ਮਾਨਸਾ, 10 ਜੁਲਾਈ ਬਰਸਾਤੀ ਮੌਸਮ ਦੌਰਾਨ ਹੋਣ ਵਾਲੀਆਂ
ਬਿਮਾਰੀਆਂ ਤੋਂ ਜ਼ਿਲ੍ਹਾ ਵਾਸੀਆਂ ਨੂੰ ਜਾਗਰੂਕ ਕੀਤਾ ਜਾਵੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ
ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਨੇ ਅੱਜ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ
ਕਰਮਚਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਬਰਸਾਤੀ ਮੋਸਮ ਨਾਲ ਹੋਣ
ਵਾਲੀਆਂ ਬਿਮਾਰੀਆਂ ਜਿਵੇ ਦਸਤ, ਉਲਟੀਆਂ, ਡੇਂਗੂ, ਮਲੇਰੀਆ, ਚਿਕਨਗੁਨੀਆ ਤੋਂ ਬਚਣ
ਲਈ ਸਾਨੂੰ ਆਪਣੇ ਆਲੇ ਦੁਆਲੇ ਪਾਣੀ ਨੂੰ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ। ਉਨ੍ਹਾਂ
ਦੱਸਿਆ ਕਿ ਖੜੇ ਪਾਣੀ ਵਿਚ ਮੱਛਰ ਦਾ ਲਾਰਵਾ ਅਤੇ ਮੱਛਰ ਪੈਦਾ ਹੁੰਦਾ ਹੈ, ਜਿਸ ਕਾਰਨ
ਡੇਂਗੂ ਤੇ ਮਲੇਰੀਆ ਹੋਣ ਦਾ ਖ਼ਤਰਾ ਵਧ ਜਾਂਦਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਜੇਕਰ ਕਿਤੇ ਪਾਣੀ ਖੜ੍ਹਾ ਹੈ, ਤਾਂ ਉਸ ਵਿੱਚ ਕਾਲੇ
ਤੇਲ ਦੀ ਵਰਤੋਂ ਕੀਤੀ ਜਾਵੇ, ਜਿਸ ਨਾਲ ਮੱਛਰ ਪੈਦਾ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ
ਆਪਣੇ ਘਰਾਂ ਦੀ ਛੱਤਾਂ ’ਤੇ ਪਏ ਗਮਲੇ, ਖਾਲੀ ਬਰਤਨ, ਟਾਇਰਾਂ ਆਦਿ ਵਿਚ ਪਾਣੀ ਨੂੰ ਖੜ੍ਹਾ
ਨਾ ਹੋਣ ਦਿੱਤਾ ਜਾਵੇ, ਕੂਲਰ ਅਤੇ ਫਰਿੱਜ ਦੀਆਂ ਟਰੇਆਂ ਨੂੰ ਹਫ਼ਤੇ ਵਿੱਚ ਇੱਕ ਵਾਰ
ਜ਼ਰੂਰ ਖਾਲੀ ਕਰਕੇ ਸਾਫ਼ ਕੀਤਾ ਜਾਵੇ। ਮੱਛਰਾਂ ਤੋਂ ਬਚਣ ਲਈ ਸਾਨੂੰ ਸਰੀਰ ਨੂੰ ਢੱਕ
ਕੇ ਰੱਖਣਾ ਚਾਹੀਦਾ ਹੈ ਅਤੇ ਮੱਛਰ ਭਜਾਊ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਸੇ ਤਰ੍ਹਾਂ ਬਰਸਾਤੀ ਮੌਸਮ ਦੌਰਾਨ ਸਾਨੂੰ ਟਾਇਫਾਈਡ, ਹੈਜਾ, ਪੀਲੀਆ ਤੋਂ
ਬਚਣ ਲਈ ਪਾਣੀ ਸਾਫ਼-ਸੁਥਰਾ ਕਲੋਰੀਨੇਟ ਕਰਕੇ, ਉਬਾਲ ਕੇ ਜਾਂ ਫਿਲਟਰ ਹੋਏ ਪਾਣੀ ਦੀ
ਹੀ ਵਰਤੋਂ ਕਰਨੀ ਚਾਹੀਦੀ ਹੈ। ਸਾਨੂੰ ਵਧੇਰੇ ਪੱਕੇ ਫ਼ਲ ਅਤੇ ਬੇਹਾ ਖਾਣਾ ਨਹੀਂ ਖਾਣਾ
ਚਾਹੀਦਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋੜੀਂਦੀਆਂ ਥਾਵਾਂ ’ਤੇ
ਲਾਰਵੀਸਾਈਡ ਬੀ.ਟੀ.ਆਈ ਦਾ ਸਪਰੇਅ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਸਮੂੂਹ
ਸੀਨੀਅਰ ਮੈਡੀਕਲ ਅਫਸਰਾਂ ਨੂੰ ਹਦਾਇਤ ਕਰਦਿਆ ਕਿਹਾ ਕਿ ਬਰਸਾਤੀ ਮੌਸਮ ਨੂੰ ਦੇਖਦਿਆਂ
ਮੈਡੀਕਲ ਟੀਮਾਂ ਤਿਆਰ ਰੱਖੀਆਂ ਜਾਣ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅਰਸ਼ਦੀਪ ਸਿੰਘ, ਜ਼ਿਲ੍ਹਾ ਐਪੀਡਮੈਲੋਜਿਸਟ
ਸ਼੍ਰੀ ਸੰਤੋਸ਼ ਭਾਰਤੀ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਵਿਜੈ ਕੁਮਾਰ, ਉਪ ਸਮੂਹ
ਸਿੱਖਿਆ ਅਤੇ ਸੂਚਨਾ ਅਫ਼ਸਰ ਦਰਸ਼ਨ ਸਿੰਘ ਧਾਲੀਵਾਲ, ਸਹਾਇਕ ਮਲੇਰੀਆ ਅਫ਼ਸਰ
ਗੁਰਜੰਟ ਸਿੰਘ, ਤਰਲੋਚਨ ਸਿੰਘ, ਸੰਦੀਪ ਸਿੰਘ ਅਤੇ ਸੰਜੀਵ ਕੁਮਾਰ ਹੈਲਥ ਸੁਪਰਵਾਈਜ਼ਰ
ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।