ਦਲਜੀਤ ਕੌਰ
ਐੱਸ. ਏ. ਐੱਸ. ਨਗਰ, 2 ਸਤੰਬਰ, 2023: ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦੇ ਆਗੂਆਂ ਦੀ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਨਾਲ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਸੁਨਾਮ ਊਧਮ ਸਿੰਘ ਵਾਲਾ ਵਿਖੇ ਮੀਟਿੰਗ ਹੋਈ ਜਿਸ ਵਿੱਚ ਨੌਵੀਂ ਕਲਾਸ ਦੀ ਅੰਗਰੇਜ਼ੀ ਦੀ ਕਿਤਾਬ ਵਿਚ ਸ਼ਹੀਦ ਊਧਮ ਸਿੰਘ ਜੀ ਬਾਰੇ ਛਪੇ ਗਲ਼ਤ ਤੱਥਾਂ ਬਾਰੇ ਬੋਰਡ ਅਧਿਕਾਰੀਆਂ ਨੂੰ ਧਿਆਨ ਵਿੱਚ ਲਿਆਂਦਾ।
ਮੰਚ ਦੇ ਪ੍ਰਧਾਨ ਰਾਕੇਸ਼ ਕੁਮਾਰ ਨੇ ਬੋਰਡ ਅਧਿਕਾਰੀਆਂ ਨੂੰ ਦੱਸਿਆ ਕਿ ਸ਼ਹੀਦ ਊਧਮ ਸਿੰਘ ਸੰਬੰਧੀ ਛਪਿਆ ਲੇਖ ਪ੍ਰਮਾਣਿਤ ਤੱਥਾਂ ਤੋਂ ਦੂਰ ਹੈ। ਅਸੀਂ ਇੱਕ ਇੱਕ ਗਲ਼ਤ ਤੱਥ ਬਾਰੇ ਵਿਸਥਾਰ ਵਿੱਚ ਬੋਰਡ ਅਧਿਕਾਰੀਆਂ ਨੂੰ ਦੱਸਿਆ।
ਮੰਚ ਆਗੂ ਪ੍ਰਿੰਸੀਪਲ ਅਨਿਲ ਕੁਮਾਰ ਨੇ ਦੱਸਿਆ ਕਿ ਬੋਰਡ ਅਧਿਕਾਰੀਆਂ ਨੂੰ ਸਹੀ ਤੱਥਾਂ ਦੀਆਂ ਸਾਰੀਆਂ ਕਾਪੀਆਂ ਮੁਹੱਈਆ ਕਰਵਾ ਦਿੱਤੀਆਂ ਨੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਜਲਦੀ ਹੀ ਇਹਨਾਂ ਤੱਥਾਂ ਬਾਰੇ ਆਪਣੀ ਇਤਿਹਾਸ ਵਿਚ ਦੀ ਟੀਮ ਨਾਲ ਚਰਚਾ ਕਰਾਂਗੇ। ਅਸੀਂ ਵੀ ਚਾਹੁੰਦੇ ਹਾਂ ਕਿ ਸਹੀ ਲੇਖ ਛਪੇ।
ਬਲਵੀਰ ਚੰਦ ਲੌਂਗੋਵਾਲ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਨੇ ਆਪਣੀ ਅਨਮੋਲ ਜ਼ਿੰਦਗੀ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਕੀਤੀ। ਉਹ ਬ੍ਰਿਟਿਸ਼ ਸਾਮਰਾਜੀ ਲੁੱਟ ਤੇ ਉਹਨਾਂ ਵੱਲੋਂ ਕੀਤੇ ਜਾਂਦੇ ਜ਼ੁਲਮਾਂ ਦੇ ਵਿਰੁੱਧ ਸੀ ਤੇ ਵਧੀਆ ਸਮਾਜ ਸਿਰਜਣਾ ਦੀ ਗੱਲ ਕਰਦੇ ਸਨ । ਗ਼ਦਰ ਪਾਰਟੀ ਨਾਲ ਸਬੰਧ ਸੀ।ਭਗਤ ਸਿੰਘ ਨੂੰ ਆਪਣਾ ਦੋਸਤ ਦੱਸਦੇ ਸਨ।
ਮੰਚ ਆਗੂ ਰਾਮ ਸਰੂਪ ਢੈਪਈ ਤੇ ਤਰਸੇਮ ਬਾਵਾ ਨੇ ਦੱਸਿਆ ਕਿ ਇਸ ਸੰਬੰਧੀ ਮੰਚ ਨੇ ਪਹਿਲਾਂ ਹੀ ਪੱਤਰ ਈਮੇਲ ਰਾਹੀਂ ਹੀ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਤੇ ਸਿੱਖਿਆ ਮੰਤਰੀ ਪੰਜਾਬ ਨੂੰ ਭੇਜਿਆ ਹੈ ਅਤੇ ਮੰਗ ਕੀਤੀ ਹੈ ਕਿ ਗ਼ਲਤ ਤੱਥਾਂ ਵਾਲੇ ਲੇਖ ਨੂੰ ਜਲਦੀ ਬਦਲਿਆ ਜਾਵੇ।