Home » “ਅਸੀਂ ਇੰਤਜਾਰ ਨਹੀਂ ਕਰ ਰਹੇ” ਨਾਅਰੇ ਤਹਿਤ ਮਨਾਇਆ ਅੰਤਰਰਾਸ਼ਟਰੀ ਹੈਪੇਟਾਈਟਸ ਜਾਗਰੂਕਤਾ ਦਿਵਸ

“ਅਸੀਂ ਇੰਤਜਾਰ ਨਹੀਂ ਕਰ ਰਹੇ” ਨਾਅਰੇ ਤਹਿਤ ਮਨਾਇਆ ਅੰਤਰਰਾਸ਼ਟਰੀ ਹੈਪੇਟਾਈਟਸ ਜਾਗਰੂਕਤਾ ਦਿਵਸ

ਸ਼ੁਰੂਆਤੀ ਦੌਰ ਵਿੱਚ ਹੈਪੇਟਾਈਟਸ ਦਾ ਇਲਾਜ ਸੰਭਵ

by Rakha Prabh
41 views

ਵਰਤੀਗਈ ਲਾਪਰਵਾਹੀ ਸਾਬਤ ਹੋ ਸਕਦੀ ਹੈ ਜਾਨਲੇਵਾ  

ਮੂਨਕ/ਸੰਗਰੂਰ, 28 ਜੁਲਾਈ, 2023: ਸਿਹਤ ਮੰਤਰੀ ਪੰਜਾਬ ਡਾ. ਬਲਵੀਰ ਸਿੰਘ, ਜਤਿੰਦਰ ਜੋਰਵਾਲ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਵਿੰਦਰ ਸਿੰਘ ਭੱਟੀ ਦੀ ਅਗੁਵਾਈ ਹੇਠ ਸਿਹਤ ਬਲਾਕ ਮੂਨਕ ਦੇ ਸਥਾਨਕ ਸਰਕਾਰੀ ਹਸਪਤਾਲ ਅਤੇ ਇਸ ਅਧੀਨ ਸਿਹਤ ਕੇਂਦਰਾਂ ਵਿੱਚ ਅੰਤਰਰਾਸ਼ਟਰੀ ਹੈਪੇਟਾਈਟਸ ਜਾਗਰੂਕਤਾ ਦਿਵਸ ਮਨਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਐਜੂਕੇਟਰ-ਕਮ-ਸਿਹਤ ਵਿਭਾਗ ਦੇ ਮਾਸ ਮੀਡੀਆ ਬ੍ਰਾਂਚ ਸਿਹਤ ਬਲਾਕ ਮੂਨਕ ਦੇ ਨੋਡਲ ਅਫ਼ਸਰ ਹਰਦੀਪ ਜਿੰਦਲ ਨੇ ਕਿਹਾ ਕਿ ਕਿਸੇ ਵੀ ਬੀਮਾਰੀ ਦਾ ਜੇਕਰ ਸਮੇਂ ਸਿਰ ਪਤਾ ਲਗਾ ਲਿਆ ਜਾਵੇ ਤਾਂ ਉਸਦੇ ਗੰਭੀਰ ਰੂਪ ਧਾਰਨ ਕਰਨ ਤੋਂ ਪਹਿਲਾਂ ਉਸ ਦਾ ਇਲਾਜ ਸੰਭਵ ਹੈ। ਸਿਹਤ ਵਿਭਾਗ ਵਲੋਂ ਲੋਕਾਂ ਨੂੰ ਸਮੇਂ-ਸਮੇਂ ਤੇ ਵੱਖ-ਵੱਖ ਬਿਮਾਰੀਆਂ ਪ੍ਰਤੀ ਸੁਚੇਤ ਕਰਨ ਲਈ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਬੀਮਾਰੀ ਦੇ ਲੱਛਣਾਂ ਅਤੇ ਬਚਾਅ ਸਬੰਧੀ ਜਾਗਰੂਕ ਕੀਤਾ ਜਾ ਸਕੇ ਅਤੇ ਹੈਪੇਟਾਈਟਸ ਬਿਮਾਰੀ ਦੀ ਜਾਗਰੂਕਤਾ ਲਈ ਬਲਾਕ ਭਰ ਦੀਆਂ ਸਿਹਤ ਸੰਸਥਾਂਵਾ ਵੱਲੋਂ ਹਫਤਾ ਭਰ ਜਾਗਰੂਕਤਾ ਮੁਹਿੰਮ ਚਲਾਈਆਂ ਜਾਣਗੀਆਂ। ਹੈਪੇਟਾਈਟਸ ਜਿਗਰ ਦੀ ਬੀਮਾਰੀ ਹੈ ਜੋ ਕਿ ਵਾਇਰਸ ਰਾਹੀਂ ਫੈਲਦੀ ਹੈ। ਹੈਪੇਟਾਈਟਸ-ਬੀ ਅਤੇ ਸੀ ਨੂੰ ਕਾਲਾ ਪੀਲੀਆ ਵੀ ਕਿਹਾ ਜਾਂਦਾ ਹੈ, ਉਸ ਵਿੱਚ ਹਲਕਾ ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ, ਕਮੋਜਰੀ, ਉਲਟੀਆਂ ਆਉਣਾ ਅਤੇ ਭੁੱਖ ਨਹੀਂ ਲਗਣਾ ਆਦਿ ਲੱਛਣ ਨਜ਼ਰ ਆਉਂਦੇ ਹਨ। ਜਿਸ ਨਾਲ ਜਿਗਰ ਦੀ ਸੋਜ ਅਤੇ ਜਿਗਰ ਦਾ ਕੈਂਸਰ ਵੀ ਹੋ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਹੈਪੇਟਾਈਟਸ ਤੋਂ ਬਚਾਅ ਲਈ ਬੱਚਿਆਂ ਦਾ ਹੈਪੇਟਾਈਟਸ ਬੀ ਦਾ ਟੀਕਾਕਰਨ ਹੋਣਾ ਜਰੂਰੀ ਹੈ ਜੋ ਕਿ ਸਿਹਤ ਵਿਭਾਗ ਵਲੋਂ ਬੱਚਿਆਂ ਦੀ ਟੀਕਾਕਰਨ ਸੂਚੀ ਵਿੱਚ ਸ਼ਾਮਲ ਹੈ ਤੇ ਮੁਫ਼ਤ ਲਗਾਇਆ ਜਾਂਦਾ ਹੈ। ਓਨ੍ਹਾਂ ਕਿਹਾ ਕਿ ਹੈਪੇਟਾਈਟਸ ਏ, ਬੀ, ਸੀ, ਡੀ ਅਤੇ ਈ ਇਨ੍ਹਾਂ ਪੰਜ ਕਿਸਮਾਂ ਦੇ ਵਿਸ਼ਾਣੂਆਂ ਤੋਂ ਲੋਕ ਪੀੜਤ ਹੋ ਸਕਦੇ ਹਨ। ਹੈਪੇਟਾਈਟਸ (ਪੀਲੀਆ) ਏ ਅਤੇ ਈ ਦੂਸ਼ਿਤ ਪਾਣੀ ਪੀਣ ਨਾਲ, ਗਲੇ-ਸੜ੍ਹੇ ਫਲ ਆਦਿ ਖਾਣ, ਬਿਨਾਂ ਹੱਥ ਧੋਏ ਖਾਣਾ, ਮੱਖੀਆਂ ਦੁਆਰਾ ਦੂਸ਼ਿਤ ਕੀਤਾ ਭੋਜਣ ਖਾਣ ਆਦਿ ਨਾਲ ਹੋ ਸਕਦਾ ਹੈ ਹਲਕਾ ਬੁਖਾਰ, ਮਾਸਪੇਸ਼ੀਆਂ ਵਿਚ ਦਰਦ, ਭੁੱਖ ਨਾ ਲੱਗਣਾ, ਉਲਟੀ ਆਉਣਾ, ਪਿਸ਼ਾਬ ਦਾ ਰੰਗ ਗੂੜਾ ਪੀਲਾ ਹੋਣਾ, ਕਮਜੋਰੀ ਮਹਿਸੂਸ ਹੋਣਾ ਅਤੇ ਜਿਗਰ ਦਾ ਖਰਾਬ ਹੋਣਾ ਇਸ ਬਿਮਾਰੀ ਦੇ ਲੱਛਣ ਹੋ ਸਕਦੇ ਹਨ। ਇਨ੍ਹਾਂ ਵਿਚੋਂ ਹੈਪੇਟਾਈਟਸ ਸੀ ਅਤੇ ਬੀ ਜਿਆਦਾ ਖ਼ਤਰਨਾਕ ਹੋ ਸਕਦੇ ਹਨ। ਜਿਨ੍ਹਾਂ ਦਾ ਟੈਸਟ ਕਰਵਾਉਣਾ ਜਰੂਰੀ ਹੈ। ਕਿਸੇ ਵੀ ਵਿਅਕਤੀ ਨੂੰ ਸਰਜਰੀ ਕਰਵਾਉਣ ਤੋਂ ਪਹਿਲਾਂ, ਦੰਦਾ ਦਾ ਇਲਾਜ਼ ਕਰਵਾਉਣ ਸਮੇਂ, ਸੈਕਸ ਵਰਕਰ, ਖੂਨ ਦਾਨ ਕਰਨ ਮੌਕੇ, ਗਰਭਵਤੀ ਔਰਤਾਂ ਨੂੰ, ਟੈਟੂ ਖੁਦਵਾਉਣ ਤੋਂ ਪਹਿਲਾਂ, ਡਾਇਆਲਸਿਸ ਮੌਕੇ ਅਤੇ ਹੈਲਥ ਕੇਅਰ ਵਰਕਰ ਨੂੰ ਆਪਣਾ ਇਹ ਟੈਸਟ ਕਰਵਾਉਣਾ ਚਾਹੀਂਦਾ ਹੈ ਤਾਂ ਜੋ ਇਸ ਬੀਮਾਰੀ ਦਾ ਸਮੇਂ ਰਹਿੰਦਿਆਂ ਪਤਾ ਲੱਗ ਸਕੇ। ਹੈਪੇਟਾਈਟਸ ਸੀ ਅਤੇ ਬੀ ਦਾ ਇਲਾਜ, ਬੇਸਲਾਈਨ ਟੈਸਟ ਅਤੇ ਵਾਇਰਲ ਲੋਡ ਟੈਸਟ ਰਾਜ ਦੇ 22 ਜਿਲ੍ਹਾ ਸਰਕਾਰੀ ਹਸਪਤਾਲਾਂ, 3 ਸਰਕਾਰੀ ਮੈਡੀਕਲ ਕਾਲਜ, 17 ਏ.ਆਰ.ਟੀ. ਕੇਂਦਰਾਂ ਅਤੇ 11 ਓ.ਐਸ.ਟੀ.ਕੇਂਦਰਾਂ ਅਤੇ 2 ਸਬ ਡਵੀਜਨਲ ਹਸਪਤਾਲਾਂ ਵਿੱਚ ਕੀਤਾ ਜਾਂਦਾ ਹੈ। ਇਨ੍ਹਾਂ ਸੰਸਥਾਵਾਂ ਵਿੱਚ ਮਰੀਜ ਆਪਣਾ ਮੁਫ਼ਤ ਟੈਸਟ ਅਤੇ ਇਲਾਜ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਹੋਰ ਜਾਣਕਾਰੀ ਲਈ ਕਿਸੇ ਵੀ ਵਿਅਕਤੀ ਵਲੋਂ ਮੈਡੀਕਲ ਹੈਲਪਲਾਈਨ ਨੰਬਰ 104 ‘ਤੇ ਸੰਪਰਕ ਕਰਕੇ ਕਿਸੇ ਵੀ ਸਮੇਂ ਜਾਣਕਾਰੀ ਲਈ ਜਾ ਸਕਦੀ ਹੈ।

Related Articles

Leave a Comment