ਸੰਗਰੂਰ, 22 ਜੂਨ, 2023:
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਵੱਲੋਂ 9ਵੇਂ ਵਿਸ਼ਵ ਯੋਗਾ ਦਿਵਸ ਮੌਕੇ ਜ਼ਿਲ੍ਹਾ ਅਦਾਲਤ ਕੰਪਲੈਕਸ, ਸੰਗਰੂਰ ਅਤੇ ਸਬ ਡਿਵੀਜ਼ਨ ਅਦਾਲਤ ਕੰਪਲੈਕਸ, ਧੂਰੀ, ਸੁਨਾਮ, ਮੂਨਕ ਅਤੇ ਮਲੇਰਕੋਟਲਾ ਵਿਖੇ ਯੋਗਾ ਕੈਂਪ ਦਾ ਆਯੋਜਨ ਕੀਤਾ ਗਿਆ।
ਯੋਗਾ ਕੈਂਪ ਵਿੱਚ ਸ਼੍ਰੀਮਤੀ ਰਸ਼ਮੀ ਗੋਇਲ ਵਲੋਂ ਯੋਗਾ ਇੰਸਟਰਕਟਰ ਦੀ ਭੂਮਿਕਾ ਨਿਭਾਈ ਗਈ।ਉਹਨਾਂ ਨੇ ਦਸਿਆ ਕਿ ਯੋਗਾ ਕੇਵਲ ਸਰੀਰਕ ਜਾਂ ਮਾਨਸਿਕ ਵਿਕਾਸ ਲਈ ਹੀ ਜ਼ਰੂਰੀ ਨਹੀਂ ਹੈ ਸਗੋਂ ਅਧਿਆਤਮਿਕ ਸਕੂਨ, ਸਥਿਰਤਾ, ਇਕਾਗਰਤਾ ਅਤੇ ਅਨੰਦ ਲਈ ਵੀ ਇਹ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਅੱਜ ਦੁਨੀਆਂ ਦੇ ਅਨੇਕ ਮੁਲਕਾਂ ਵਿੱਚ ਤੰਦਰੂਸਤੀ ਲਈ ਅਪਣਾਇਆ ਜਾ ਰਿਹਾ ਯੋਗਾ, ਹਜ਼ਾਰਾਂ ਸਾਲ ਪਹਿਲਾਂ ਭਾਰਤ ਦੇ ਰਿਸ਼ੀਆਂ-ਮੁਨੀਆਂ ਦੁਆਰਾ ਆਪਣੇ ਅਦਭੁਤ ਗਿਆਨ ਸਦਕਾ ਹੋਂਦ ਵਿੱਚ ਲਿਆਂਦਾ ਗਿਆ ਸੀ। ਯੋਗਾ ਦਾ ਜਨਮ ਭਾਰਤ ਵਿੱਚ ਪੂਰਵ ਵੈਦਿਕ ਕਾਲ ਵਿੱਚ ਹੋਇਆ ਸੀ ਅਤੇ ਇਸ ਨੂੰ ਗਿਆਨ, ਕਰਮ ਤੇ ਭਗਤੀ ਦਾ ਸੁਮੇਲ ਦੱਸਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਵਿੱਚ ਯੋਗਾ ਦਿਵਸ ਮਨਾੳਣ ਦਾ ਮੁੱਖ ਮੰਤਵ ਰੋਗ ਮੁਕਤ ਸੰਸਾਰ ਦੀ ਸਿਰਜਣਾ ਹੈ।
ਇਸ ਕੈਂਪ ਦੌਰਾਨ ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ (ਇੰਚਾਰਜ) ਸ਼਼ੀ ਬਲਜਿੰਦਰ ਸਿੰਘ ਅਤੇ ਸ੍ਰੀ ਗੁਰਕਿਰਪਾਲ ਸਿੰਘ ਸੇਖੋਂ ਸੀਜੇਐੱਮ, ਸ਼੍ਰੀ ਵੀਨਿਤ ਦੁੱਗਲ ਪ੍ਰਧਾਨ ਬਾਰ ਐਸੋਸੀਏਸ਼ਨ, ਸ਼੍ਰੀ ਹਿਤੇਸ਼ ਜਿੰਦਲ ਪੈਨਲ ਵਕੀਲ ਅਤੇ ਜਿਲ੍ਹਾ ਅਦਾਲਤ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਦਾ ਸਮੂਹ ਸਟਾਫ ਹਾਜ਼ਰ ਰਿਹਾ।