ਜ਼ੀਰਾ/ ਫਿਰੋਜ਼ਪੁਰ, 28 ਅਗਸਤ ( ਗੁਰਪ੍ਰੀਤ ਸਿੰਘ ਸਿੱਧੂ ) :- ਕਿਸਾਨ ਯੂਨੀਅਨ ਸ਼ੇਰੇ ਪੰਜਾਬ ਵੱਲੋਂ ਮਨਪ੍ਰੀਤ ਸਿੰਘ ਲਾਡੀ ਗਿੱਲ ਨੂੰ ਸੂਬੇ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਦੀ ਪ੍ਰਧਾਨਗੀ ਹੇਠ ਮਨਪ੍ਰੀਤ ਸਿੰਘ ਲਾਡੀ ਗਿੱਲ ਦੇ ਗ੍ਰਹਿ ਸਾਹਵਾਲਾ ਰੋਡ ਜ਼ੀਰਾ ਵਿਖੇ ਹੋਈ। ਮੀਟਿੰਗ ਦੌਰਾਨ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਨੇ ਕਿਸਾਨਾਂ ਨੂੰ ਸਤਲੁਜ ਦਰਿਆ ਵਿਚ ਪਾਣੀ ਦੇ ਪੱਧਰ ਦੇ ਵੱਧਣ ਨਾਲ ਹੋਏ ਨੁਕਸਾਨ ਦਾ ਪੰਜਾਬ ਸਰਕਾਰ ਤੋਂ ਤੁਰੰਤ ਮੁਆਵਜ਼ੇ ਦੀ ਮੰਗ ਕੀਤੀ। ਉਨ੍ਹਾਂ ਸਮੂਹ ਕਿਸਾਨਾਂ ਨੂੰ ਇਕੱਠੇ ਹੋ ਕੇ ਸੰਘਰਸ਼ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਦੇ ਮੈਂਬਰ ਬਣਕੇ ਆਪਣੇ ਹੱਕ ਲੈਣ ਲਈ ਇਕੱਠੇ ਹੋਣ। ਇਸ ਮੌਕੇ ਨੌਜਵਾਨ ਆਗੂ ਮਨਦੀਪ ਸਿੰਘ ਲਾਡੀ ਗਿੱਲ ਨੂੰ ਉਨ੍ਹਾਂ ਦੀ ਦਿੱਲੀ ਮੋਰਚੇ ਵਿੱਚ ਨਿਭਾਈ ਸੇਵਾ ਨੂੰ ਵੇਖਦਿਆਂ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਦਾ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਨਿਯੁਕਤ ਕੀਤਾ। ਇਸ ਮੌਕੇ ਨਵ ਨਿਯੁਕਤ ਕਿਸਾਨ ਆਗੂ ਮਨਜੀਤ ਸਿੰਘ ਲਾਡੀ ਗਿੱਲ ਨੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਕਿਸਾਨਾਂ ਮਜ਼ਦੂਰਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਤੱਤਪਰ ਰਹਾਂਗਾ। ਇਸ ਮੌਕੇ ਮੀਟਿੰਗ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ।