ਸੰਗਰੂਰ, 22 ਜੂਨ, 2023:
ਨਵ ਨਿਯੁਕਤ ਅਧਿਆਪਕ ਫਰੰਟ ਪੰਜਾਬ, 569 ਨਵ ਨਿਯੁਕਤ ਲੈਕਚਰਾਰ ਯੂਨੀਅਨ, ਸਮੂਹ 3704 ਅਤੇ 2392 ਅਧਿਆਪਕਾਂ ਵੱਲੋਂ ਸਾਂਝੇ ਰੂਪ ਵਿੱਚ ਬਦਲੀਆਂ ਦੀ ਮੰਗ ਨੂੰ ਲੈ ਕੇ ਲੈਕਚਰਾਰ ਅਮਨਦੀਪ ਕੌਰ ਦੀ ਅਗਵਾਈ ਵਿੱਚ ਲੈਕਚਰਾਰ ਅਤੇ ਮਾਸਟਰ ਕੇਡਰ ਅਧਿਆਪਕ ਦੀਆਂ ਬਦਲੀਆਂ ਸਬੰਧੀ ਸਿੱਖਿਆ ਮੰਤਰੀ ਦੇ ਨਾਂ ਹੇਠ ਮਾਨਯੋਗ ਡੀ.ਸੀ ਸੰਗਰੂਰ ਨੂੰ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਲੈਕਚਰਾਰ ਯੂਨੀਅਨ ਦੇ ਆਗੂ ਮਾਲਵਿੰਦਰ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਸ ਤਰ੍ਹਾਂ ਨਵ ਨਿਯੁਕਤ ਮਾਸਟਰ ਕੇਡਰ (3704, 2392) ਦੇ ਅਧਿਆਪਕਾਂ ਨੂੰ ਬਦਲੀ ਦਾ ਵਿਸ਼ੇਸ਼ ਮੌਕਾ ਦਿੱਤਾ ਹੈ, ਉਸੇ ਤਰ੍ਹਾਂ ਹੀ ਮੌਜੂਦਾ ਸਮੇਂ ਵਿੱਚ ਹੋ ਰਹੀਆਂ ਆਨਲਾਈਨ ਬਦਲੀਆਂ ਵਿਚ ਨਵ-ਨਿਯੁਕਤ ਲੈਕਚਰਾਰਾਂ ਨੂੰ ਵੀ ਮੌਕਾ ਦਿੱਤਾ ਜਾਵੇ।
ਫਰੰਟ ਦੇ ਆਗੂ ਜਸਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਜੱਦੀ ਜ਼ਿਲ੍ਹਿਆਂ ਵਿੱਚ ਲੈਕਚਰਾਰ ਅਤੇ ਅਧਿਆਪਕਾਂ ਦੀਆਂ ਬਹੁਤ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਬਹੁਤ ਸਾਰੇ ਲੈਕਚਰਾਰ ਦੀ ਨਿਯੁਕਤੀ ਘਰਾਂ ਤੋਂ ਦੂਰ ਬਾਰਡਰ ਏਰੀਆ ਵਿਚ ਕੀਤੀ ਗਈ।
ਇਸ ਮੌਕੇ ਮੈਡਮ ਗਗਨਦੀਪ ਕੌਰ ਨੇ ਕਿਹਾ ਕਿ 300 ਤੋਂ ਵੱਧ ਵਿਦਿਆਰਥੀਆਂ ਵਾਲੇ ਸਕੂਲਾਂ ਵਿਚ ਬਦਲੀ ਕਰਨ ਦੀ ਸ਼ਰਤ ਨੂੰ ਹਟਾ ਕੇ ਗ੍ਰਹਿ ਜਿਨ੍ਹਾਂ ਤੋਂ ਬਾਹਰ ਤੈਨਾਤ ਅਧਿਆਪਕਾਂ ਨੂੰ ਵਿਸ਼ੇਸ਼ ਮੌਕਾ ਦਿੱਤਾ ਜਾਵੇ।
ਇਸ ਮੌਕੇ ਮੈਡਮ ਰੁਪਿੰਦਰ ਕੌਰ, ਗੁਰਪ੍ਰੀਤ ਕੌਰ ਤੇ ਹਰਕੀਰਤ ਕੌਰ ਤੋਂ ਇਲਾਵਾ ਡੈਮੋਕਰੇਟਿਕ ਟੀਚਰਜ਼ ਫਰੰਟ, ਜ਼ਿਲ੍ਹਾ ਦੇ ਆਗੂ ਕੰਵਲਜੀਤ ਸਿੰਘ ਬਨਭੌਰਾ ਵੀ ਹਾਜ਼ਰ ਰਹੇ।