ ਮੈਂ ਉਸ ਨੂੰ ਦੱਸਿਆ ਕਿ ਫਲਾਣੇ ਪ੍ਰੋਗਰਾਮ ਅਫ਼ਸਰ ਨੇ ਰਿਕਾਰਡਿੰਗ ਲਈ ਬੁਲਾਇਆ ਹੈ। ਉਸ ਨੇ ਮੈਨੂੰ ਰਿਸੈਪਸ਼ਨ ਵਾਲੇ ਕਮਰੇ ਵਿੱਚ ਭੇਜ ਦਿੱਤਾ ਜਿੱਥੇ ਮੌਜੂਦ ਮੁਲਾਜ਼ਮ ਦੇ ਕਹਿਣ ਅਨੁਸਾਰ ਮੈਂ ਰਜਿਸਟਰ ਵਿੱਚ ਆਪਣਾ ਬਿਓਰਾ ਲਿਖਿਆ ਜਿਵੇਂ ਕਿ ਕਿਸ ਕੰਮ ਲਈ ਆਉਣਾ ਹੋਇਆ, ਆਪਣਾ ਸੰਪਰਕ ਨੰਬਰ ਅਤੇ ਦਸਤਖਤ ਕੀਤੇ। ਇਸ ਤੋਂ ਬਾਅਦ ਉਸ ਮੁਲਾਜ਼ਮ ਦੇ ਦੱਸਣ ਅਨੁਸਾਰ ਸਟੂਡੀਓ ਦੇ ਸੱਜੇ ਹੱਥ ਵੱਖ ਵੱਖ ਭਾਸ਼ਾਵਾਂ ਨਾਲ ਸਬੰਧਿਤ ਪ੍ਰੋਗਰਾਮ ਅਫ਼ਸਰਾਂ ਦੇ ਦਫ਼ਤਰ ਸਨ। ਮੈਂ ਉਰਦੂ ਸੈਕਸ਼ਨ ਵਾਲੇ ਅਫ਼ਸਰ ਨੂੰ ਮਿਲਿਆ ਜਿਸ ਦਾ ਮੈਨੂੰ ਫੋਨ ਆਇਆ ਸੀ। ਉੱਥੇ ਉਨ੍ਹਾਂ ਦੀ ਇੱਕ ਸਹਾਇਕ ਕੁੜੀ ਵੀ ਮੌਜੂਦ ਸੀ। ਉਸ ਨੇ ਮੇਰੇ ਕੋਲੋਂ ਰਿਕਾਰਡਿੰਗ ਨਾਲ ਸੰਬੰਧਿਤ ਕੁਝ ਕਾਗਜ਼ਾਂ ’ਤੇ ਦਸਤਖਤ ਕਰਵਾਏ, ਨਾਲ ਹੀ ਮੇਰੇ ਬੈਂਕ ਖਾਤੇ ਦੀ ਡਿਟੇਲ ਆਦਿ ਭਰਵਾਈ ਤਾਂ ਜੋ ਮੇਰੀ ਟਾਕ ਦਾ ਬਣਦਾ ਮਿਹਨਤਾਨਾ ਅਦਾ ਕੀਤਾ ਜਾ ਸਕੇ। ਇਸ ਦੌਰਾਨ ਤਿੰਨ ਕੱਪ ਚਾਹ ਅਤੇ ਇੱਕ ਪਲੇਟ ਵਿੱਚ ਬਿਸਕੁਟ ਆ ਗਏ। ਚਾਹ ਤੋਂ ਫਾਰਗ ਹੋਇਆ ਤਾਂ ਅਫ਼ਸਰ ਤੇ ਉਸ ਦੀ ਸਹਾਇਕ ਮੈਨੂੰ ਆਪਣੇ ਨਾਲ ਲੈ ਕੇ ਅੱਗੇ ਸਟੂਡੀਓ ਵੱਲ ਵਧੇ। ਰਸਤੇ ਵਿੱਚ ਇੱਕ ਹੋਰ ਜਗ੍ਹਾ ਮੇਰੇ ਦਸਤਖਤ ਤੇ ਬਿਓਰਾ ਦਰਜ ਕੀਤਾ ਗਿਆ। ਫਿਰ ਅਸੀਂ ਰਿਕਾਰਡਿੰਗ ਵਾਲੇ ਕਮਰਿਆਂ ਵੱਲ ਵਧੇ। ਲੰਬੇ ਸਾਰੇ ਗਲਿਆਰੇ ਵਿੱਚ ਜਿਵੇਂ ਕਬਰਾਂ ਵਰਗੀ ਚੁੱਪ ਸੀ ਤੇ ਗਲਿਆਰੇ ਦੇ ਦੋਵੇਂ ਪਾਸੇ ਰਿਕਾਰਡਿੰਗ ਵਾਲੇ ਕਮਰਿਆਂ ਦੇ ਦਰਵਾਜ਼ੇ ਸਨ। ਕਈਆਂ ਦਰਵਾਜ਼ਿਆਂ ਦੇ ਬਾਹਰ ਲਾਲ ਬੱਤੀ ਜਗ ਰਹੀ ਸੀ ਜਿਸ ਮਤਲਬ ਸੀ ਕਿ ਉੱਥੇ ਕੋਈ ਰਿਕਾਰਡਿੰਗ ਜਾਂ ਲਾਈਵ ਨਸ਼ਰੀਆਤ ਚੱਲ ਰਹੀ ਹੈ। ਉਹ ਦੋਵੇਂ ਅੱਗੇ ਅੱਗੇ ਤੇ ਮੈਂ ਪਿੱਛੇ ਪਿੱਛੇ ਚਲਦੇ ਅਖੀਰ ’ਚ ਇੱਕ ਕੋਨੇ ਵਿੱਚ ਬਣੇ ਸਟੂਡੀਓ ਹਾਲ ’ਚ ਦਾਖਲ ਹੋਏ। ਸਾਊਂਡ ਪਰੂਫ ਇਸ ਕਮਰੇ ਵਿੱਚ ਬਾਹਰੋਂ ਕਿਸੇ ਵੀ ਕਿਸਮ ਦੀ ਆਵਾਜ਼ ਦਾ ਆਉਣਾ ਜਿਵੇਂ ਅਸੰਭਵ ਸੀ। ਕਮਰਾ ਤਿੰਨ ਕੋਨਾ ਸੀ ਜਿਸ ਦੇ ਵਿਚਕਾਰ ਇੱਕ ਮੇਜ਼ ਸੀ ਤੇ ਦੁਆਲੇ ਆਹਮੋ ਸਾਹਮਣੇ ਦੋ ਕੁਰਸੀਆਂ ਟਿਕੀਆਂ ਸਨ। ਮੈਂ ਆਪਣਾ ਬੈਗ ਕਮਰੇ ਦੀ ਇੱਕ ਕੰਧ ਨਾਲ ਟਿਕਾਇਆ ਤੇ ਉਸ ਵਿੱਚ ਮੌਜੂਦ ਫਾਈਲ ’ਚੋਂ ਆਪਣੇ ਵਿਸ਼ੇ ’ਤੇ ਬੋਲਣ ਲਈ ਸਬੰਧਿਤ ਕਾਗਜ਼ ਕੱਢੇ ਤੇ ਮੇਜ਼ ਨਾਲ ਲੱਗੀ ਇੱਕ ਕੁਰਸੀ ’ਤੇ ਜਾ ਬੈਠਾ। ਇਸ ਦੌਰਾਨ ਸਹਾਇਕ ਕੁੜੀ ਨੇ ਮੈਨੂੰ ਦੱਸਿਆ ਕਿ ਕਾਗਜ਼ ਨੂੰ ਪੜ੍ਹਨ ਉਪਰੰਤ ਮੇਜ਼ ਦੇ ਇੱਕ ਪਾਸੇ ਹਲਕੇ ਜਿਹੇ ਇਸ ਤਰ੍ਹਾਂ ਰੱਖਣਾ ਹੈ ਕਿ ਆਵਾਜ਼ ਨਾ ਪੈਦਾ ਹੋਵੇ।

ਮੈਂ ਥੋੜ੍ਹਾ ਘਬਰਾਇਆ ਹੋਇਆ ਸਾਂ। ਅਫ਼ਸਰ ਨੇ ਕਿਹਾ ਕਿ ਤੁਸੀਂ ਆਰਾਮ ਨਾਲ ਪੜ੍ਹਨਾ ਹੈ। ਇਹ ਕਹਿ ਕੇ ਉਹ ਦੋਵੇਂ ਮੇਰੇ ਨਾਲ ਵਾਲੇ ਇੱਕ ਛੋਟੇ ਜਿਹੇ ਕਮਰੇ ਵਿੱਚ ਚਲੇ ਗਏ ਤੇ ਕੁੜੀ ਨੇ ਓਪਰੇਟਰ ਦੇ ਰੂਪ ਵਿੱਚ ਆਪਣਾ ਕੰਮ ਸ਼ੁਰੂ ਕੀਤਾ। ਦੋਵੇਂ ਕਮਰਿਆਂ ਵਿਚਕਾਰ ਪਾਰਦਰਸ਼ੀ ਸ਼ੀਸ਼ੇ ਦੀ ਕੰਧ ਸੀ। ਮੈਨੂੰ ਉਹ ਦੋਵੇਂ ਆਪਸ ’ਚ ਗੱਲਬਾਤ ਕਰਦੇ ਵਿਖਾਈ ਤਾਂ ਦੇ ਰਹੇ ਸਨ, ਪਰ ਸੁਣਾਈ ਨਹੀਂ। ਇੰਝ ਲੱਗ ਰਿਹਾ ਸੀ ਜਿਵੇਂ ਪ੍ਰੋਗਰਾਮ ਅਫ਼ਸਰ ਆਪਣੀ ਸਹਾਇਕ ਨੂੰ ਕੁਝ ਹਦਾਇਤਾਂ ਦੇ ਰਿਹਾ ਹੋਵੇ। ਕੁਝ ਪਲਾਂ ਬਾਅਦ ਉਸ ਨੇ ਮੈਨੂੰ ਮਾਈਕ ’ਚ ਬੋਲਣ ਦਾ ਇਸ਼ਾਰਾ ਕੀਤਾ ਤੇ ਮੈਂ ਆਪਣੀ ਗੱਲ ਸ਼ੁਰੂ ਕੀਤੀ। ਹਾਲੇ ਚਾਰ-ਪੰਜ ਸਤਰਾਂ ਹੀ ਬੋਲੀਆਂ ਸਨ ਕਿ ਉਨ੍ਹਾਂ ਚੁੱਪ ਕਰਨ ਦਾ ਇਸ਼ਾਰਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਫਿਰ ਆਪਸ ’ਚ ਕੁਝ ਗੱਲਬਾਤ ਕੀਤੀ। ਸ਼ਾਇਦ ਮੇਰੀ ਆਵਾਜ਼ ਦੀ ਪਿੱਚ, ਟੋਨ ਸੰਬੰਧੀ ਗੱਲ ਕੀਤੀ ਹੋਵੇਗੀ। ਇਸ ਉਪਰੰਤ ਅਫ਼ਸਰ ਇੱਕ ਵਾਰ ਫਿਰ ਮੇਰੇ ਵਾਲੇ ਕਮਰੇ ਵਿੱਚ ਆਇਆ ਤੇ ਮੈਨੂੰ ਕਿਹਾ ਕਿ ਹੁਣ ਬਾਕਾਇਦਾ ਰਿਕਾਰਡਿੰਗ ਹੋਵੇਗੀ, ਤੁਸੀਂ ਰਿਲੈਕਸ ਹੋ ਕੇ ਬੋਲਣਾ ਹੈ। ਇਹ ਕਹਿ ਕੇ ਉਹ ਉੱਥੋਂ ਚਲਾ ਗਿਆ। ਇਸ ਤੋਂ ਬਾਅਦ ਸਹਾਇਕਾ ਨੇ ਮੈਨੂੰ ਬੋਲਣ ਦਾ ਇਸ਼ਾਰਾ ਕੀਤਾ ਤੇ ਮੈਂ ਆਪਣੀ ਟਾਕ ਮਿੱਥੇ ਸਮੇਂ 10 ਮਿੰਟ ਤੋਂ ਕਰੀਬ ਇੱਕ ਮਿੰਟ ਉੱਪਰ ਅਰਥਾਤ ਗਿਆਰਾਂ ਮਿੰਟ ਵਿੱਚ ਖ਼ਤਮ ਕੀਤੀ।

ਰਿਕਾਰਡਿੰਗ ਮਗਰੋਂ ਅਸੀਂ ਦੋਵੇਂ ਜਣੇ ਇੱਕ ਵਾਰ ਫਿਰ ਅਫ਼ਸਰ ਦੇ ਕਮਰੇ ਵਿੱਚ ਆ ਗਏ ਜਿੱਥੇ ਅਫ਼ਸਰ ਕਿਸੇ ਕਵਿੱਤਰੀ ਤੋਂ ਕਾਗਜ਼ਾਂ ’ਤੇ ਦਸਤਖਤ ਕਰਾ ਰਿਹਾ ਸੀ। ਉਨ੍ਹਾਂ ਮੇਰੀ ਉਸ ਨਾਲ ਰਸਮੀ ਜਾਣ ਪਛਾਣ ਕਰਾਈ। ਉਹ ਸ਼ਾਇਦ ਲੁਧਿਆਣੇ ਤੋਂ ਆਈ ਸੀ। ਇਸ ਤੋਂ ਬਾਅਦ ਅਫ਼ਸਰ ਨੇ ਮੈਨੂੰ ਇੱਕ ਕਾਗਜ਼ ਦਿੱਤਾ ਜਿਸ ਉਪਰ ਆਲ ਇੰਡੀਆ ਰੇਡੀਓ ਲਿਖਿਆ ਸੀ ਅਤੇ ਹੇਠਾਂ ਮੇਰਾ ਨਾਂ ਪਤਾ ਇਸ ਦੇ ਨਾਲ ਨਾਲ ਰਿਕਾਰਡਿੰਗ ਕਿਸ ਦਿਨ ਤੇ ਕਿਸ ਸਮੇਂ ਪ੍ਰਸਾਰਿਤ ਹੋਣੀ ਸੀ ਉਸ ਬਾਰੇ ਸਾਰੀ ਜਾਣਕਾਰੀ ਲਿਖੀ ਸੀ ਤੇ ਮੈਨੂੰ ਜੋ ਮਿਹਨਤਾਨਾ ਮਿਲਣਾ ਸੀ ਉਹ ਰਕਮ ਵੀ ਦਰਜ ਸੀ।

ਦਫ਼ਤਰ ਦੀ ਕੰਧ ਘੜੀ ’ਤੇ ਤਕਰੀਬਨ ਦੁਪਹਿਰ ਦਾ ਇੱਕ ਵੱਜ ਚੁੱਕਾ ਸੀ। ਜੋਹਰ ਦੀ ਨਮਾਜ਼ ਦਾ ਸਮਾਂ ਸ਼ੁਰੂ ਹੋ ਗਿਆ ਸੀ। ਮੈਂ ਅਫ਼ਸਰ ਤੋਂ ਨਮਾਜ਼ ਅਦਾ ਕਰਨ ਦੀ ਇਜਾਜ਼ਤ ਚਾਹੀ। ਉਨ੍ਹਾਂ ਨਾਲ ਦੇ ਇੱਕ ਕਮਰੇ ਵਿੱਚ ਪੜ੍ਹਨ ਦੀ ਇਜਾਜ਼ਤ ਦੇ ਦਿੱਤੀ। ਇਸ ਤੋਂ ਬਾਅਦ ਮੈਂ ਨੇੜੇ ਹੀ ਮੌਜੂਦ ਵਾਸ਼ਰੂਮ ਵਾਲੇ ਬਲਾਕ ਵਿੱਚ ਗਿਆ ਅਤੇ ਵਜ਼ੂ ਕਰਨ ਉਪਰੰਤ ਦੱਸੇ ਗਏ ਕਮਰੇ ਵਿੱਚ ਆਪਣੀ ਕਸਰ ਨਮਾਜ਼ ਅਦਾ ਕੀਤੀ।

ਜਲੰਧਰ ਤੋਂ ਬਹੁਤ ਸਾਰੇ ਰੋਜ਼ਾਨਾ ਅਖਬਾਰ ਨਿਕਲਦੇ ਹਨ। ਸਟੂਡੀਓ ’ਚੋਂ ਨਿਕਲ ਕੇ ਦੋ ਮੁੱਖ ਪੰਜਾਬੀ ਅਖ਼ਬਾਰਾਂ ਦੇ ਸੰਪਾਦਕਾਂ ਨੂੰ ਮਿਲਿਆ। ਉਨ੍ਹਾਂ ਦਾ ਹਾਲ ਅਹਿਵਾਲ ਜਾਣਿਆ ਤੇ ਹੋਰ ਬਹੁਤ ਸਾਰੀਆਂ ਹਾਲਾਤ-ਏ-ਹਾਜਰਾ ’ਤੇ ਗੱਲਾਂਬਾਤਾਂ ਕੀਤੀਆਂ। ਇਸ ਉਪਰੰਤ ਵਾਪਸ ਲੁਧਿਆਣਾ ਵਾਲੀ ਬੱਸ ਆ ਫੜੀ ਤੇ ਲੁਧਿਆਣਾ ਤੋਂ ਸਿੱਧੀ ਮਾਲੇਰਕੋਟਲਾ ਵਾਲੀ ਬੱਸ ਫੜੀ। ਘਰ ਪੁੱਜਦਿਆਂ ਮੈਨੂੰ ਰਾਤ ਦੇ ਕਰੀਬ ਸਾਢੇ ਨੌਂ ਵੱਜ ਚੁੱਕੇ ਸਨ। ਘਰ ਆ ਕੇ ਇਸ਼ਾ ਦੀ ਨਮਾਜ਼ ਪੜ੍ਹੀ ਤੇ ਖਾਣਾ ਖਾਧਾ। ਦਿਨ ਭਰ ਦੇ ਸਫ਼ਰ ਦੀ ਥਕਾਵਟ ਨਾਲ ਚੂਰ ਹੋਣ ਕਰਕੇ ਬੈੱਡ ’ਤੇ ਡਿੱਗਦੇ ਸਾਰ ਕਦੋਂ ਨੀਂਦ ਆ ਗਈ ਪਤਾ ਹੀ ਨਹੀਂ ਲੱਗਾ।

ਇਸ ਤੋਂ ਬਾਅਦ ਵੱਖ ਵੱਖ ਰਿਕਾਰਡਿੰਗ ਲਈ ਕਈ ਵਾਰੀ ਜਲੰਧਰ ਰੇਡੀਓ ਸਟੇਸ਼ਨ ਪੁੱੱਜਾ ਹਾਂ ਅਤੇ ਇਸ ਦੇ ਨਾਲ ਨਾਲ ਕਈ ਵਾਰ ਐਫਐੱਮ ਪਟਿਆਲਾ, ਐਫਐੱਮ ਬਠਿੰਡਾ ’ਤੇ ਆਪਣੇ ਵੱਖ ਵੱਖ ਪ੍ਰੋਗਰਾਮਾਂ ਦੀ ਪੇਸ਼ਕਾਰੀ ਕਰ ਚੁੱਕਾ ਹਾਂ। ਅੱਜ ਕਈ ਤਰ੍ਹਾਂ ਦੇ ਪ੍ਰਾਈਵੇਟ ਐਫਐੱਮ ਰੇਡੀਓ ਚੈਨਲ ’ਤੇ ਵੀ ਆਪਣੀਆਂ ਨਜ਼ਮਾਂ, ਗ਼ਜ਼ਲਾਂ ਪੇਸ਼ ਕਰਦਾ ਰਹਿੰਦਾ ਹਾਂ। ਪਰ ਆਲ ਇੰਡੀਆ ਰੇਡੀਓ ਜਲੰਧਰ ਦੀ ਉਹ ਪਹਿਲੀ ਰਿਕਾਰਡਿੰਗ ਦੀਆਂ ਯਾਦਾਂ ਅੱਜ ਵੀ ਚੇਤੇ ਉਵੇਂ ਜਿਵੇਂ ਮੌਜੂਦ ਹਨ। ਜਦੋਂ ਵੀ ਉਹ ਚੇਤਨ ਮਨ ਵਿੱਚ ਆਉਂਦੀਆਂ ਹਨ ਤਾਂ ਇੱਕ ਅਲੱਗ ਕਿਸਮ ਖ਼ੁਸ਼ੀ ਮਿਲਦੀ ਹੈ।
ਸੰਪਰਕ: 98552-59650

Related Articles

Leave a Comment