ਬੇਖੌਫ ਲੁਟੇਰੇ : ਮਿਹਨਤ ਦੀ ਕਮਾਈ ਦੇ ਪੈਸੇ ਨਾ ਦਿੱਤੇ ਤਾਂ ਲੁਟੇਰਿਆਂ ਨੇ ਮਜਦੂਰ ਨੂੰ ਬੁਰੀ ਤਰ੍ਹਾਂ ਵੱਢਿਆ
ਜਲੰਧਰ, 16 ਅਕਤੂਬਰ : ਸ਼ਹਿਰ ’ਚ ਬੇਖੌਫ ਘੁੰਮ ਰਹੇ ਲੁਟੇਰੇ ਇਲਾਕਾ ਵਾਸੀਆਂ ਲਈ ਦਹਿਸ਼ਤ ਦਾ ਸਬੱਬ ਬਣ ਰਹੇ ਹਨ। ਖਾਸ ਕਰਕੇ ਮਜਦੂਰਾਂ ਲਈ ਲੁਟੇਰੇ ਵੱਡਾ ਡਰ ਬਣ ਗਏ ਹਨ। ਬੀਤੀ ਦੇਰ ਰਾਤ ਫੋਕਲ ਪੁਆਇੰਟ ’ਤੇ ਗਦਾਈਪੁਰ ਵਾਸੀ ਇਕ ਮਜਦੂਰ ਨੂੰ ਲੁਟੇਰਿਆਂ ਨੇ ਸਿਰਫ ਇਸ ਲਈ ਕੁੱਟਿਆ ਕਿਉਂਕਿ ਉਸ ਨੇ ਉਸ ਦੀ ਮਿਹਨਤ ਦੀ ਕਮਾਈ ’ਚੋਂ 500 ਰੁਪਏ ਨਹੀਂ ਦਿੱਤੇ। ਬੁਰੀ ਤਰ੍ਹਾਂ ਜ਼ਖ਼ਮੀ ਅਖਿਲੇਸ ਨੂੰ ਜਲੰਧਰ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਸੂਚਨਾ ਮਿਲਦੇ ਹੀ ਥਾਣਾ ਡਿਵੀਜਨ ਨੰਬਰ ਅੱਠ ਦੀ ਪੁਲਿਸ ਮੌਕੇ ’ਤੇ ਪੁੱਜੀ ਅਤੇ ਮਾਮਲਾ ਦਰਜ ਕਰਕੇ ਜਾਂਚ ਸ਼ੁੁਰੂ ਕਰ ਦਿੱਤੀ।
ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਅਖਿਲੇਸ ਨੇ ਦੱਸਿਆ ਕਿ ਉਹ ਮੂਲ ਰੂਪ ’ਚ ਝਾਰਖੰਡ ਦਾ ਰਹਿਣ ਵਾਲਾ ਹੈ। ਗਦਾਈਪੁਰ ’ਚ ਕਿਰਾਏ ਦੇ ਕਮਰੇ ’ਚ ਰਹਿੰਦਾ ਹੈ ਅਤੇ ਫੋਕਲ ਪੁਆਇੰਟ ’ਚ ਇੱਕ ਫੈਕਟਰੀ ’ਚ ਕੰਮ ਕਰਦਾ ਹੈ। ਬੀਤੀ ਰਾਤ ਲਗਭਗ 10 ਵਜੇ ਕੰਮ ਖਤਮ ਕਰਕੇ ਘਰ ਵਾਪਸ ਜਾ ਰਿਹਾ ਸੀ। ਜਦੋਂ ਆਟੋ ਚਾਲਕ ਨੂੰ ਫੋਕਲ ਪੁਆਇੰਟ ਚੌਕ ਨੇੜੇ ਛੱਡਣ ਲਈ ਕਿਹਾ ਤਾਂ ਉਸ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਹ ਪੈਦਲ ਚੱਲ ਪਿਆ। ਜਿਵੇਂ ਹੀ ਉਹ ਫੋਕਲ ਪੁਆਇੰਟ ਗੰਦੇ ਨਾਲੇ ਕੋਲ ਪਹੁੰਚਿਆ ਤਾਂ ਦੋ ਬਾਈਕ ਸਵਾਰ ਚਾਰ ਨੌਜਵਾਨ ਆਏ, ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ। ਉਨ੍ਹਾਂ ਨੇ ਆਪਣੇ ਹੱਥ ’ਚ ਤੇਜਧਾਰ ਹਥਿਆਰ ਫੜੇ ਹੋਏ ਸਨ।
ਉਨ੍ਹਾਂ ਉਸ ਨੂੰ ਆਪਣਾ ਮੋਬਾਈਲ ਦੇਣ ਲਈ ਕਿਹਾ, ਜਿਸ ਤੋਂ ਬਾਅਦ ਉਸ ਨੇ ਕਿਹਾ ਜਿਸ ਕੋਲ ਮੋਬਾਈਲ ਨਹੀਂ ਹੈ। ਅਜਿਹੇ ’ਚ ਲੁਟੇਰਿਆਂ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸੁਰੂ ਕਰ ਦਿੱਤੀਆਂ ਅਤੇ ਉਸ ਨੂੰ ਕਿਹਾ ਕਿ ਉਸ ਕੋਲ ਜੋ ਵੀ ਹੈ, ਕੱਢ ਕੇ ਉਨ੍ਹਾਂ ਨੂੰ ਦੇ ਦੇਵੇ। ਉਸ ਦੀ ਜੇਬ ’ਚ ਦਿਹਾੜੀ ਵਜੋਂ 500 ਰੁਪਏ ਸਨ, ਜੋ ਉਸ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਗੁੱਸੇ ’ਚ ਆ ਕੇ ਲੁਟੇਰਿਆਂ ਨੇ ਉਸ ’ਤੇ ਹਥਿਆਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਉਹ ਕਿਸੇ ਤਰ੍ਹਾਂ ਲੁਟੇਰਿਆਂ ਦੇ ਚੁੰਗਲ ਤੋਂ ਬਚ ਕੇ ਗਦਾਈਪੁਰ ਪਹੁੰਚ ਗਿਆ।
ਉੱਥੇ ਵੀ ਲੁਟੇਰੇ ਉਸ ਦੇ ਪਿੱਛੇ ਆਏ ਅਤੇ ਉੱਥੇ ਵੀ ਉਸ ਨੂੰ ਪੂਰੀ ਤਰ੍ਹਾਂ ਕੁੱਟਿਆ। ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ ਤਾਂ ਲੁਟੇਰੇ ਫਰਾਰ ਹੋ ਗਏ। ਇਸ ਤੋਂ ਬਾਅਦ ਲੋਕਾਂ ਨੇ ਅਖਿਲੇਸ ਨੂੰ ਹਸਪਤਾਲ ’ਚ ਭਰਤੀ ਕਰਵਾਇਆ। ਪੁਲਿਸ ਮੁਲਜਮਾਂ ਬਾਰੇ ਕੋਈ ਸੁਰਾਗ ਹਾਸਲ ਕਰਨ ਲਈ ਮੌਕੇ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।
ਡੀਸੀਪੀ ਅੰਕੁਰ ਗੁਪਤਾ ਨੇ ਦੱਸਿਆ ਕਿ ਫੋਕਲ ਪੁਆਇੰਟ ਗਦਾਈਪੁਰ ਵਿਖੇ ਕਈ ਲੁਟੇਰਿਆਂ ਨੂੰ ਕਾਬੂ ਕੀਤਾ ਗਿਆ ਹੈ। ਉੱਥੇ ਨਾਕਾਬੰਦੀ ਵਧਾ ਦਿੱਤੀ ਜਾਵੇਗੀ ਤਾਂ ਜੋ ਉੱਥੇ ਕੰਮ ਕਰਦੇ ਮਜਦੂਰਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾ ਸਕੇ। ਬੀਤੀ ਰਾਤ ਦੀ ਵਾਰਦਾਤ ’ਚ ਸ਼ਾਮਲ ਲੁਟੇਰਿਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।