ਏਡੀਜੀਪੀ ਅਰਪਿਤ ਸ਼ੁਕਲਾ ਨੂੰ ਮਿਲੇ ਕਿਸਾਨ ਆਗੂ, ਸੰਘਰਸਾਂ ਦੌਰਾਨ ਦਰਜ ਕੇਸ ਰੱਦ ਕਰਵਾਉਣ ਦੀ ਕੀਤੀ ਮੰਗ
ਚੰਡੀਗੜ੍ਹ, 29 ਅਕਤੂਬਰ : ਪੇਂਡੂ ਅਤੇ ਖੇਤ ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂਆਂ ਨਾਲ ਏਡੀਜੀਪੀ ਲਾਅ ਐਂਡ ਆਰਡਰ ਅਰਪਿਤ ਸੁਕਲਾ ਵੱਲੋਂ ਪੁਲਿਸ ਹੈੱਡਕੁਆਰਟਰ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ। ਇਸ ਦੌਰਾਨ ਸੰਘਰਸਾਂ ਦੌਰਾਨ ਦਰਜ ਕੇਸ ਰੱਦ ਕਰਨ, ਸਮਾਜਿਕ ਜਬਰ ਨਾਲ ਸੰਬੰਧਿਤ ਮਸਲਿਆਂ ’ਚ ਪੀੜ੍ਹਤਾਂ ਨੂੰ ਨਿਆਂ ਦਿਵਾਉਣ ਅਤੇ ਐਸਸੀਐਸਟੀ ਪਰੋਵੈਨਸਨ ਆਫ ਐਟਰੋਸਿਟੀ ਐਕਟ ਤਹਿਤ ਦਰਜ ਕੇਸਾਂ ’ਚ ਰਾਜੀਨਾਮਾ ਕਰਾਉਣ ਲਈ ਮਜਬੂਰ ਕਰਨ ਖਾਤਰ ਪੀੜਤਾਂ ਵਿਰੁੱਧ ਦਰਜ ਝੂਠੇ ਕਰਾਸ ਕੇਸ ਖਤਮ ਕਰਨ ਅਤੇ ਸਮਾਜਿਕ ਜਬਰ ਦੇ ਜਿਨ੍ਹਾਂ ਕੇਸਾਂ ’ਚ ਐੱਸਸੀਐੱਸਟੀ ਐਕਟ ਤਹਿਤ ਕਾਰਵਾਈ ਨਹੀਂ ਹੋ ਰਹੀ ਸੰਬੰਧੀ ਮਸਲਿਆਂ ਨੂੰ ਲੈ ਕੇ ਮੀਟਿੰਗ ’ਚ ਵਿਚਾਰ-ਵਟਾਂਦਰਾ ਕੀਤਾ।
ਇਸ ਉਪਰੰਤ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ ਅਤੇ ਮਸਲਿਆਂ ਦੇ ਨਿਪਟਾਰੇ ਲਈ ਜਥੇਬੰਦੀਆਂ ਦੇ ਆਗੂਆਂ ਨਾਲ 7 ਨਵੰਬਰ ਨੂੰ ਆਈਜੀ ਬਾਰਡਰ ਰੇਂਜ, 9 ਨਵੰਬਰ ਨੂੰ ਲੁਧਿਆਣਾ ਰੇਂਜ ਤੇ ਬਠਿੰਡਾ ਰੇਂਜ, 10 ਨਵੰਬਰ ਨੂੰ ਜਲੰਧਰ ਰੇਂਜ ਅਤੇ 14 ਨਵੰਬਰ ਨੂੰ ਆਈਜੀ ਪਟਿਆਲਾ ਰੇਂਜ ਮੀਟਿੰਗ ਕਰਨਗੇ। ਇਸ ਸੰਬੰਧੀ ਮੀਟਿੰਗ ’ਚ ਹਾਜਰ ਪੁਲਿਸ ਅਧਿਕਾਰੀਆਂ ਵੱਲੋਂ ਉਪਰੋਕਤ ਮੀਟਿੰਗਾਂ ਤੋਂ ਪਹਿਲਾਂ ਬੁੱਧਵਾਰ ਤੱਕ ਸੰਬੰਧਤ ਆਦੇਸ਼ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ।
ਮੀਟਿੰਗ ’ਚ ਪੁਲਿਸ ਪ੍ਰਸਾਸਨ ਵੱਲੋਂ ਏਡੀਜੀਪੀ ਲਾਅ ਐਂਡ ਆਰਡਰ ਅਰਪਿਤ ਸੁਕਲਾ, ਏਆਈਜੀ ਪੀਪੀਸਿੰਘ ਮੰਡ ਆਦਿ ਅਤੇ ਸਾਂਝੇ ਮੋਰਚੇ ’ਚ ਸਾਮਲ ਪੇਂਡੂ ਮਜਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸਮੀਰ ਸਿੰਘ ਘੁੱਗਸੋਰ, ਪੰਜਾਬ ਖੇਤ ਮਜਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ, ਪੰਜਾਬ ਖੇਤ ਮਜਦੂਰ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ, ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਮੱਖਣ ਸਿੰਘ ਰਾਮਗੜ੍ਹ ਅਤੇ ਜਮੀਨ ਪ੍ਰਾਪਤੀ ਸੰਘਰਸ ਕਮੇਟੀ ਦੇ ਪ੍ਰਧਾਨ ਮੁਕੇਸ ਮਾਲੌਦ ਸ਼ਾਮਲ ਹੋਏ।
ਮਜਦੂਰ ਆਗੂਆਂ ਨੇ ਆਰੋਪ ਲਗਾਇਆ ਕਿ ਸੂਬਾ ਸਰਕਾਰ ਵੱਲੋਂ ਭਾਵੇਂ ਐਲਾਨ ਬਿਆਨ ਦਾਗ ਕੇ ਕਿਸਾਨਾਂ ਮਜਦੂਰਾਂ ਖਿਲਾਫ ਸੰਘਰਸਾਂ ਦੌਰਾਨ ਦਰਜ ਕੇਸ ਰੱਦ ਕਰਨ ਲਈ ਗੱਲਾਂ ਕੀਤੀਆਂ ਜਾ ਰਹੀਆਂ ਲੇਕਿਨ ਮਜਦੂਰਾਂ ਖਿਲਾਫ ਦਰਜ ਰੱਦ ਕਰਨ ਤੋਂ ਆਨਾ ਕਾਨੀ ਹੀ ਨਹੀਂ ਕੀਤੀ ਜਾ ਰਹੀ ਸਗੋਂ ਪੂਰਾ ਜੋਰ ਲਗਾ ਕੇ ਦਰਜ ਕੇਸਾਂ ’ਚ ਪੂਰੀ ਦਿਲਚਸਪੀ ਲੈ ਕੇ ਆਗੂਆਂ ਨੂੰ ਸਜਾਵਾਂ ਦਿਵਾਉਣ ਲਈ ਪੁਲਿਸ ਅਫਸਰਾਂ ਵੱਲੋਂ ਅਦਾਲਤਾਂ ’ਚ ਬਿਆਨ ਦਰਜ ਕਰਵਾਏ ਜਾ ਰਹੇ ਹਨ। ਇਸ ਤਰ੍ਹਾਂ ਕਰਕੇ ਮਜਦੂਰਾਂ ਨੂੰ ਆਗੂ ਰਹਿਤ ਕਰਨ ਦੀਆਂ ਸਾਜਿਸਾਂ ਘੜੀਆਂ ਜਾ ਰਹੀਆਂ ਹਨ।
ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਮਜਦੂਰਾਂ ਖਿਲਾਫ ਦਰਜ ਹੋਏ ਕੇਸ ਰੱਦ ਕਰਵਾਉਣ, ਮੰਨੀਆਂ ਮਜਦੂਰ ਮੰਗਾਂ ਨੂੰ ਲਾਗੂ ਕਰਵਾਉਣ ਅਤੇ ਭਖਦੀਆਂ ਮੰਗਾਂ ਮਨਵਾਉਣ ਲਈ ਅਗਲੇ ਸੰਘਰਸ ਦੀ ਰੂਪ-ਰੇਖਾ ਉਲੀਕਣ ਲਈ ਪੇਂਡੂ ਅਤੇ ਖੇਤ ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ 31 ਅਕਤੂਬਰ ਨੂੰ ਜਲੰਧਰ ਵਿਖੇ ਮੀਟਿੰਗ ਬੁਲਾ ਲਈ ਗਈ ਹੈ।