ਫਗਵਾੜਾ 16 ਜੂਨ (ਸ਼ਿਵ ਕੋੜਾ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ਅਤੇ ਪੰਜਾਬ ਪ੍ਰਤੀ ਗੰਭੀਰਤਾ ਤੋਂ ਪ੍ਰਭਾਵਿਤ ਹੋ ਕੇ ਸ਼ਹਿਰ ਦੇ ਵਾਰਡ ਨੰਬਰ 42 ਦੇ ਕਰੀਬ ਪੰਜਾਹ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਇਕ ਸਮਾਗਮ ਸਪੋਰਟਸਮੈਨ ਤੇ ਸਮਾਜ ਸੇਵਕ ਰਣਜੀਤ ਪਾਵਲਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਜਿਸ ਵਿੱਚ ਨੌਜਵਾਨ ‘ਆਪ’ ਆਗੂ ਹਰਨੂਰ ਸਿੰਘ ਹਰਜੀ ਮਾਨ ਅਤੇ ਦਲਜੀਤ ਸਿੰਘ ਰਾਜੂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਰਣਜੀਤ ਪਾਵਲਾ ਸਮੇਤ ਸਮੂਹ ਪਰਿਵਾਰਾਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਹਰਜੀ ਮਾਨ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਪੰਜਾਬ ਦਾ ਭਲਾ ਚਾਹੁਣ ਵਾਲਾ ਹਰ ਪਰਿਵਾਰ ‘ਆਪ’ ਨਾਲ ਜੁੜੇ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਮਜ਼ਬੂਤ ਕਰਨ ਤਾਂ ਜੋ ਫਗਵਾੜਾ ਦਾ ਮੁਕੰਮਲ ਵਿਕਾਸ ਕੀਤਾ ਜਾ ਸਕੇ ਅਤੇ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਲਾਗੂ ਕਰਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ। ਦਲਜੀਤ ਸਿੰਘ ਰਾਜੂ ਨੇ ਵਾਰਡ ਵਾਸੀਆਂ ਨੂੰ ਵਿਸ਼ਵਾਸ ਦੁਆਇਆ ਕਿ ਵਿਕਾਸ ਕਾਰਜਾਂ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਾਰਡ ਨਾਲ ਸਬੰਧਤ ਸਾਰੀਆਂ ਸਮੱਸਿਆਵਾਂ ਦੀ ਸੂਚੀ ਬਣਾਈ ਜਾਵੇ ਤਾਂ ਜੋ ਇਨ੍ਹਾਂ ਦਾ ਸਹੀ ਢੰਗ ਨਾਲ ਹੱਲ ਕੀਤਾ ਜਾ ਸਕੇ। ਮਾਨ ਤੇ ਰਾਜੂ ਨੇ ਕਿਹਾ ਕਿ ਰਣਜੀਤ ਪਾਵਲਾ ਦਾ ਵਾਰਡ ਵਿੱਚ ਬਹੁਤ ਵਧੀਆ ਅਕਸ ਹੈ, ਇਸ ਲਈ ਪਾਰਟੀ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀਆਂ ਨਿਗਮ ਚੋਣਾਂ ਸਮੇਂ ਵਾਰਡ ਤੋਂ ਉਮੀਦਵਾਰ ਵਜੋਂ ਉਹਨਾਂ ਦੀ ਦਾਅਵੇਦਾਰੀ ‘ਤੇ ਗੰਭੀਰਤਾ ਨਾਲ ਵਿਚਾਰ ਕਰੇਗੀ। ਇਸ ਦੌਰਾਨ ਰਣਜੀਤ ਪਾਵਲਾ ਸਮੇਤ ‘ਆਪ’ ’ਚ ਸ਼ਾਮਿਲ ਹੋਏ ਸਮੂਹ ਪਰਿਵਾਰਾਂ ਦੇ ਮੌਜੂਦ ਮੈਂਬਰਾਂ ਨੇ ਕਿਹਾ ਕਿ ਉਹ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਹਮੇਸ਼ਾ ਹੀ ਪ੍ਰਭਾਵਿਤ ਰਹੇ ਹਨ ਅਤੇ ਉਨ੍ਹਾਂ ਦੀ ਅਗਵਾਈ ’ਚ ਜੋਗਿੰਦਰ ਸਿੰਘ ਮਾਨ ਨੇ ਜਿਸ ਤਰ੍ਹਾਂ ਸ਼ਹਿਰ ਦਾ ਵਿਕਾਸ ਸ਼ੁਰੂ ਕਰਵਾਇਆ ਹੈ ਉਹ ਵੀ ਪ੍ਰਭਾਵਿਤ ਕਰਨ ਵਾਲਾ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ‘ਆਪ’ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ ਅਤੇ ਹੁਣ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਪਾਰਟੀ ਲਈ ਜੋਰਦਾਰ ਪ੍ਰਚਾਰ ਕਰਨਗੇ ਅਤੇ ਸਾਰੇ ਵਾਰਡਾਂ ਵਿੱਚ ‘ਆਪ’ ਦੀ ਜਿੱਤ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਹਰਮੇਸ਼ ਪਾਠਕ, ਅਵਤਾਰ ਸਿੰਘ ਸਰਪੰਚ ਪੰਡਵਾ, ਨਰੇਸ਼ ਸ਼ਰਮਾ, ਪ੍ਰਿਤਪਾਲ ਕੌਰ ਤੁਲੀ, ਬਲਬੀਰ ਠਾਕੁਰ, ਆਸ਼ੂਤੋਸ਼ ਭਾਰਦਵਾਜ ਸਮੇਤ ਵਾਰਡ ਦੇ ਪਤਵੰਤੇ ਵੀ ਹਾਜ਼ਰ ਸਨ।