ਦੀਵਾਲੀ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਮੰਤਰੀ ਮੰਡਲ ’ਚ ਹੋ ਸਕਦੈ ਫੇਰਬਦਲ
ਚੰਡੀਗੜ੍ਹ, 29 ਸਤੰਬਰ : ਮੁੱਖ ਮੰਤਰੀ ਭਗਵੰਤ ਮਾਨ ਦੀਵਾਲੀ ਤੋਂ ਪਹਿਲਾਂ ਆਪਣੇ ਮੰਤਰੀ ਮੰਡਲ ’ਚ ਵਿਸਥਾਰ ਕਰ ਸਕਦੇ ਹਨ। ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਨੂੰ ਪਾਰਟੀ ਹਾਈ ਕਮਾਨ ਨੇ ਕੈਬਨਿਟ ਮੰਤਰੀਆਂ ਦੀਆਂ ਤਿੰਨ ਖ਼ਾਲੀ ਪਈਆਂ ਸੀਟਾਂ ਨੂੰ ਭਰਨ ਲਈ ਕੈਬਨਿਟ ਦੇ ਵਿਸਥਾਰ ਦੀ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਮੁੱਖ ਮੰਤਰੀ ਤਿੰਨ ਵਿਧਾਇਕਾਂ ਨੂੰ ਝੰਡੀ ਵਾਲੀ ਕਾਰ ਦੇ ਕੇ ਦੀਵਾਲੀ ਦਾ ਤੋਹਫ਼ਾ ਦੇ ਸਕਦੇ ਹਨ।
ਮੰਤਰੀ ਮੰਡਲ ’ਚ ਕਿਹੜੇ ਤਿੰਨ ਵਿਧਾਇਕਾਂ ਨੂੰ ਸਥਾਨ ਮਿਲ ਸਕਦਾ ਹੈ ਇਸ ਸਬੰਧੀ ਪੁਖ਼ਤਾ ਜਾਣਕਾਰੀ ਨਹੀਂ ਮਿਲ ਸਕੀ ਪਰ ਇਹ ਤੈਅ ਹੈ ਭਿ੍ਰਸ਼ਟਾਚਾਰ ਦੇ ਦੋਸ਼ਾਂ ’ਚ ਘਿਰੇ ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਦੀ ਇਜਲਾਸ ਸਮਾਪਤ ਹੋਣ ਤੋਂ ਬਾਅਦ ਛੁੱਟੀ ਹੋ ਸਕਦੀ ਹੈ।
ਪਾਰਟੀ ਸੂਤਰਾਂ ਮੁਤਾਬਕ ਇਹ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਦੂਜੀ ਵਾਰੀ ਵਿਧਾਇਕਾ ਬਣੀ ਪ੍ਰੋ. ਬਲਜਿੰਦਰ ਕੌਰ ਅਤੇ ਸਰਬਜੀਤ ਕੌਰ ਮਾਣੂੰਕੇ ’ਚੋਂ ਕਿਸੇ ਇਕ ਨੂੰ ਮੰਤਰੀ ਮੰਡਲ ’ਚ ਸਥਾਨ ਮਿਲ ਸਕਦਾ ਹੈ। ਇਸੇ ਤਰ੍ਹਾਂ ਪਿ੍ਰੰਸੀਪਲ ਬੁੱਧ ਰਾਮ ਨੂੰ ਵੀ ਕੈਬਨਿਟ ਮੰਤਰੀ ਬਣਾਇਆ ਜਾ ਸਕਦਾ ਹੈ।
ਪਾਰਟੀ ਪਹਿਲਾਂ ਹੀ ਦੂਜੀ ਵਾਰੀ ਵਿਧਾਇਕ ਬਣੇ ਕੁਲਤਾਰ ਸਿੰਘ ਸੰਧਵਾਂ ਅਤੇ ਜੈ ਕਿਸ਼ਨ ਰੋਡੀ ਨੂੰ ਕ੍ਰਮਵਾਰ ਸਪੀਕਰ ਅਤੇ ਡਿਪਟੀ ਸਪੀਕਰ ਦੇ ਅਹੁਦੇ ਤੇ ‘ਸੈੱਟ’ ਕਰ ਚੁੱਕੀ ਹੈ ਜਦਕਿ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਅਤੇ ਗੁਰਮੀਤ ਸਿੰਘ ਮੀਤ ਹੇਅਰ ਨੂੰ ਕੈਬਨਿਟ ਮੰਤਰੀ ਬਣਾਇਆ ਜਾ ਚੁੱਕਿਆ ਹੈ। ਇਸ ਤਰ੍ਹਾਂ ਦੂਜੀ ਵਾਰੀ ਵਿਧਾਇਕ ਬਣੇ ਪ੍ਰੋ. ਬਲਜਿੰਦਰ ਕੌਰ ਅਤੇ ਪਿ੍ਰੰਸੀਪਲ ਬੁੱਧ ਰਾਮ ਨੂੰ ਮੰਤਰੀ ਮੰਡਲ ’ਚ ਥਾਂ ਮਿਲ ਸਕਦੀ ਹੈ।
ਜੇਕਰ ਫ਼ੌਜਾ ਸਿੰਘ ਸਰਾਰੀ ਦੀ ਛੁੱਟੀ ਹੋ ਜਾਂਦੀ ਹੈ ਤਾਂ ਚਾਰ ਮੰਤਰੀਆਂ ਨੂੰ ਸਹੁੰ ਚੁਕਾਈ ਜਾ ਸਕਦੀ ਹੈ। ਦੱਸਦੇ ਹਨ ਕਿ ਕਈ ਮੰਤਰੀਆਂ ਦੇ ਵਿਭਾਗਾਂ ਦੀ ਕਾਰਗੁਜ਼ਾਰੀ ਤੋਂ ਪਾਰਟੀ ਹਾਈ ਕਮਾਨ ਖ਼ੁਸ਼ ਨਹੀਂ ਹੈ ਜਿਸ ਕਰਕੇ ਤਿੰਨ ਚਾਰ ਮੰਤਰੀਆਂ ਦੇ ਵਿਭਾਗਾਂ ’ਚ ਫੇਰਬਦਲ ਕੀਤੇ ਜਾਣ ਦੀਆਂ ਸੰਭਾਵਨਾ ਹੈ।
ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਪਿਛਲੇ ਦਿਨ ਪਾਰਟੀ ਨੇ ਭਾਜਪਾ ’ਤੇ ਆਪ ਵਿਧਾਇਕਾਂ ਨੂੰ ਤੋੜਨ ਲਈ 25-25 ਕਰੋੜ ਰੁਪਏ ਦੀ ਪੇਸ਼ਕਸ਼ ਦੇ ਦੋਸ਼ ਲਾਏ ਸਨ। ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋਡੀ ਤੇ ਹੋਰ ਵਿਧਾਇਕਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਬਕਾਇਦਾ ਨੂੰ ਲਾਲਚ ਦੇਣ ਦੇ ਦੋਸ਼ ਤਹਿਤ ਕੇਸ ਵੀ ਦਰਜ ਕਰਵਾਇਆ ਹੈ ।
ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਗੁਜਰਾਤ ਅਤੇ ਹਿਮਾਚਲ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਗੁਜਰਾਤ ’ਚ ਹਰ ਹੀਲੇ ਪਾਰਟੀ ਆਪਣਾ ਪਰਚਮ ਲਹਿਰਾਉਣਾ ਚਾਹੁੰਦੀ ਹੈ।
ਵਰਨਣਯੋਗ ਹੈ ਕਿ ਪੰਜਾਬ ਮੰਤਰੀ ਮੰਡਲ ’ਚ ਮੁੱਖ ਮੰਤਰੀ ਸਮੇਤ 18 ਕੈਬਨਿਟ ਮੰਤਰੀ ਬਣਾਏ ਜਾ ਸਕਦੇ ਹਨ ਇਸ ਸਮੇਂ 14 ਕੈਬਨਿਟ ਮੰਤਰੀ ਹਨ ਅਤੇ ਤਿੰਨ ਸੀਟਾਂ ਖ਼ਾਲੀ ਪਈਆਂ ਹਨ ।