ਨਵੀਂ ਦਿੱਲੀ, 27 ਮਾਰਚ, (ਯੂ.ਐਨ.ਆਈ.)- ਕੋਵਿਡ-19 ਮਹਾਂਮਾਰੀ ਦੀ ਰੋਕਥਾਮ ਲਈ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਦੋ ਸਾਲਾਂ ਤੱਕ ਬੰਦ ਰਹਿਣ ਤੋਂ ਬਾਅਦ, ਭਾਰਤ ਤੋਂ ਨਿਯਮਤ ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਐਤਵਾਰ ਯਾਨੀ ਅੱਜ ਤੋਂ ਮੁੜ ਸ਼ੁਰੂ ਹੋਣ ਜਾ ਰਿਹਾ ਹੈ। ਹਵਾਈ ਅੱਡਿਆਂ ਅਤੇ ਏਅਰਲਾਈਨਾਂ ਨੇ ਦੋ ਸਾਲਾਂ ਬਾਅਦ ਨਿਯਮਤ ਅੰਤਰਰਾਸ਼ਟਰੀ ਉਡਾਣਾਂ ਚਲਾਉਣ ਲਈ ਆਪਣੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਭਾਰਤੀ ਏਅਰਲਾਈਨਾਂ ਤੋਂ ਇਲਾਵਾ, ਅਮੀਰਾਤ ਅਤੇ ਵਰਜਿਨ ਐਟਲਾਂਟਿਕ ਵਰਗੀਆਂ ਵਿਦੇਸ਼ੀ ਏਅਰਲਾਈਨਾਂ ਵੀ ਨਿਯਮਤ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਕੋਰੋਨਾ ਕਾਰਨ ਦੋ ਸਾਲਾਂ ਤੋਂ ਬੰਦ ਪਈਆਂ ਅੰਤਰਰਾਸ਼ਟਰੀ ਉਡਾਣਾਂ ਐਤਵਾਰ ਤੋਂ ਸ਼ੁਰੂ ਹੋ ਰਹੀਆਂ ਹਨ। 40 ਦੇਸ਼ਾਂ ਲਈ 6 ਭਾਰਤੀ ਅਤੇ 60 ਵਿਦੇਸ਼ੀ ਏਅਰਲਾਈਨਜ਼ ਦੀਆਂ ਉਡਾਣਾਂ ਸ਼ੁਰੂ ਹੋਣਗੀਆਂ। ਭਾਰਤ ਤੋਂ ਹਫ਼ਤਾਵਾਰੀ 3,249 ਉਡਾਣਾਂ ਹੋਣਗੀਆਂ ਪਰ ਚੀਨ ਲਈ ਇੱਕ ਵੀ ਉਡਾਣ ਨਹੀਂ ਹੈ। ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਉਮੀਦ ਹੈ ਕਿ ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਨਿਯਮਤ ਅੰਤਰਰਾਸ਼ਟਰੀ ਉਡਾਣਾਂ ਵਿੱਚ ਕਾਫ਼ੀ ਵਾਧਾ ਹੋਵੇਗਾ। ਕੋਰੋਨਾ ਮਹਾਂਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਵਾਬਾਜ਼ੀ ਉਦਯੋਗ ਹੌਲੀ-ਹੌਲੀ ਪਟੜੀ ’ਤੇ ਆ ਰਿਹਾ ਹੈ ਅਤੇ ਨਿਯਮਤ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ ਨਾਲ ਇਸ ’ਚ ਨਵੀਂ ਜਾਨ ਆਉਣ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਭਾਰਤ ਵਿੱਚ ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ 23 ਮਾਰਚ 2020 ਤੋਂ ਬੰਦ ਕਰ ਦਿੱਤਾ ਗਿਆ ਹੈ। ਕੋਵਿਡ ਮਹਾਂਮਾਰੀ ਦੀ ਪਹਿਲੀ ਲਹਿਰ ਦੇ ਆਉਣ ਨਾਲ, ਇਸ ਨੂੰ ਰੋਕ ਦਿੱਤਾ ਗਿਆ ਅਤੇ ਸਮੇਂ ਦੇ ਨਾਲ ਇਹ ਪਾਬੰਦੀ ਵਧਦੀ ਗਈ ਪਰ ਹੁਣ ਇਸ ਪਾਬੰਦੀ ਨੂੰ ਖਤਮ ਕਰਨ ਦਾ ਸਮਾਂ ਆ ਗਿਆ ਹੈ। ਐਤਵਾਰ ਤੋਂ ਭਾਰਤ ਤੋਂ ਅੰਤਰਰਾਸ਼ਟਰੀ ਉਡਾਣਾਂ ਨਿਯਮਤ ਤੌਰ ’ਤੇ ਸ਼ੁਰੂ ਹੋਣਗੀਆਂ।