ਡਰੋਨ ਆਧਾਰਿਤ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼, ਇਕ ਕੈਦੀ ਸਮੇਤ ਦੋ ਗ੍ਰਿਫ਼ਤਾਰ
ਚੰਡੀਗੜ੍ਹ, 5 ਅਕਤੂਬਰ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਵਿੱਢੀ ਗਈ ਜੰਗ ਤਹਿਤ ਇੱਕ ਹੋਰ ਸਫਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਇੱਕ ਕੈਦੀ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਡਰੋਨ ਅਧਾਰਤ ਹਥਿਆਰਾਂ/ਗੋਲੀ ਸਿੱਕੇ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਤਰਨਤਾਰਨ ਦੇ ਭਿੱਖੀਵਿੰਡ ਦੇ ਜਸਕਰਨ ਸਿੰਘ ਜੋ ਇਸ ਸਮੇਂ ਸਬ-ਜੇਲ ਗੋਇੰਦਵਾਲ ਸਾਹਿਬ ’ਚ ਬੰਦ ਹੈ ਅਤੇ ਰਤਨਬੀਰ ਸਿੰਘ ਵਾਸੀ ਤਰਨਤਾਰਨ ਖੇਮਕਰਨ ਜਮਾਨਤ ’ਤੇ ਰਿਹਾਅ ਹੈ ਵਜੋਂ ਹੋਈ ਹੈ । ਪੁਲਿਸ ਨੇ ਦੋਵਾਂ ਕੋਲੋਂ ਪੰਜ 30 ਬੋਰ (ਚਾਈਨਾ ’ਚ ਬਣੇ) ਅਤੇ ਪੰਜ 9 ਐਮਐਮ (ਯੂਐਸਏ ਅਧਾਰਤ ਬਰੇਟਾ ) ਸਮੇਤ 10 ਵਿਦੇਸ਼ੀ ਪਿਸਤੌਲਾਂ ਅਤੇ 8 ਸਪੇਅਰ ਮੈਗਜੀਨਾਂ ਤੋਂ ਇਲਾਵਾ ਜਸਕਰਨ ਵੱਲੋਂ ਆਪਣੀ ਬੈਰਕ ’ਚ ਛੁਪਾਇਆ ਇੱਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਹੈ।
ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਮੁਲਜਮ ਜਸਕਰਨ ਸਿੰਘ ਨੂੰ ਐਨਡੀਪੀਐਸ ਐਕਟ ਨਾਲ ਸਬੰਧਤ ਇੱਕ ਕੇਸ, ਜੋ ਅਗਸਤ 2022 ’ਚ ਐਸਐਸਓਸੀ ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ ਸੀ ’ਚ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਸੀ ।
ਪੁਛਗਿੱਛ ਦੌਰਾਨ ਜਸਕਰਨ ਨੇ ਕਬੂਲਿਆ ਕਿ ਉਹ ਡਰੋਨ ਰਾਹੀਂ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ / ਗੋਲੀ ਸਿੱਕੇ ਦੀ ਤਸਕਰੀ ਸਬੰਧੀ ਵਟਸਐਪ ਰਾਹੀਂ ਪਾਕਿਸਤਾਨ ਸਥਿਤ ਤਸਕਰਾਂ ਨਾਲ ਸੰਪਰਕ ਕਰਨ ਲਈ ਜੇਲ ’ਚ ਮੋਬਾਈਲ ਫੋਨ ਦੀ ਵਰਤੋਂ ਕਰ ਰਿਹਾ ਸੀ।
ਏਆਈਜੀ ਨੇ ਦੱਸਿਆ ਕਿ ਇਸ ਮੰਤਵ ਲਈ ਮੁਲਜਮ ਰਤਨਬੀਰ ਦੀ ਮਦਦ ਲੈ ਰਿਹਾ ਸੀ, ਜੋ ਵੱਖ-ਵੱਖ ਸਰਹੱਦੀ ਇਲਾਕਿਆਂ ਤੋਂ ਡਰੋਨ ਰਾਹੀਂ ਸੁੱਟੀਆਂ ਗਈਆਂ ਖੇਪਾਂ ਨੂੰ ਹਾਸਲ ਕਰਦਾ ਸੀ। ਜਿਕਰਯੋਗ ਹੈ ਕਿ ਰਤਨਬੀਰ ਵੀ ਜਸਕਰਨ ਸਿੰਘ ਨਾਲ ਐਨਡੀਪੀਐਸ ਦੇ ਕਈ ਕੇਸਾਂ ’ਚ ਸਹਿ-ਮੁਲਜਮ ਹੈ।
ਉਨ੍ਹਾਂ ਦੱਸਿਆ ਕਿ ਮੁਲਜਮ ਜਸਕਰਨ ਵੱਲੋਂ ਤਰਨਤਾਰਨ-ਫਿਰੋਜ਼ਪੁਰ ਰੋਡ ’ਤੇ ਸਥਿਤ ਪਿੰਡ ਪਿੱਧੀ ਵਿਖੇ ਦੱਸੇ ਟਿਕਾਣੇ ਤੋਂ ਪੰਜ .30 ਬੋਰ ਦੇ ਪਿਸਤੌਲ ਅਤੇ ਚਾਰ ਵਾਧੂ ਮੈਗਜੀਨਾਂ ਸਮੇਤ ਇੱਕ ਖੇਪ ਬਰਾਮਦ ਕੀਤੀ ਗਈ ਹੈ, ਜਿਸ ਨੂੰ ਰਤਨਬੀਰ ਵੱਲੋਂ 28 ਅਤੇ 28 ਸਤੰਬਰ 2022 ਦੀ ਦਰਮਿਆਨੀ ਰਾਤ ਨੂੰ ਛੁਪਾਇਆ ਗਿਆ ਸੀ।
ਏ.ਆਈ.ਜੀ.ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਜਸਕਰਨ ਵੱਲੋਂ ਦਿੱਤੀ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀਆਂ ਪੁਲਿਸ ਟੀਮਾਂ ਨੇ ਰਤਨਬੀਰ ਨੂੰ ਖੇਮਕਰਨ ਤੋਂ ਗਿ੍ਫਤਾਰ ਕਰਨ ’ਚ ਕਾਮਯਾਬੀ ਹਾਸਲ ਕੀਤੀ ਹੈ ਅਤੇ ਉਸ ਦੇ ਖੁਲਾਸੇ ’ਤੇ 9 ਐਮਐਮ ਦੇ ਪੰਜ ਹੋਰ ਪਿਸਤੌਲਾਂ ਸਮੇਤ ਚਾਰ ਵਾਧੂ ਮੈਗਜੀਨ ਬਰਾਮਦ ਕੀਤੇ ਹਨ, ਜੋ ਕਿ ਉਸ ਨੇ ਖੇਮਕਰਨ ਦੇ ਪਿੰਡ ਮਾਛੀਕੇ ਵਿਖੇ ਡਰੇਨ ਨੇੜੇ ਛੁਪਾਏ ਹੋਏ ਸਨ।
ਜ਼ਿਕਰਯੋਗ ਹੈ ਕਿ ਥਾਣਾ ਐਸ.ਐਸ.ਓ.ਸੀ ਅੰਮਿ੍ਰਤਸਰ ਵਿਖੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫਆਈਆਰ ਨੰਬਰ 30 ਮਿਤੀ 04.10.2022 ਨੂੰ ਦਰਜ ਕਰ ਲਿਆ ਗਿਆ ਹੈ।