ਇਸਲਾਮਾਬਾਦ- ਅੱਤਵਾਦੀ ਸਮੂਹ ਇਸਲਾਮਿਕ ਸਟੇਟ (ਆਈ. ਐੱਸ.) ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਚੀਨ ਦੀ ਅਗਵਾਈ ਵਾਲੇ ਇਕ ਹੋਟਲ ‘ਤੇ ਸੋਮਵਾਰ ਨੂੰ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਹਮਲੇ ‘ਚ ਤਿੰਨ ਹਮਲਾਵਰ ਮਾਰੇ ਗਏ ਅਤੇ ਹੋਟਲ ‘ਚ ਠਹਿਰੇ ਦੋ ਲੋਕ ਜ਼ਖ਼ਮੀ ਹੋ ਗਏ।
ਸੋਸ਼ਲ ਮੀਡੀਆ ‘ਤੇ ਜਾਰੀ ਤਸਵੀਰਾਂ ਦੇ ਅਨੁਸਾਰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਵਿਚਾਲੇ ਸਥਿਤ ਕਾਬੁਲ ਲੋਂਗਨ ਹੋਟਲ ‘ਤੇ ਸੋਮਵਾਰ ਦੁਪਹਿਰ ਨੂੰ ਹਮਲਾ ਕੀਤਾ ਗਿਆ ਅਤੇ 10 ਮੰਜ਼ਿਲਾ ਇਮਾਰਤ ਤੋਂ ਧੂੰਏਂ ਦੇ ਗੁਬਾਰ ਉੱਠਦਾ ਦੇਖਿਆ ਗਿਆ ਸੀ।
ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਧਮਾਕਿਆਂ ਅਤੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਤਾਲਿਬਾਨ ਸੁਰੱਖਿਆ ਬਲਾਂ ਨੇ ਇਲਾਕੇ ‘ਚ ਪਹੁੰਚ ਗਏ ਅਤੇ ਉਨ੍ਹਾਂ ਨੇ ਘਟਨਾ ਵਾਲੀ ਥਾਂ ਵੱਲ ਜਾਣ ਵਾਲੀਆਂ ਸਾਰੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਹੈ। ਤਾਲਿਬਾਨ ਦੁਆਰਾ ਨਿਯੁਕਤ ਕੀਤੇ ਗਏ ਪੁਲਸ ਬੁਲਾਰੇ ਖਾਲਿਦ ਜ਼ਦਰਾਨ ਨੇ ਕਿਹਾ ਕਿ ਇਹ ਹਮਲਾ ਕਈ ਘੰਟਿਆਂ ਤੱਕ ਜਾਰੀ ਰਿਹਾ। ਹਮਲੇ ਦੇ ਕੁਝ ਘੰਟਿਆਂ ਬਾਅਦ, ਇਸਲਾਮਿਕ ਸਟੇਟ ਦੇ ਇੱਕ ਸਥਾਨਕ ਸਹਿਯੋਗੀ ਨੇ ਜ਼ਿੰਮੇਵਾਰੀ ਲਈ। ਇਸਲਾਮਿਕ ਸਟੇਟ ਤਾਲਿਬਾਨ ਦਾ ਵਿਰੋਧੀ ਸਮੂਹ ਹੈ।
ਇਸਲਾਮਿਕ ਸਟੇਟ ਨੇ ਆਪਣੇ ਟੈਲੀਗ੍ਰਾਮ ਚੈਨਲ ‘ਤੇ ਜਾਰੀ ਇਕ ਬਿਆਨ ‘ਚ ਦਾਅਵਾ ਕੀਤਾ ਹੈ ਕਿ ਉਸ ਦੇ ਦੋ ਮੈਂਬਰਾਂ ਨੇ ਹੋਟਲ ‘ਤੇ ਹਮਲਾ ਕੀਤਾ, ਕਿਉਂਕਿ ਇਹ ਅਕਸਰ ਡਿਪਲੋਮੈਟਾਂ ਦੁਆਰਾ ਵਰਤਿਆ ਜਾਂਦਾ ਹੈ ਅਤੇ “ਕਮਿਊਨਿਸਟ ਪਾਰਟੀ ਦੁਆਰਾ ਸ਼ਾਸਿਤ ਚੀਨ” ਦੀ ਮਲਕੀਅਤ ਹੈ।
ਤਾਲਿਬਾਨ ਅਧਿਕਾਰੀਆਂ ਮੁਤਾਬਕ ਹਮਲੇ ‘ਚ ਤਿੰਨ ਹਮਲਾਵਰ ਮਾਰੇ ਗਏ, ਜਦਕਿ ਆਈ.ਐੱਸ ਨੇ ਦਾਅਵਾ ਕੀਤਾ ਕਿ ਹਮਲੇ ‘ਚ ਉਸ ਦੇ ਦੋ ਮੈਂਬਰ ਸ਼ਾਮਲ ਸਨ।