ਗੈਂਗਸਟਰ ਮਟਰੂ ਕੋਲੋਂ ਵੱਡੀ ਮਾਤਰਾ ’ਚ ਹਥਿਆਰ ਬਰਾਮਦ, ਗ੍ਰਿਫ਼ਤਾਰ
ਫਿਲੌਰ, 24 ਅਕਤੂਬਰ : ਜ਼ਿਲ੍ਹਾ ਦਿਹਾਤੀ ਪੁਲਿਸ ਨੇ ਗੈਂਗਵਾਰ ’ਚ ਵਰਤਣ ਲਈ ਲਿਆਂਦੇ ਗਏ ਹਥਿਆਰਾਂ ਸਮੇਤ ਗੈਂਗਸਟਰ ਸੁਖਜਿੰਦਰ ਬਾਬਾ ਗਿਰੋਹ ਦੇ ਇਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਬੂ ਕੀਤੇ ਗਏ ਗੈਂਗਸਟਰ ਦੀ ਪਛਾਣ ਲਖਵਿੰਦਰ ਸਿੰਘ ਉਰਫ ਮਟਰੂ ਵਾਸੀ ਹੀਓਵਾਲ ਹੀਮਾ ਥਾਣਾ ਸਦਰ ਬੰਗਾ ਵਜੋਂ ਹੋਈ ਹੈ। ਪੁਲਿਸ ਨੇ ਉਸ ਤੋਂ ਇਕ ਬੈਰਲ 12 ਬੋਰ ਗੰਨ ਸਮੇਤ 40 ਰੌਂਦ, ਇਕ 12 ਬੋਰ ਡਬਲ ਬੈਰਲ ਗੰਨ ਸਮੇਤ 15 ਰੌਂਦ, ਇਕ ਪਿਸਤੌਲ 45 ਬੋਰ ਅਤੇ 3 ਮੈਗਜ਼ੀਨ ਬਰਾਮਦ ਕੀਤੇ ਹਨ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਐਸ.ਪੀ ਸਰਬਜੀਤ ਸਿੰਘ ਬਾਹੀਆ ਅਤੇ ਡੀਐਸਪੀ ਫਿਲੌਰ ਜਤਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਮੁਖੀ ਫਿਲੌਰ ਸੁਰਿੰਦਰ ਕੁਮਾਰ ਨੂੰ ਸੂਚਨਾ ਮਿਲੀ ਸੀ ਕਿ ਸੁਖਜਿੰਦਰ ਬਾਬਾ ਗਰੁੱਪ ਦਾ ਗੈਂਗਸਟਰ ਲਖਵਿੰਦਰ ਸਿੰਘ ਗੈਂਗਵਾਰ ਲਈ ਹਥਿਆਰ ਲੈ ਕੇ ਆ ਰਿਹਾ ਹੈ। ਉਨ੍ਹਾਂ ਨਾਕੇਬੰਦੀ ਕਰਕੇ ਉਸ ਨੂੰ ਕਾਬੂ ਕਰ ਲਿਆ।
ਪੁੱਛਗਿੱਛ ਦੌਰਾਨ ਗੈਂਗਸਟਰ ਲਖਵਿੰਦਰ ਨੇ ਦੱਸਿਆ ਕਿ ਸੁਖਜਿੰਦਰ ਬਾਬਾ ਗੈਂਗ ਦੀ ਖੱਤਰੀ ਗਰੁੱਪ ਨਾਲ ਪੁਰਾਣੀ ਦੁਸ਼ਮਣੀ ਹੈ। ਦੋਵਾਂ ਵਿਚਾਲੇ ਹੋਈਆਂ ਗੈਂਗਵਾਰ ਦੇ 2013, 2014 ਅਤੇ 2015 ’ਚ ਥਾਣਾ ਸਿਟੀ ਬੰਗਾ ’ਚ ਮਾਮਲੇ ਦਰਜ ਹਨ। ਲਖਵਿੰਦਰ ਸਿੰਘ ਖ਼ਿਲਾਫ਼ 2016 ’ਚ ਪਿੰਡ ਖਟਕੜ ਕਲਾਂ ’ਚ ਲੜਾਈ ਅਤੇ ਨੰਗਲ ’ਚ ਡਾਕੇ ਦਾ ਪਰਚਾ ਦਰਜ ਹੈ ਜਿਸ ਕਾਰਨ ਉਹ ਕੁਝ ਮਹੀਨਿਆਂ ਲਈ ਹੁਸ਼ਿਆਰਪੁਰ ਜੇਲ੍ਹ ’ਚ ਬੰਦ ਰਿਹਾ ਅਤੇ ਜੇਲ੍ਹ ’ਚੋਂ ਬਾਹਰ ਆਉਣ ’ਤੇ 2020 ’ਚ ਫਿਰ ਲੜਾਈ ਦਾ ਕੇਸ ਥਾਣਾ ਸਿਟੀ ਨਵਾਂਸ਼ਹਿਰ ’ਚ ਦਰਜ ਹੋਇਆ। 2021 ’ਚ ਖੱਤਰੀ ਗਰੁਪ ਵੱਲੋਂ ਉਸ ਦੇ ਘਰ ’ਤੇ ਹਮਲਾ ਕਰ ਦਿੱਤਾ ਗਿਆ, ਜਿਸ ’ਚ ਲਖਵਿੰਦਰ ਨੇ ਖੱਤਰੀ ਗੁਰੱਪ ਦੇ ਸੁਰਜੀਤ ਸਿੰਘ ਕੂਨਰ ਦੇ ਗੋਲੀ ਮਾਰ ਦਿੱਤੀ ਸੀ।
ਇਸੇ ਰੰਜਿਸ਼ ਤਹਿਤ ਖੱਤਰੀ ਗਰੁੱਪ ਵੱਲੋਂ ਲਖਵਿੰਦਰ ਸਿੰਘ ਉਰਫ ਮਟਰੂ ਦੇ ਸਾਥੀ ਮੱਖਣ ਕੰਗ ਦੀ ਪਿੰਡ ਕੰਗ ਨਜ਼ਦੀਕ ਪੈਟਰੋਲ ਪੰਪ ’ਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਹੱਤਿਆ ਦਾ ਬਦਲਾ ਲੈਣ ਲਈ ਲਖਵਿੰਦਰ ਨੇ ਯੂਪੀ ਤੋਂ ਵੱਡੀ ਮਾਤਰਾ ’ਚ ਅਸਲਾ ਮੰਗਵਾਇਆ। ਇਸ ਅਰਸੇ ਦੌਰਾਨ ਉਹ ਅੰਮਿ੍ਰਤਸਰ, ਹੁਸ਼ਿਆਰਪੁਰਅਤੇ ਹਰਿਆਣਾ ਦੇ ਪਿੰਡਾਂ ਵਿਚ ਲੁਕ-ਛਿਪ ਕੇ ਰਹਿੰਦਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਮਟਰੂ ਹਥਿਆਰ ਲੈ ਕੇ ਜ਼ਿਲ੍ਹੇ ’ਚ ਦਾਖਲ ਹੋਇਆ ਪਰ ਪੁਲਿਸ ਨੂੰ ਮੌਕੇ ’ਤੇ ਪਤਾ ਲੱਗਣ ਕਾਰਨ ਉਸ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਲਖਵਿੰਦਰ ਖਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।