ਨਵੀਂ ਦਿੱਲੀ, 2 ਜੂਨ
ਕੇਂਦਰ ਨੇ ਇਸ ਸਾਲ ਘੱਟੋ ਘੱਟ ਸਮਰਥਨ ਮੁੱਲ ’ਤੇ ਕਿਸਾਨਾਂ ਤੋਂ ਹੁਣ ਤੱਕ 262 ਲੱਖ ਟਨ ਕਣਕ ਖ਼ਰੀਦੀ ਹੈ ਅਤੇ ਕਿਸਾਨਾਂ ਨੂੰ 47 ਹਜ਼ਾਰ ਕਰੋੜ ਦੇ ਕਰੀਬ ਅਦਾਇਗੀ ਕੀਤੀ ਹੈ। ਖਾਧ ਮੰਤਰਾਲੇ ਵੱਲੋਂ ਜਾਰੀ ਕੀਤੀ ਗਏ ਬਿਆਨ ਵਿੱਚ ਕਿਹਾ ਗਿਆ ਹੈ,‘ਮੌਜੂਦਾ ਹਾੜੀ ਦੇ ਮੰਡੀਕਰਨ ਸੀਜ਼ਨ 2023-24 ਦੌਰਾਨ ਕਣਕ ਦੀ ਖਰੀਦ ਸੁਚਾਰੂ ਢੰਗ ਨਾਲ ਹੋਈ ਹੈ। ਮੌਜੂਦਾ ਸੀਜ਼ਨ ਵਿੱਚ 30 ਮਈ ਤੱਕ ਕਣਕ ਦੀ ਪ੍ਰਗਤੀਸ਼ੀਲ ਖਰੀਦ 262 ਲੱਖ ਟਨ ਹੈ, ਜੋ ਪਿਛਲੇ ਸਾਲ ਦੀ ਕੁੱਲ ਖਰੀਦ 188 ਲੱਖ ਟਨ ਤੋਂ 74 ਲੱਖ ਵੱਧ ਹੈ। ਬਿਆਨ ਮੁਤਾਬਿਕ ਲਗਪਗ 47 ਹਜ਼ਾਰ ਕਰੋੜ ਰੁਪਏ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਅਦਾਇਗੀ ਨਾਲ ਕਰੀਬ 21.27 ਲੱਖ ਕਿਸਾਨ ਕਣਕ ਦੀ ਖਰੀਦ ਤੋਂ ਲਾਹਾ ਖੱਟ ਚੁੱਕੇ ਹਨ। ਜ਼ਿਕਰਯੋਗ ਹੈ ਕਿ ਹਾੜੀ ਦਾ ਮੰਡੀਕਰਨ ਸੀਜ਼ਨ ਅਪਰੈਲ ਤੋਂ ਮਾਰਚ ਤੱਕ ਚੱਲਦਾ ਹੈ। ਹਾਲਾਂਕਿ ਕਣਕ ਦੀ ਵੱਧ ਤੋਂ ਵੱਧ ਥੋਕ ਖ਼ਰੀਦ ਅਪਰੈਲ ਤੋਂ ਜੂਨ ਦੇ ਵਿਚਾਲੇ ਕੀਤੀ ਜਾਂਦੀ ਹੈ। ਕਣਕ ਹਾੜੀ ਦੀ ਮੁੱੱਖ ਫ਼ਸਲ ਹੈ। ਖ਼ਰੀਦ ਵਿੱਚ ਜ਼ਿਆਦਾਤਰ ਯੋਗਦਾਨ ਪੰਜਾਬ, ਮੱਧ ਪ੍ਰਦੇਸ਼ ਤੇ ਹਰਿਆਣਾ ਪਾਉਂਦੇ ਹਨ। ਇਨ੍ਹਾਂ ਸੂਬਿਆਂ ਤੋਂ ਕ੍ਰਮਵਾਰ 121.27 ਲੱਖ ਟਨ, 70.98 ਲੱਖ ਟਨ ਅਤੇ 63.17 ਲੱਖ ਟਨ ਖ਼ਰੀਦ ਕੀਤੀ ਗਈ ਹੈ।
ਮੰਤਰਾਲੇ ਨੇ ਖਰੀਦ ਵਧਣ ਲਈ ਬੇਮੌਸਮੀ ਬਾਰਿਸ਼ ਕਾਰਨ ਪ੍ਰਭਾਵਿਤ ਕਣਕ ਦੀ ਗੁਣਵਤਾ ਮਾਪਦੰਡਾਂ ਵਿੱਚ ਛੋਟ, ਗ੍ਰਾਮ ਪੰਚਾਇਤ ਦੇ ਪੱਧਰ ’ਤੇ ਖ਼ਰੀਦ ਕੇਂਦਰਾਂ ਦੇ ਖੁੱਲ੍ਹਣ, ਸਹਿਕਾਰੀ ਸਮਿਤੀਆਂ /ਗ੍ਰਾਮ ਪੰਚਾਇਤਾਂ/ ਆੜ੍ਹਤੀਆਂ ਆਦਿ ਦੇ ਮਾਧਿਅਮ ਰਾਹੀਂ ਕੀਤੀ ਗਈ ਖ਼ਰੀਦ ਕਾਰਨ ਦੱਸੇ ਹਨ। ਚੌਲਾਂ ਦੀ ਖ਼ਰੀਦ ਸਬੰਧੀ ਕਿਹਾ ਗਿਆ ਹੈ,‘ਸਾਉਣੀ ਮੰਡੀਕਰਨ ਸੀਜ਼ਨ 2022-23 ਦੌਰਾਨ 30 ਮਈ ਤੱਕ 385 ਲੱਖ ਟਨ ਚਾਵਲ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ 110 ਟਨ ਚਾਵਲ ਦੀ ਖ਼ਰੀਦ ਕੀਤੀ ਜਾਣੀ ਬਾਕੀ ਹੈ।-ਪੀਟੀਆਈ