ਸੀਪੀਆਈ ( ਐਮ ) ਦਫ਼ਤਰ ਨੂਰਮਹਿਲ ਵਿਖੇ ਕਾਮਰੇਡ ਸੋਢੀ ਲਾਲ ਉੱਪਲ ਭੂਪਾ ਦੀ ਪ੍ਰਧਾਨਗੀ ਹੇਠ ਤਹਿਸੀਲ ਕਮੇਟੀ ਸੀਪੀਆਈ ( ਐਮ ) ਫਿਲੌਰ ਦੀ ਮੀਟਿੰਗ ਹੋਈ । ਮੀਟਿੰਗ ਦੌਰਾਨ ਸ਼ੋਕ ਮਤਾ ਪਾਸ ਕਰਕੇ ਕਾਮਰੇਡ ਸਰਦਾਰ ਮੁਹੰਮਦ ਉੱਪਲ ਭੂਪਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ । ਤਹਿਸੀਲ ਸਕੱਤਰ ਮਾਸਟਰ ਪ੍ਰਸ਼ੋਤਮ ਬਿਲਗਾ ਵਲੋਂ ਪ੍ਰੈਸ ਨੂੰ ਜਾਣਕਾਰੀ ਦਿੱਤੀ ਗਈ ਕਿ ਤਹਿਸੀਲ ਵਿੱਚੋਂ ਵੱਡੀ ਗਿਣਤੀ ਵਿਚ ਸਾਥੀ 7 ਦਸੰਬਰ ਨੂੰ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ 14ਵੀਂ ਬਰਸੀ ਤੇ ਬੰਡਾਲਾ ਪੁੱਜਣਗੇ । ਤਹਿਸੀਲ ਦੇ ਪਿੰਡਾਂ ਅੰਦਰ ਪੇਂਡੂ ਮਜ਼ਦੂਰਾਂ ਦੀ ਸਰਵੇ ਰਿਪੋਰਟ 10 ਦਸੰਬਰ ਤੋਂ ਪਹਿਲਾਂ ਪਾਰਟੀ ਦਫ਼ਤਰ ਨੂੰ ਭੇਜੀ ਜਾਵੇਗੀ । ਪਾਰਟੀ ਦੀਆਂ ਹਦਾਇਤਾਂ ਅਨੁਸਾਰ ਸਾਲ 2023 ਲਈ ਪਾਰਟੀ ਮੈਂਬਰਸ਼ਿਪ ਦੀ ਪੜਤਾਲ ਦਾ ਕੰਮ 1 ਜਨਵਰੀ ਤੋਂ ਸ਼ੁਰੂ ਕਰਨ ਲਈ ਪ੍ਰੋਗਰਾਮ ਤੈਅ ਕੀਤਾ ਗਿਆ। ਇਸ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਪਾਰਲੀਮੈਂਟ ਦੇ ਬਜਟ ਸੈਸ਼ਨ ਦੌਰਾਨ ਤਿੰਨ ਜਨਤਕ ਜਥੇਬੰਦੀਆਂ ਸੀਟੂ , ਕੁੱਲ ਹਿੰਦ ਕਿਸਾਨ ਸਭਾ ਤੇ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਵੱਲੋਂ 5 ਅਪ੍ਰੈਲ 2023 ਨੂੰ ਗਰੀਬ ਅਤੇ ਕਿਰਤੀ ਲੋਕਾਂ ਦੀਆਂ ਮੰਗਾਂ ਤੇ ਮਸਲਿਆਂ ਦੇ ਹੱਲ ਲਈ ਦਿੱਲੀ ਵਿਖੇ ਵਿਸ਼ਾਲ ਰੈਲੀ ਕਰਨ ਦਾ ਸੱਦਾ ਦਿੱਤਾ ਗਿਆ । ਇਸ ਦਿੱਲੀ ਚਲੋ ਐਕਸ਼ਨ ਦੇ ਸਮਰਥਨ ਲਈ ਪਿੰਡ – ਪਿੰਡ , ਸ਼ਹਿਰ – ਸ਼ਹਿਰ ਤੇ ਘਰ – ਘਰ ਸੁਨੇਹਾ ਦੇਣ ਲਈ ਪਹੁੰਚ ਕੀਤੀ ਜਾਵੇਗੀ । ਇਸ ਐਕਸ਼ਨ ਦੀ ਸਫ਼ਲਤਾ ਲਈ ਮੀਟਿੰਗਾਂ ਕਨਵੈਨਸ਼ਨਾਂ ਕਰਦੇ ਹੋਏ ਲੋਕ ਮੰਗਾਂ ਵਾਲਾ ਲਿਟ੍ਰੇਚਰ ਛਾਪ ਕੇ ਘਰ – ਘਰ ਵੰਡਿਆ ਜਾਵੇਗਾ । ਮੀਟਿੰਗ ਵਿੱਚ ਮਤਾ ਪਾਸ ਕਰਕੇ ਸੰਗਰੂਰ ਵਿਖੇ ਖੇਤ ਮਜ਼ਦੂਰਾਂ ਵੱਲੋਂ ਆਪਣੀਆ ਹੱਕੀ ਮੰਗਾ ਲਈ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਸਮੇਂ ਪੰਜਾਬ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ । ਇਸ ਮੌਕੇ ਤੇ ਮਾਸਟਰ ਮੂਲ ਚੰਦ ਸਰਹਾਲੀ , ਕਾਮਰੇਡ ਮੋਹਨ ਸਿੰਘ ਬਿਲਗਾ , ਮਾਸਟਰ ਸ੍ਰੀ ਰਾਮ ਬੰਡਾਲਾ , ਕਾਮਰੇਡ ਭੁਪਿੰਦਰ ਸਿੰਘ , ਸਤਨਾਮ ਸਿੰਘ , ਕਾਮਰੇਡ ਹਰਮੇਸ਼ ਸਿੰਘ ਸਰਹਾਲੀ , ਕਾਮਰੇਡ ਗੁਰਦੀਪ ਚੀਮਾ ਤੇ ਹੋਰ ਸਾਥੀ ਹਾਜਰ ਸਨ ।