ਬਠਿੰਡਾ ’ਚ ਸ਼ਰਾਰਤੀ ਅਨਸਰਾਂ ਨੇ ਪਾਣੀ ਵਾਲੀ ਟੈਂਕੀ ’ਤੇ ਲਿਖੇ ਖਾਲਿਸਤਾਨੀ ਨਾਅਰੇ
ਬਠਿੰਡਾ, 2 ਅਕਤੂਬਰ : ਬਠਿੰਡਾ ਸ਼ਹਿਰ ਦੇ ਬਾਹਰਲੇ ਖੇਤਰ ਸਰਹਿੰਦ ਨਹਿਰ ਨੇੜੇ ਸ਼ਰਾਰਤੀ ਅਨਸਰਾਂ ਵੱਲੋਂ ਖਾਲਿਸਤਾਨੀ ਪੱਖੀ ਨਾਅਰੇ ਲਿਖੇ ਗਏ ਹਨ।
ਸਰਹਿੰਦ ਨਹਿਰ ਤੇ ਜੋਗਾਨੰਦ ਰੋਡ ਨੂੰ ਜੋੜਨ ਵਾਲੇ ਪੁਲ ਨੇੜੇ ਬਣੀਆਂ ਪਾਣੀ ਵਾਲੀਆਂ ਛੋਟੀਆਂ ਟੈਂਕੀਆਂ ਉਪਰ ਸ਼ਰਾਰਤੀ ਅਨਸਰਾਂ ਨੇ ਲਿਖਿਆ ਹੈ- ‘ਪੰਜਾਬ ਦਾ ਹੱਲ ਖਾਲਿਸਤਾਨ’, ‘ਹਿੰਦੋਸਤਾਨ ਮੁਰਦਾਬਾਦ’ ਅਤੇ ਇਸ ਦੇ ਹੇਠਾਂ ‘ਸਿੱਖ ਫਾਰ ਜਸਟਿਸ’ ਅੰਗਰੇਜ਼ੀ ’ਚ ਲਿਖਿਆ ਗਿਆ ਹੈ।
ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਥਰਮਲ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਖਾਲਿਸਤਾਨੀ ਨਾਅਰਿਆਂ ਨੂੰ ਮਿਟਾ ਦਿੱਤਾ। ਇੱਥੇ ਬਣੀਆਂ ਪਾਣੀ ਵਾਲੀਆਂ ਟੈਂਕੀਆਂ ਤੋਂ ਬਹੁਤ ਸਾਰੇ ਲੋਕ ਪਾਣੀ ਭਰ ਕੇ ਲੈ ਜਾਂਦੇ ਹਨ। ਅੱਜ ਜਦੋਂ ਲੋਕ ਪਾਣੀ ਭਰਨ ਲਈ ਉੱਥੇ ਪੁੱਜੇ ਤਾਂ ਉਨ੍ਹਾਂ ਖਾਲਿਸਤਾਨੀ ਪੱਖੀ ਨਾਅਰੇ ਲਿਖੇ ਹੋਏ ਦੇਖੇ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਥਾਣਾ ਥਰਮਲ ਦੀ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਇਸ ਤੋਂ ਇਲਾਵਾ ਸਿੱਖ ਫਾਰ ਜਸਟਿਸ ਦੇ ਆਗੂ ਨੇ ਇੱਕ ਵੀਡੀਓ ਜਾਰੀ ਕਰ ਕੇ ਦਾਅਵਾ ਕੀਤਾ ਹੈ ਕਿ ਬਠਿੰਡਾ ਦੇ ਫੋਰੈਸਟ ਦਫਤਰ ਦੇ ਬਾਹਰ ਵੀ ਪਾਕਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਸਿੱਖ ਫਾਰ ਜਸਟਿਸ ਵੱਲੋਂ ਲਿਖੇ ਗਏ ਹਨ। ਇਸ ਤੋਂ ਇਲਾਵਾ ਸਿੱਖ ਮੁਸਲਮਾਨ ਭਾਈ ਭਾਈ ਦੇ ਨਾਅਰੇ ਵੀ ਲਿਖੇ ਗਏ ਹਨ।