ਪੁਲਿਸ ਭਰਤੀ ਪ੍ਰੀਖਿਆ ’ਚ ਨਕਲ ਕਰਦਾ ਸਾਬਕਾ ਏਐਸਆਈ ਦਾ ਪੁੱਤਰ ਗ੍ਰਿਫ਼ਤਾਰ
ਬਨੂਡ, 16 ਅਕਤੂਬਰ : ਸਵਾਮੀ ਵਿਵੇਕਾਨੰਦ ਕਾਲਜ ਵਿਖੇ ਪੰਜਾਬ ਪੁਲਿਸ ਦੀ ਹੋ ਰਹੀ ਲਿਖਤੀ ਪ੍ਰੀਖਿਆ ’ਚ ਨਕਲ ਕਰਨ ਵਾਲੇ ਵਿਦਿਆਰਥੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਉਸ ਖਿਲਾਫ ਮਾਮਲਾ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀ ਪੰਜਾਬ ਪੁਲਿਸ ਦੇ ਸੇਵਾਮੁਕਤ ਏਐਸਆਈ ਦਾ ਪੁੱਤਰ ਹੈ।
ਥਾਣਾ ਮੁਖੀ ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਸਵਾਮੀ ਵਿਵੇਕਾਨੰਦ ਇੰਜੀਨੀਅਰਿੰਗ ਕਾਲਜ ਵਿਖੇ ਪੰਜਾਬ ਪੁਲਿਸ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਚੱਲ ਰਹੀ ਹੈ। ਉਥੇ ਇਨ੍ਹਾਂ ਪ੍ਰੀਖਿਆਵਾਂ ਲਈ ਤਾਇਨਾਤ ਲੈਕਚਰਾਰ ਲਤਰੇਤ ਫਾਤਿਮਾ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਲਿਖਤੀ ਪ੍ਰੀਖਿਆ ਦੇਣ ਦੇ ਇਕ ਵਿਦਿਆਰਥੀ ਦਾ ਜਦੋਂ ਉਨ੍ਹਾਂ ਨੇ ਰੋਲ ਨੰਬਰ ਦੇਖਿਆ ਤਾਂ ਉਸ ਦੇ ਰੋਲ ਨੰਬਰ ਦੇ ਹੇਠਾਂ ਇਕ ਪੇਪਰ ਪਿਆ ਸੀ ਜਿਸ ’ਤੇ ਕੁਝ ਪ੍ਰਸ਼ਨਾਂ ਦੇ ਉੱਤਰ ਲਿਖੇ ਹੋਏ ਸਨ। ਇਸ ਤੋਂ ਬਾਅਦ ਲੈਕਚਰਾਰ ਨੇ ਇਹ ਸੂਚਨਾ ਪੁਲਿਸ ਨੂੰ ਦਿੱਤੀ।
ਸੂਚਨਾ ਮਿਲਦੇ ਹੀ ਉਨ੍ਹਾਂ ਏਐਸਆਈ ਪਰਮਜੀਤ ਸਿੰਘ ਨੂੰ ਸਮੇਤ ਪੁਲਿਸ ਪਾਰਟੀ ਮੌਕੇ ’ਤੇ ਭੇਜਿਆ ਤਾਂ ਉਥੇ ਮੌਜੂਦ ਲੈਕਚਰਾਰ ਨੇ ਵਿਦਿਆਰਥੀ ਕੋਲੋਂ ਫੜੇ ਗਏ ਪੇਪਰ ਵਿਖਾਏ। ਜਿਸ ’ਤੇ ਬਹੁਤ ਸਾਰੇ ਪ੍ਰਸ਼ਨਾਂ ਦੇ ਉੱਤਰ ਲਿਖੇ ਹੋਏ ਸਨ। ਪੁਲਿਸ ਨੇ ਮੁਲਜ਼ਮ ਨੌਜਵਾਨ ਨੂੰ ਮੌਕੇ ’ਤੇ ਹੀ ਕਾਬੂ ਕਰ ਕੇ ਉਸ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਨੌਜਵਾਨ ਦੀ ਪਹਿਚਾਣ ਕੰਵਰਪਾਲ ਸਿੰਘ ਪੁੱਤਰ ਰਾਮਜੀਤ ਸਿੰਘ ਵਾਸੀ ਪਿੰਡ ਬਡਵਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਵਜੋਂ ਹੋਈ।