ਨਵੀਂ ਦਿੱਲੀ, 1 ਜੂਨ
ਚਾਰ ਦਿਨਾ ਫੇਰੀ ਲਈ ਭਾਰਤ ਪੁੱਜੇ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਵੀਰਵਾਰ ਨੂੰ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਦੋਵਾਂ ਮੁਲਕਾਂ ਦਰਮਿਆਨ ਊਰਜਾ, ਕੁਨੈਕਟੀਵਿਟੀ ਤੇ ਵਪਾਰ ਸਣੇ ਹੋਰਨਾਂ ਖੇਤਰਾਂ ਵਿਚ ਸਹਿਯੋਗ ਵਧਾਉਣ ਬਾਰੇ ਵਿਚਾਰ ਚਰਚਾ ਕਰਨਗੇ। ਪ੍ਰਚੰਡ ਅੱਜ ਬਾਅਦ ਦੁਪਹਿਰ ਦਿੱਲੀ ਪੁੱਜੇ ਤੇ ਦਸੰਬਰ ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਮਗਰੋਂ ਉਨ੍ਹਾਂ ਦੀ ਇਹ ਪਲੇਠੀ ਵਿਦੇਸ਼ ਫੇਰੀ ਹੈ। ਖਿੱਤੇ ਵਿੱਚ ਰਣਨੀਤਕ ਹਿੱਤਾਂ ਦੇ ਮੱਦੇਨਜ਼ਰ ਭਾਰਤ ਲਈ ਨੇਪਾਲ ਨਾਲ ਰਿਸ਼ਤੇ ਬਹੁਤ ਅਹਿਮ ਹਨ। ਦੋਵਾਂ ਮੁਲਕਾਂ ਦੇ ਆਗੂਆਂ ਦਰਮਿਆਨ ਹੋਣ ਵਾਲੀ ਮੀਟਿੰਗ ਤੋਂ ਜਾਣੂ ਲੋਕਾਂ ਨੇ ਕਿਹਾ ਕਿ ਪਾਵਰ ਸੈਕਟਰ ਵਿੱਚ ਸਹਿਯੋਗ ਵਧਾਉਣਾ ਸਿਖਰਲੀ ਤਰਜੀਹ ਰਹੇਗੀ। ਦੋਵਾਂ ਪ੍ਰਧਾਨ ਮੰਤਰੀਆਂ ਵੱਲੋਂ ਭਾਰਤ-ਨੇਪਾਲ ਵਿਕਾਸ ਭਾਈਵਾਲੀ ’ਤੇ ਵੀ ਨਜ਼ਰਸਾਨੀ ਕੀਤੀ ਜਾ ਸਕਦੀ ਹੈ, ਜੋ ਦੁਵੱਲੇ ਰਿਸ਼ਤਿਆਂ ਦਾ ਅਹਿਮ ਥੰਮ੍ਹ ਹੈ। ਪ੍ਰਚੰਡ ਦੇ ਦਿੱਲੀ ਹਵਾਈ ਅੱਡੇ ’ਤੇ ਪੁੱਜਣ ਮੌਕੇ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਚੰਡ ਇਸ ਤੋਂ ਪਹਿਲਾਂ ਸਾਲ 2016 ਤੇ 2018 ਵਿੱਚ ਵੀ ਪ੍ਰਧਾਨ ਮੰਤਰੀ ਦੀ ਹੈਸੀਅਤ ਵਿੱਚ ਭਾਰਤ ਦੌਰੇੇ ’ਤੇ ਆਏ ਸਨ। ਪ੍ਰਚੰਡ ਆਪਣੀ ਫੇਰੀ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਵੀ ਮਿਲਣਗੇ।