ਅੰਮ੍ਰਿਤਸਰ 21 ਮਾਰਚ ( ) ਸਾਬਕਾ ਰਾਜਦੂਤ ਸਰਦਾਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਸ਼੍ਰੀ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਗੁਰੂ ਸਾਹਿਬਾਨ ਦੇ ਨਕਸ਼ੇ ਕਦਮਾਂ ’ਤੇ ਚੱਲ ਕੇ ਯੋਜਨਾਬੱਧ ਤਰੀਕੇ ਨਾਲ ਕਰਾਇਆ ਜਾਵੇਗਾ। ਕੇਂਦਰ ਸਰਕਾਰ ਦੇ ਸਹਿਯੋਗ ਨਾਲ ਸ਼ਹਿਰ ਦੇ ਆਲ਼ੇ ਦੁਆਲੇ ਦੇ ਨਗਰਾਂ ਨੂੰ ਵੀ ਵਿਕਸਤ ਕਰਾਏ ਜਾਣਗੇ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਧਾਰਮਿਕ ਆਸਥਾ ਦਾ ਕੇਂਦਰ ਹੀ ਨਹੀਂ ਗੁਰੂ ਸਾਹਿਬਾਨ ਨੇ ਇਸ ਦੇ ਵਿਕਾਸ ਅਤੇ ਵਪਾਰ ਨੂੰ ਪ੍ਰਫੁਲਿਤ ਕਰਨ ਲਈ ਕਈ ਬਜ਼ਾਰ ਸਥਾਪਿਤ ਕੀਤੇ ਸਨ। ਹੁਨਰਮੰਦਾਂ ਅਤੇ ਕਾਰੋਬਾਰੀਆਂ ਨੂੰ ਇਥੇ ਵਸਾਇਆ ਗਿਆ। ਛੋਟੇ ਵੱਡੇ ਉਦਯੋਗ ਸਥਾਪਿਤ ਕਰਾਏ ਗਏ।
ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਪਿੰਡ ਨੰਗਲੀ ਵਿਖੇ ਨਿਰਮਲ ਸਿੰਘ ਨੰਗਲ ਵੱਲੋਂ ਬੀਤੇ ਦਿਨੀਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਂ ਬਦਲ ਗਿਆ ਹੈ, ਹੁਣ ਸ਼ਹਿਰ ਆਧੁਨਿਕ ਤਰਜ਼ ’ਤੇ ਵਿਕਾਸ ਦੀ ਮੰਗ ਕਰਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਨਮੂਨੇ ਦਾ ਸੁੰਦਰ ਸ਼ਹਿਰ ਬਣਾਉਣ ਤੋਂ ਇਲਾਵਾ ਲੋਕਾਂ ਦੀ ਆਮਦਨ ’ਚ ਵਾਧਾ ਅਤੇ ਕਾਰੋਬਾਰ ’ਚ ਉੱਨਤੀ ਦਾ ਟੀਚਾ ਹਾਸਲ ਕਰਨ ਲਈ ਬਹੁਤ ਕੁਝ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਧਾਰਮਿਕ ਪੱਖੋਂ ਹੀ ਨਹੀਂ ਵਪਾਰ ਲਈ ਜਾਣਿਆ ਜਾਂਦਾ ਰਿਹਾ, ਉਸ ਮੁਕਾਮ ਨੂੰ ਮੁੜ ਹਾਸਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੱਖਾਂ ਲੋਕ ਹਰ ਰੋਜ਼ ਇਥੇ ਆਉਂਦੇ ਹਨ । ਉਨ੍ਹਾਂ ਨੂੰ ਘਟ ਤੋਂ ਘਟ ਤਿੰਨ ਦਿਨ ਅੰਮ੍ਰਿਤਸਰ ’ਚ ਠਹਿਰਨ ਲਈ ਮਜਬੂਰ ਹੋਣ ਇਸ ਲਈ ਇੱਥੋਂ ਦੇ ਸੈਰ ਸਪਾਟਾ ਉਦਯੋਗ ਨੂੰ ਪ੍ਰਫੁਲਿਤ ਕਰਨ ਦੀ ਜ਼ਰੂਰ ਹੈ। ਇਤਿਹਾਸਕ ਧਰੋਹਰਾਂ ਦੀ ਕਮੀ ਨਹੀਂ, ਪਰ ਸੰਭਾਲ ਵਲ ਵਿਸ਼ੇਸ਼ ਧਿਆਨ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ ਇਥੇ ਜਲਿਆਂ ਵਾਲਾ ਬਾਗ ਹੈ, ਮਹਾ ਰਿਸ਼ੀ ਬਾਲਮੀਕ ਦੀ ਦਾ ਤਪ ਅਸਥਾਨ ਸ਼੍ਰੀ ਰਾਮ ਤੀਰਥ ਮੰਦਰ ਹੈ, ਅਟਾਰੀ ਬਾਰਡਰ ’ਤੇ ਰੀਟਰੀਟ ਦੇਖਣ ਲਈ ਦੇਸ਼ ਭਰ ਤੋਂ ਲੋਕ ਆਉਂਦੇ ਹਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ’ਚ ਨਵੀਨਤਾ ਲਿਆ ਕੇ ਕਿਸਾਨਾਂ ਦੀ ਆਮਦਨ ਵਧਾਇਆ ਜਾ ਸਕਦਾ ਹੈ, ਇਸ ਕਾਰਜ ਲਈ ਅੰਮ੍ਰਿਤਸਰ ਤੋਂ ਕਾਰਗੋ ਫਲਾਈਟਾਂ ਚਲਾਉਣ ਦੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨਾਂ ’ਚ ਕਾਬਲੀਅਤ ਦੀ ਕਮੀ ਨਹੀਂ ਪਰ ਅਵਸਰ ਦੀ ਕਮੀ ਜ਼ਰੂਰ ਹੈ। ਉਨ੍ਹਾਂ ਨੂੰ ਹੁਨਰਮੰਦ ਬਣਾ ਕੇ ਅਵਸਰ ਪ੍ਰਦਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੁਝ ਦਹਾਕੇ ਪਹਿਲਾਂ ਅੰਮ੍ਰਿਤਸਰ ਉਦਯੋਗ ਦਾ ਕੇਂਦਰ ਹੋਇਆ ਕਰਦਾ ਸੀ ਹੁਣ ਵੀ ਇਥੇ ਉਦਯੋਗ ਸਥਾਪਿਤ ਕਰਨ ਲਈ ਕੇਂਦਰ ਸਰਕਾਰ ਤੋਂ ਮਦਦ ਅਤੇ ਵਿਦੇਸ਼ਾਂ ਖ਼ਾਸ ਕਰ ਕੇ ਅਮਰੀਕੀ ਕੰਪਨੀਆਂ ਤੋਂ ਪੂੰਜੀ ਨਿਵੇਸ਼ ਕਰਾਉਣ ਦੇ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਨਿਰਮਲ ਸਿੰਘ ਨੰਗਲ, ਹਰਜਿੰਦਰ ਸਿੰਘ ਨੰਗਲ, ਔਲਖ ਪ੍ਰਧਾਨ ਵੱਲੋਂ ਸਰਦਾਰ ਤਰਨਜੀਤ ਸਿੰਘ ਸੰਧੂ ਨੂੰ ਸਨਮਾਨਿਤ ਕੀਤਾ ਗਿਆ।