ਸੁੰਦਰਤਾ ਮੁਕਾਬਲੇ ਦੇ ਵਿਰੋਧ ’ਚ ਸਾਬਕਾ ਕੌਂਸਲਰ ਵੱਲੋਂ ਵੱਖਰੇ ਤਰੀਕੇ ਨਾਲ ਪ੍ਰਦਰਸਨ
ਬਠਿੰਡਾ, 16 ਅਕਤੂਬਰ : ਸ਼ਹਿਰ ਦੇ ਗੋਨਿਆਣਾ ਰੋਡ ’ਤੇ ਸਥਿਤ ਸਵੀਟ ਮਿਲਨ ਹੋਟਲ ’ਚ 23 ਅਕਤੂਬਰ ਨੂੰ ਕਰਵਾਏ ਜਾਣ ਵਾਲੇ ਸੁੰਦਰਤਾ ਮੁਕਾਬਲੇ ਦੇ ਵਿਰੋਧ ’ਚ ਸਾਬਕਾ ਕੌਂਸਲਰ ਵਿਜੇ ਕੁਮਾਰ ਨੇ ਹੋਟਲ ਦੇ ਸਾਹਮਣੇ ਅੱਧ ਨੰਗੇ ਹੋ ਕੇ ਪ੍ਰਦਰਸਨ ਕੀਤਾ। ਵਿਜੇ ਨੇ ਪੁਲਿਸ ਪ੍ਰਸਾਸਨ ਤੋਂ ਮੰਗ ਕੀਤੀ ਕਿ ਹੋਟਲ ਮਾਲਕ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇ। ਸਾਬਕਾ ਕੌਂਸਲਰ ਨੇ ਆਰੋਪ ਲਗਾਇਆ ਕਿ ਹੋਟਲ ਮਾਲਕ ਨੇ ਅਜਿਹੇ ਸਮਾਗਮ ਲਈ ਬੁਕਿੰਗ ਕਰਵਾਕੇ ਗਲਤ ਕੰਮ ਕੀਤਾ ਹੈ, ਜਿਸ ਨੂੰ ਬਰਦਾਸਤ ਨਹੀਂ ਕੀਤਾ ਜਾ ਸਕਦਾ।
ਥਾਣਾ ਕੋਤਵਾਲੀ ਦੇ ਐਸ.ਐਚ.ਓ. ਇੰਸਪੈਕਟਰ ਪਰਵਿੰਦਰ ਸਿੰਘ ਨੇ ਸਾਬਕਾ ਕੌਂਸਲਰ ਅਤੇ ਇਲਾਕਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਜੇਕਰ ਉਕਤ ਮਾਮਲੇ ’ਚ ਹੋਟਲ ਮਾਲਕ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹੋਟਲ ਐਸੋਸੀਏਸਨ ਦੇ ਪ੍ਰਧਾਨ ਸਤੀਸ਼ ਕੁਮਾਰ ਨੇ ਵੀ ਕਿਹਾ ਕਿ ਜੇਕਰ ਹੋਟਲ ਮਾਲਕ ਦੀ ਗਲਤੀ ਸਾਹਮਣੇ ਆਉਂਦੀ ਹੈ ਤਾਂ ਐਸੋਸੀਏਸਨ ਖੁਦ ਕਾਰਵਾਈ ਕਰੇਗੀ। ਦੂਜੇ ਪਾਸੇ ਹੋਟਲ ਮਾਲਕ ਜਗਦੀਸ਼ ਗਰੋਵਰ ਨੇ ਬਠਿੰਡਾ ਵਾਸੀਆਂ ਤੋਂ ਬਿਨਾਂ ਕਿਸੇ ਸ਼ਰਤ ਸਭ ਦੇ ਸਾਹਮਣੇ ਮੁਆਫੀ ਮੰਗ ਲਈ।
ਦੱਸ ਦਈਏ ਕਿ ਵੀਰਵਾਰ ਨੂੰ ਇੰਟਰਨੈਟ ਮੀਡੀਆ ’ਤੇ ਇਕ ਪੋਸਟਰ ਵਾਇਰਲ ਹੋਇਆ ਸੀ, ਜਿਸ ’ਚ ਲਿਖਿਆ ਸੀ ਕਿ ਸੁੰਦਰਤਾ ਮੁਕਾਬਲੇ ’ਚ ਜਿੱਤਣ ਵਾਲੀ ਖੂਬਸੂਰਤ ਲੜਕੀ ਨੂੰ ਕੈਨੇਡਾ ਦੇ ਇਕ ਪੀ.ਆਰ, ਐਨ.ਆਰ.ਆਈ ਲੜਕੇ ਨਾਲ ਵਿਆਹ ਦੀ ਪੇਸ਼ਕਸ ਕੀਤੀ ਗਈ ਸੀ। ਪੋਸਟਰ ਵਾਇਰਲ ਹੋਣ ਤੋਂ ਬਾਅਦ ਜਦੋਂ ਲੋਕਾਂ ਨੇ ਵੱਡੇ ਪੱਧਰ ’ਤੇ ਵਿਰੋਧ ਕੀਤਾ ਤਾਂ ਥਾਣਾ ਕੋਤਵਾਲੀ ਦੀ ਪੁਲਿਸ ਨੇ ਮੁਕਾਬਲਾ ਕਰਵਾਉਣ ਵਾਲੇ ਮੁਲਜਮ ਰਾਮ ਦਿਆਲ ਜੌੜਾ ਅਤੇ ਉਸ ਦੇ ਪੁੱਤਰ ਸੁਰਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗਿ੍ਰਫਤਾਰ ਕਰ ਲਿਆ।
ਉੱਥੇ ਹੀ ਇਸ ਮਾਮਲੇ ‘ਚ ਐਸਐਸਪੀ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਕੀਤੀ ਗਈ ਮੁੱਢਲੀ ਪੁੱਛਗਿੱਛ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜਮਾਂ ਨੇ ਆਪਣੇ ਕਿਸੇ ਰਿਸਤੇਦਾਰ ’ਚ ਲੜਕੇ ਦਾ ਵਿਆਹ ਕਰਵਾਉਣ ਲਈ ਇਹ ਪ੍ਰੋਗਰਾਮ ਰਚਿਆ ਸੀ ਪਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਦੋਂ ਹੀ ਪਤਾ ਲੱਗ ਸਕੇਗਾ ਕਿ ਅਸਲ ਕਹਾਣੀ ਕੀ ਹੈ। ਸਨਿਚਰਵਾਰ ਨੂੰ ਹੋਟਲ ਦੇ ਸਾਹਮਣੇ ਅੱਧ ਨਗਨ ਹੋ ਕੇ ਆਏ ਸਾਬਕਾ ਕੌਂਸਲਰ ਵਿਜੇ ਕੁਮਾਰ ਨੇ ਕਿਹਾ ਕਿ ਉਕਤ ਘਟਨਾ ਨਾਲ ਪੂਰੇ ਸ਼ਹਿਰ ਦੀ ਬਦਨਾਮੀ ਹੋਈ ਹੈ।
ਹੋਟਲ ਮਾਲਕ ਜਗਦੀਸ਼ ਗਰੋਵਰ ਨੇ ਹੋਟਲ ਦੇ ਸਾਹਮਣੇ ਪ੍ਰਦਰਸਨ ਕਰ ਰਹੇ ਲੋਕਾਂ ਤੋਂ ਬਿਨਾਂ ਸਰਤ ਮੁਆਫੀ ਮੰਗਦੇ ਹੋਏ ਕਿਹਾ ਕਿ ਉਕਤ ਮਾਮਲੇ ’ਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ। ਜਿਸ ਨੇ ਵੀ ਆਪਣੇ ਹੋਟਲ ਦਾ ਨਾਂ ਲਿਖ ਕੇ ਉਕਤ ਪੋਸਟਰ ਜਾਰੀ ਕੀਤਾ ਹੈ, ਉਹ ਸਾਜਿਸ ਤਹਿਤ ਕੀਤਾ ਗਿਆ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਉਕਤ ਮਾਮਲੇ ਦੀ ਜਾਂਚ ਦੌਰਾਨ ਉਨ੍ਹਾਂ ਦੀ ਬੇਗੁਨਾਹੀ ਪਾਈ ਜਾਂਦੀ ਹੈ ਤਾਂ ਉਹ ਖੁਦ ਪੁਲਿਸ ਸਾਹਮਣੇ ਪੇਸ਼ ਹੋ ਕੇ ਉਸ ਖਿਲਾਫ਼ ਕਾਰਵਾਈ ਕਰਨਗੇ।