ਕ੍ਰਿਕਟਰ ਅਰਸ਼ਦੀਪ ਪਹਿਲੀ ਵਾਰ ਮੈਨ ਆਫ ਦਾ ਮੈਚ, ਮਾਂ ਹੋਈ ਭਾਵੁਕ, ਪ੍ਰਸੰਸਕਾਂ ਨੇ ਕੀਤੀ ਤਾਰੀਫ
ਚੰਡੀਗੜ੍ਹ, 29 ਸਤੰਬਰ : ਨੌਜਵਾਨ ਕ੍ਰਿਕਟਰ ਅਰਸ਼ਦੀਪ ਸਿੰਘ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਟ੍ਰੋਲ ਕਰਨ ਵਾਲਿਆਂ ਦੇ ਮੂੰਹ ਬੰਦ ਕਰ ਦਿੱਤੇ ਹਨ। ਅਰਸ਼ਦੀਪ ਨੇ ਬੀਤੀ ਰਾਤ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੀ-20 ’ਚ ਆਪਣੇ ਪਹਿਲੇ ਹੀ ਓਵਰ ’ਚ 3 ਵਿਕਟਾਂ ਲਈਆਂ। ਇਸ ਤੋਂ ਬਾਅਦ ਹਰ ਕੋਈ ਅਰਸ਼ਦੀਪ ਸਿੰਘ ਦੀ ਤਾਰੀਫ ਕਰ ਰਿਹਾ ਹੈ।
ਦੱਸ ਦਈਏ ਕਿ ਏਸੀਆ ਕੱਪ 2022 ’ਚ ਪਾਕਿਸਤਾਨ ਦੇ ਖਿਲਾਫ ਮੈਚ ’ਚ ਕੈਚ ਗੁਆਉਣ ਤੋਂ ਬਾਅਦ ਟ੍ਰੋਲਰਾਂ ਦੇ ਨਿਸ਼ਾਨੇ ’ਤੇ ਆਏ ਅਰਸ਼ਦੀਪ ਸਿੰਘ ਨੇ ਇਕ ਵਾਰ ਫਿਰ ਆਪਣੀ ਸ਼ਾਨਦਾਰ ਗੇਂਦਬਾਜੀ ਨਾਲ ਆਲੋਚਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ। ਅਰਸ਼ਦੀਪ ਨੇ ਦੱਖਣੀ ਅਫਰੀਕਾ ਖਿਲਾਫ਼ 4 ਓਵਰਾਂ ’ਚ 32 ਦੌੜਾਂ ਦਿੱਤੀਆਂ ਅਤੇ 3 ਵਿਕਟਾਂ ਲਈਆਂ। ਫੀਲਡਿੰਗ ਦੌਰਾਨ ਇਕ ਸਾਨਦਾਰ ਕੈਚ ਵੀ ਫੜਿਆ ਗਿਆ। ਅਰਸ਼ਦੀਪ ਸਿੰਘ ਨੂੰ ਸ਼ਾਨਦਾਰ ਗੇਂਦਬਾਜੀ ਲਈ ਮੈਨ ਆਫ ਦਾ ਮੈਚ ਵੀ ਦਿੱਤਾ ਗਿਆ। ਅਰਸ਼ਦੀਪ ਨੇ ਦੱਖਣੀ ਅਫਰੀਕਾ ਦੇ ਬੱਲੇਬਾਜ ਕਵਿੰਟਨ ਡੀ ਕਾਕ (1 ਰਨ), ਡੇਵਿਡ ਮਿਲਰ (ਨਹੀਂ) ਅਤੇ ਰਿਲੇ ਰੋਸੋ (ਨਿਲ) ਦੀਆਂ ਵਿਕਟਾਂ ਲਈਆਂ।
ਅਰਸ਼ਦੀਪ ਸਿੰਘ ਦੇ ਇਸ ਸ਼ਾਨਦਾਰ ਪ੍ਰਦਰਸਨ ਤੋਂ ਬਾਅਦ ਉਸ ਦੇ ਪ੍ਰਸੰਸਕ ਇੰਟਰਨੈਟ ਮੀਡੀਆ ’ਤੇ ਉਸ ਦੀ ਕਾਫੀ ਤਾਰੀਫ ਕਰ ਰਹੇ ਹਨ। ਬਾਲੀਵੁੱਡ ਅਦਾਕਾਰਾ ਅਤੇ ਪੰਜਾਬ ਕਿੰਗਜ ਦੀ ਸਹਿ-ਮਾਲਕ ਪ੍ਰਿਟੀ ਜਿੰਟਾ ਨੇ ਟਵਿੱਟਰ ’ਤੇ ਅਰਸਦੀਪ ਦੀ ਸ਼ਾਨਦਾਰ ਗੇਂਦਬਾਜੀ ਦੀ ਤਾਰੀਫ ਕੀਤੀ ਹੈ। ਉਨ੍ਹਾਂ ਲਿਖਿਆ ‘ਵਾਹ ਮੈਨ ਆਫ ਦਾ ਮੈਚ, ਪ੍ਰਭਾਵਸਾਲੀ ਗੇਂਦਬਾਜੀ ਅਰਸਦੀਪ’। ਦੱਸ ਦੇਈਏ ਕਿ ਅਰਸਦੀਪ ਆਈਪੀਐਲ ’ਚ ਪੰਜਾਬ ਕਿੰਗਜ ਲਈ ਖੇਡਿਆ ਸੀ।
ਇਸ ਦੇ ਨਾਲ ਹੀ ਮਾਂ ਬਲਜੀਤ ਕੌਰ ਵੀ ਉਨ੍ਹਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ’ਤੇ ਕਾਫੀ ਖੁਸ਼ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੇ ਬੇਟੇ ਦੀ ਕਾਰਗੁਜਾਰੀ ਤੋਂ ਬਹੁਤ ਖੁਸ਼ ਹਨ। ਇਸ ਮੈਚ ਨੂੰ ਲੈ ਕੇ ਉਹ ਕਾਫੀ ਉਤਸਾਹਿਤ ਸੀ, ਅਰਸ਼ਦੀਪ ਨੇ ਇਕ ਵਾਰ ਫਿਰ ਆਪਣੇ ਆਪ ਨੂੰ ਸਾਬਤ ਕਰ ਦਿੱਤਾ ਹੈ।